April 30, 2026 4:09 pm

ਕਰਤਾਰਪੁਰ ਲਾਂਘੇ ਦਾ ਮੁੱਦਾ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਦਰਸ਼ਨਾਂ ਲਈ ਲਾਂਘੇ ਦਾ ਮੁੱਦਾ ਕਾਫੀ ਧਿਆਨ ਖਿੱਚ ਰਿਹਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਤੋਂ ਬਾਅਦ ਇਸ ਮੁੱਦੇ ’ਤੇ ਲਗਾਤਾਰ ਚਰਚਾ ਜਾਰੀ ਹੈ। ਪਾਕਿਸਤਾਨ ਦੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵੱਲੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਮੌਕੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਦੇਣ ਦੀ ਪੇਸ਼ਕਸ਼ ਤੋਂ ਬਾਅਦ ਪੰਜਾਬ ਅਤੇ ਭਾਰਤ ਸਰਕਾਰ ’ਤੇ ਵੀ ਅਜਿਹਾ ਦਬਾਅ ਬਣ ਗਿਆ ਹੈ ਕਿ ਉਹ ਇਸ ਸਬੰਧ ਵਿੱਚ ਕਾਰਵਾਈ ਲਈ ਅੱਗੇ ਵਧਣ। ਇਸ ਅਸਥਾਨ ’ਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਸਫਰ ਦੇ ਅੰਤਲੇ 17 ਸਾਲ ਬਿਤਾਏ ਸਨ। ਇਹ ਅਸਥਾਨ ਸਿੱਖਾਂ ਸਮੇਤ ਹਿੰਦੂ ਅਤੇ ਮੁਸਲਿਮ ਸ਼ਰਧਾਲੂਆਂ ਲਈ ਵੀ ਸ਼ਰਧਾ ਦਾ ਵਿਸ਼ੇਸ਼ ਕੇਂਦਰ ਹੈ। ਲਾਹੌਰ ਤੋਂ ਦੂਰੀ ਅਤੇ ਆਵਾਜਾਈ ਦੇ ਸਾਧਨਾਂ ਦੀ ਕਮੀ ਕਾਰਨ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਇਸ ਅਸਥਾਨ ਦੇ ਦਰਸ਼ਨ ਕਰਨੇ ਥੋੜ੍ਹਾ ਮੁਸ਼ਕਿਲ ਹੈ। ਜੇਕਰ ਭਾਰਤ ਦੀ ਤਰਫੋਂ ਇਸ ਅਸਥਾਨ ਲਈ ਲਾਂਘਾ ਦਿੱਤਾ ਜਾਂਦਾ ਹੈ ਤਦ ਵੱਡੀ ਗਿਣਤੀ ਸ਼ਰਧਾਲੂ ਸਹਿਜ ਨਾਲ ਇਸ ਅਸਥਾਨ ਦੇ ਦਰਸ਼ਨ ਕਰ ਸਕਣਗੇ। ਇਹ ਅਸਥਾਨ ਭਾਰਤੀ ਪੰਜਾਬ ਦੇ ਡੇਰਾ ਬਾਬਾ ਨਾਨਕ ਤੋਂ ਸਿਰਫ 4 ਕਿਲੋਮੀਟਰ ਦੀ ਦੂਰੀ ’ਤੇ ਹੈ। ਕੌਮਤਾਂਰੀ ਸਰਹੱਦ ਉ¤ਪਰ ਰਾਵੀ ਨੂੰ ਲੰਘ ਕੇ ਇਸ ਅਸਥਾਨ ਦੇ ਦਰਸ਼ਨ ਕਰਨੇ ਬਹੁਤ ਸੁਖਾਲੇ ਹਨ। ਜੇਕਰ ਭਾਰਤ ਅਤੇ ਪਾਕਿਸਤਾਨ ਸਰਕਾਰ ਇਸ ਅਸਥਾਨ ਲਈ ਲਾਂਘੇ ਦੀ ਪ੍ਰਵਾਨਗੀ ਦੇ ਦੇਣ ਤਦ ਇਸ ਨਾਲ ਕਰੋੜਾਂ ਸ਼ਰਧਾਲੂਆਂ ਦੇ ਦਿਲ ਨੂੰ ਠੰਢ ਪਵੇਗੀ। ਇਸ ਲਾਂਘੇ ਨਾਲ ਇਸ ਖੇਤਰ ਵਿੱਚ ਵਪਾਰ ਅਤੇ ਟੂਰਿਜ਼ਮ ਵਿੱਚ ਵੀ ਭਾਰੀ ਵਾਧਾ ਹੋਵੇਗਾ। ਗੁਰਦੁਆਰਾ ਸਾਹਿਬ ਲਈ ਲਾਂਘੇ ਨਾਲ ਦੋਵਾਂ ਦੇਸ਼ਾਂ ਦੀ ਸੁਰੱਖਿਆ ਨੂੰ ਵੀ ਕੋਈ ਖਤਰਾ ਨਹੀਂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਉਤਸਵ ਬਹੁਤ ਹੀ ਵੱਡੇ ਪੈਮਾਨੇ ’ਤੇ ਅਗਲੇ ਸਾਲ ਮਨਾਇਆ ਜਾ ਰਿਹਾ ਹੈ। ਇਸ ਵਿਸ਼ੇਸ਼ ਮੌਕੇ ’ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਨੂੰ ਪ੍ਰਵਾਨਗੀ ਦੇਣਾ ਬੇਹ¤ਦ ਮਹੱਤਵਪੂਰਨ ਹੋਵੇਗਾ। ਸੰਗਤਾਂ ਨੂੰ ਬਿਨਾਂ ਵੀਜ਼ੇ ਇਸ ਅਸਥਾਨ ਦੇ ਦਰਸ਼ਨ ਕਰਨ ਦੀ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ। ਇਸ ਮੁੱਦੇ ’ਤੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਇਹ ਸਾਂਝਾ ਅਤੇ ਧਾਰਮਿਕ ਮੁੱਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਪੂਰੀ ਮਾਨਵਤਾ ਦੇ ਰਹਿਨੁਮਾ ਹਨ। ਇਹ ਲਾਂਘਾ ਉਨ੍ਹਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ

Send this to a friend