ਮਾਛੀਵਾੜਾ ਸਾਹਿਬ ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਵਿਕਾਸਸ਼ੀਲ ਸ਼ਹਿਰਾਂ ਵਿਚੋਂ ਇਕ ਹੈ। ਮਾਛੀਵਾੜਾ ਸਾਹਿਬ ਗੁਰਦੁਆਰਾ ਸ੍ਰੀ ਚਰਣ ਕੰਵਲ ਸਾਹਿਬ ਲਈ ਮਸ਼ਹੂਰ ਹੈ ਇਹ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਹੈ ਅਤੇ ਇਸਦਾ ਨਾਮ ਗੁਰੂ ਦੇ ਚਰਨਾਂ ਦੇ ਨਾਮ ਤੇ ਹੈ ਜਿਸਦੀ ਤੁਲਨਾ ਕਮਲ ਦੇ ਫੁਲਾਂ ਨਾਲ ਕੀਤੀ ਗਈ ਹੈ।ਮਾਛੀਵਾੜੇ ਦਾ ਨਾਂ ਮਛੀ + ਵਰਾ (ਜ਼ਮੀਨ) ਤੋਂ ਪਿਆ। ਪੁਰਾਣੇ ਸਮੇਂ ਵਿਚ ਮਾਛੀਵਾੜਾ ਸਤਲੁਜ ਦਰਿਆ ਦੇ ਕਿਨਾਰੇ ਤੇ ਇਕ ਛੋਟਾ ਜਿਹਾ ਮਛੀਆਂ ਫੜਨ ਵਾਲਾ ਪਿੰਡ ਸੀ। ਹੁਣ, ਸਤਲੁਜ ਦਰਿਆ ਦਾ ਵਹਾਅ ਸਮੇਂ ਨਾਲ ਬਦਲ ਗਿਆ ਹੈ। ਹੁਣ ਸਤਲੁਜ ਨਦੀ ਮਾਛੀਵਾੜਾ ਤੋਂ 13 ਕਿਲੋਮੀਟਰ ਦੂਰੀ ਤੇ ਹੈ। ਹੁਮਾਯੂੰ ਅਤੇ ਅਫ਼ਗਾਨਾਂ ਵਿਚਕਾਰ ਮਾਛੀਵਾੜਾ ਦੀ ਲੜਾਈ – ਜਦੋਂ ਹੁਮਾਯੂੰ ਭਾਰਤ ਵਿਚ ਆਪਣੀ ਸ਼ਕਤੀ ਮੁੜ ਹਾਸਲ ਕਰਨ ਲਈ ਸੰਘਰਸ਼ ਕਰ ਰਿਹਾ ਸੀ ਤਾਂ ਫਰਵਰੀ 1555 ਵਿਚ ਹੁਮਾਯੂੰ ਨੇ ਲਾਹੌਰ ਨੂੰ ਪਛਾੜਿਆ।ਉਸ ਦੀ ਫੌਜ ਦੀ ਇਕ ਹੋਰ ਟੁਕੜੀ ਨੇ ਦਿਪਾਲਪੁਰ ਉਤੇ ਕਬਜ਼ਾ ਕਰ ਲਿਆ। ਇਸ ਦੇ ਨਾਲ ਹੀ ਮੁਗਲ ਫੌਜ ਨੇ ਜਲੰਧਰ ਉਤੇ ਵੀ ਕਬਜ਼ਾ ਕਰ ਲਿਆ ਅਤੇ ਉਹਨਾਂ ਦੇ ਆਧੁਨਿਕ ਸਿਪਾਹੀ ਸਿਰਹੰਦ ਵਲ ਚਲ ਪਏ। ਸਿਕੰਦਰ ਸ਼ਾਹ ਸੂਰੀ ਨੇ ਨਸੀਬ ਖਾਨ ਅਤੇ ਤਾਤਰ ਖ਼ਾਨ ਦੇ ਨਾਲ 30,000 ਘੋੜਿਆਂ ਦੀ ਸੈਨਾ ਭੇਜੀ ਪਰ ਉਹ ਮਾਛੀਵਾੜਾ ਦੀ ਲੜਾਈ ਵਿਚ ਮੁਗਲ ਫੌਜਾਂ ਦੁਆਰਾ ਹਾਰ ਗਏ।ਮਾਛੀਵਾੜਾ ਸ਼ਹਿਰ ਦਾ ਮਾਲਕ ਰਾਣਾ ਉਦੋ ਸਿੰਘ ਘੋੜੇਵਾਹਾ ਸੀ ਜਿਸ ਨੇ ਵਿਦਰੋਹੀ ਜਨਰਲ ਬੈਰਾਮ ਖਾਨ ਨੂੰ ਆਪਣੇ ਕਬਜ਼ੇ ਵਿਚ ਲੈਕੇ ਵਾਪਸੀ ਵਿਚ ਮਹਾਨ ਅਕਬਰ ਤੋਂ ਰਾਹੋਂ ਨੂੰ ਜਗੀਰ ਵਜੋਂ ਪ੍ਰਾਪਤ ਕੀਤਾ ਸੀ। ਇਹ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਦੇ ਬਹੁਤ ਸਾਰੇ ਸਥਾਨ ਘੋੜੇਵਾਹਾ ਰਾਜਪੂਤਾਂ ਦੇ ਸਨ।
ਇਹ ਸ਼ਹਿਰ ਇਤਿਹਾਸਕ ਹੈ ਕਿਉਂਕਿ ਸਿਖਾਂ ਦੇ 10 ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਦੀ ਲੜਾਈ ਤੋਂ ਬਾਅਦ ਇਸ ਸ਼ਹਿਰ ਵਿਚ ਆਏ ਸਨ। ਇਸ ਸ਼ਹਿਰ ਵਿਚ ਪ੍ਰਸਿਧ ਗੁਰਦੁਆਰੇ ਜਿਵੇਂ ਕਿ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ, ਗੁਰਦੁਆਰਾ ਸ੍ਰੀ ਚੌਬਾਰਾ ਸਾਹਿਬ, ਗੁਰਦੁਆਰਾ ਸ੍ਰੀ ਗਨੀ ਖਾਨ ਅਤੇ ਨਬੀ ਖਾਨ ਸਾਹਿਬ, ਗੁਰਦੁਆਰਾ ਸ੍ਰੀ ਕਿਰਪਾਨ ਭੇਂਟ ਸਾਹਿਬ ਸ਼ਾਮਲ ਹਨ। ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਗੁਰੂ ਜੀ ਨੇ ਇਥੇ ਇਕ ਖੂਹ ਤੇ ਪਹੁੰਚ ਕੇ ਜਲ ਪੀਤਾ ਫਿਰ ਜੰਡ ਦੇ ਦਰਖਤ ਹੇਠ ਖੂਹ ਤੋਂ ਲਿਆਂਦੀ ਮਿਟੀ ਦੀ ਟਿੰਡ ਨੂੰ ਸਿਰਹਾਣੇ ਰਖ ਕੇ ਆਰਾਮ ਕੀਤਾ। ਉਹ ਖੂਹ (ਸਰੋਵਰ ਦੇ ਨੇੜੇ)ਅਤੇ ਜੰਡ ਦਾ ਦਰਖਤ (ਗੁਰਦੁਆਰਾ ਸਾਹਿਬ ਦੇ ਸਜੇ ਪਾਸੇ) ਅਜ ਵੀ ਮੌਜੂਦ ਹਨ। ਇਥੇ ਗੁਰੂ ਜੀ ਨੇ ਪ੍ਰਮਾਤਮਾ ਨੂੰ ਯਾਦ ਕਰਦਿਆਂ ਇਹ ਸ਼ਬਦ ਉਚਾਰਨ ਕੀਤਾ:
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।।
ਤੁਧੁ ਬਿਨੁ ਰੋਗ ਰਜਾਇਯਾ ਦਾ ਓਢਣ ਨਾਗ ਨਿਵਾਸਾ ਦੇ ਰਹਣਾ।।
ਸੂਲ਼ ਸੁਰਾਹੀ ਖ਼ੰਜਰੁ ਪਿਯਾਲਾ,ਬਿੰਗੁ ਕਸਾਈਯਾ ਦਾ ਸਹਣਾ।।
ਯਾਰੜੇ ਦਾ ਸਾਨੂ ਸਥਰੁ ਚੰਗਾ ਭਠ ਖੇੜਿਆਂ ਦਾ ਰਹਣਾ।।
ਏਥੇ ਹੀ ਪੰਜ ਪਿਆਰਿਆਂ ਵਿਚੋਂ ਦੋ ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਇਕ ਸਿੰਘ ਭਾਈ ਮਾਨ ਸਿੰਘ ਗੁਰੂ ਜੀ ਨੂੰ ਆ ਮਿਲੇ। ਏਥੋਂ ਗੁਰੂ ਜੀ ਭਾਈ ਗੁਲਾਬੇ, ਪੰਜਾਬੇ ਨਾਲ ਮਾਛੀਵਾੜੇ ਵਿਖੇ ਉਹਨਾਂ ਦੇ ਘਰ ਗਏ।ਉਥੇ ਹੀ ਮਾਤਾ ਹਰਦੇਈ ਪਾਸੋਂ ਚੋਲ਼ਾ ਪ੍ਰਵਾਨ ਕੀਤਾ, ਜਿਥੇ ਹੁਣ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਸ਼ੁਬਾਏਮਾਨ ਹੈ। ਉਥੋਂ ਗੁਰੂ ਸਾਹਿਬ ਗਨੀ ਖਾਨ, ਨਬੀ ਖਾਨ ਦੇ ਘਰ ਗਏ, ਜਿਥੇ ਹੁਣ ਗੁਰਦੁਆਰਾ ਸਾਹਿਬ ਗਨੀ ਖਾਨ ਅਤੇ ਨਬੀ ਖਾਨ ਸਸ਼ੋਭਿਤ ਹੈ। ਉਥੋਂ ਗੁਰੂ ਜੀ ਉਚ ਦੇ ਪੀਰ ਦੇ ਰੂਪ ਵਿਚ ਮਾਛੀਵਾੜੇ ਤੋਂ ਬਾਹਰ ਪਹੁੰਚੇ ਤਾਂ ਮੁਗਲ ਫੌਜਾਂ ਦਾ ਘੇਰਾ ਪੈ ਗਿਆ। ਜਿਥੇ ਗੁਰੂ ਜੀ ਦੀ ਉਚ ਦੇ ਪੀਰ ਵਜੋ ਦਿਲਾਵਰ ਖਾਂ ਨੇ ਸਯਦ ਪੀਰ ਮੁਹੰਮਦ ਕਾਜ਼ੀ ਪਾਸੋਂ ਸ਼ਨਾਖ਼ਤ ਕਾਰਵਾਈ। ਜਿਥੇ ਹੁਣ ਗੁਰਦੁਆਰਾ ਸ੍ਰੀ ਕ੍ਰਿਪਾਨ ਸਾਹਿਬ ਸਥਿਤ ਹੈ। ਇਸ ਤੋਂ ਇਲਾਵਾ ਇਸ ਸ਼ਹਿਰ ਵਿਚ ਇਕ ਪੁਰਾਣਾ ਸ਼ਿਵ ਮੰਦਰ ਅਤੇ ਕਈ ਧਾਰਮਿਕ ਸਥਾਨ ਵੀ ਹਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪਾਂਡਵਾਂ ਨੇ ਪੁਰਾਣੇ ਸ਼ਿਵ ਮੰਦਰ ਵਾਲੇ ਸਥਾਨ ਤੇ ਆਪਣੇ ਅਗਿਆਤਵਾਸ ਦਾ ਥੋੜਾ ਸਮਾਂ ਬਿਤਾਇਆ ਸੀ। ਮਾਛੀਵਾੜਾ ਸ਼ਹਿਰ ਕਈ ਸੁਵਿਧਾਵਾਂ ਨਾਲ ਘਿਰਿਆ ਹੋਇਆ ਹੈ ਜਿਵੇਂ ਕਿ ਓਸਵਾਲਜ਼ ਅਤੇ ਸ਼ਰੇਅੰਸ ਜਿਹੇ ਪ੍ਰਸਿਧ ਕਾਰੋਬਾਰੀ ਖੇਤਰ, ਥੋਕ / ਰਿਟੇਲ ਮਾਰਕੀਟ, ਲੈਂਡ ਮੌਰਟਗੇਜ ਬੈਂਕ, ਪੁਲਿਸ ਸਟੇਸ਼ਨ, ਫੂਡ ਐਂਡ ਸਿਵਲ ਸਪਲਾਈਜ਼, ਪੰਜਾਬ ਰਾਜ ਬਿਜਲੀ ਬੋਰਡ, ਸਿਵਲ ਹਸਪਤਾਲ, ਪ੍ਰਾਈਵੇਟ ਕਲੀਨਿਕਸ, ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ, ਠੰਡੇ ਸਟੋਰੇਜ਼ ਦੀ ਇਕ ਆਈਸ ਫੈਕਟਰੀ ਅਤੇ ਹੋਰ ਬਹੁਤ ਕੁਝ।ਇਸ ਤੋਂ ਇਲਾਵਾ ਇਸ ਸ਼ਹਿਰ ਵਿਚ ਬਹੁਤ ਸਾਰੇ ਸਕੂਲ ਅਤੇ ਕਾਲਜ ਵੀ ਹਨ ਜਿਵੇਂ: ਸੇਫਰਨ ਵਰਲਡ ਸਕੂਲ, ਸੈਕਰਡ ਹਾਰਟ ਕਾਨਵੈਂਟ ਸਕੂਲ, ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ, ਚੋਪੜਾ ਪਬਲਿਕ ਸਕੂਲ, ਐਵੀਅਰ ਕਾਨਵੈਂਟ ਸਕੂਲ, ਨੈਸ਼ਨਲ ਕਾਲਜ ਫਾਰ ਵੂਮੈਨ, ਜੀ ਐਨ ਆਈ ਆਈ ਟੀ ਐਫ ਡੀ ਆਦਿ।
– ਭਵਨੇਸ਼ ਖੇੜਾ