ਨਾਭਾ- ਕਿਸੇ ਵੀਂ ਦੇਸ਼ ਜਾਂ ਰਾਜ ਦੀ ਸਰਕਾਰ ਦੀ ਸਭ ਤੋਂ ਵਡੀ ਜ਼ਿੰਮੇਵਾਰੀ ਲੋਕਾਂ ਨੂੰ ਸਿਹਤਮੰਦ ਰਖਣਾ ਅਤੇ ਚੰਗੀ ਸਿਖਿਆ ਦੇਣਾ ਹੁੰਦਾ ਹੈ ਕਿਉਂਕਿ ਸਿਹਤਮੰਦ ਲੋਕ ਹੀ ਇਕ ਚੰਗੇ ਰਾਜ ਜਾਂ ਦੇਸ਼ ਦਾ ਨਿਰਮਾਣ ਕਰ ਸਕਦੇ ਹਨ ਪਰ ਆਧੁਨਿਕ ਯੁਗ ਵਿਚ ਉਚ ਸਿਖਿਆ ਦਾ ਮਹਤਵ ਹੋਰ ਜ਼ਿਆਦਾ ਵਧ ਗਿਆ ਹੈ ਜਿਸ ਨਾਲੋਂ ਪਹਿਲਾਂ ਪ੍ਰਾਇਮਰੀ ਸਿਖਿਆ ਹਰ ਵਿਅਕਤੀ ਦੀ ਨੀਂਹ ਹੁੰਦੀ ਹੈ। ਪੰਜਾਬ ਵਿਚ ਸਰਕਾਰੀ ਹਸਪਤਾਲਾਂ ਦੀ ਖਸਤਾ ਹਾਲਤ ਤਾਂ ਪਹਿਲਾਂ ਹੀ ਮੀਡੀਆ ਦੀਆ ਸੁਰਖ਼ੀਆਂ ਵਿਚ ਰਹਿੰਦੀ ਹੈ ਪਰ ਸਿਖਿਆ ਨੂੰ ਲੈ ਕੇ ਵੀ ਪੰਜਾਬ ਵਿਚ ਹਾਲਾਤ ਕਾਫ਼ੀ ਮਾੜੇ ਹਨ। ਜਿਥੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਪਹਿਲਾਂ ਹੀ ਸਰਕਾਰ ਵਿਰੁਧ ਸੜਕਾਂ ਤੇ ਉਤਰ ਆਏ ਹਨ ਉਥੇ ਸਕੂਲਾਂ ਵਿਚ ਬਨੁਆਦੀ ਸਹੂਲਤਾਂ ਨੂੰ ਲੈ ਕੇ ਵੀ ਬਚੇ ਕਾਫ਼ੀ ਪਰੇਸ਼ਾਨ ਹਨ। ਕੁਝ ਇਸ ਤਰਾਂ ਦਾ ਹਾਲ ਨਾਭਾ ਦੇ ਪਿੰਡ ਲੁਬਾਣਾ ਕਰਮੂ ਦੇ ਸਰਕਾਰੀ ਮਿਡਲ ਸਕੂਲ ਦਾ ਹੈ ਜਿਥੇ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਦੀ ਇੰਨੀ ਖਸਤਾ ਹੈ ਕਿ ਕਿਸੇ ਸਮੇਂ ਵੀ ਕੋਈ ਵਡਾ ਹਾਦਸਾ ਹੋ ਸਕਦਾ ਹੈ।ਆਪਣੀ ਜਾਣ ਜੋਖ਼ਮ ਵਿਚ ਪਾਕੇ ਪੜ੍ਹ ਰਹੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਇਹ ਬਚੇ ਨਾਭਾ ਦੇ ਪਿੰਡ ਲੁਬਾਣਾ ਕਰਮੂ ਦੇ ਹਨ। 60 ਸਾਲ ਪੁਰਾਣੀ ਇਹ ਬਿਲਡਿੰਗ ਦਾ ਲੈਂਟਰ ਕਈ ਥਾਵਾਂ ਤੋਂ ਡਿਗ ਚੁਕਾ ਹੈ ਜਿਥੇ ਲੈਂਟਰ ਡਿਗਣ ਤੋਂ ਬਾਅਦ ਛਤ ਨੂੰ ਜੰਗ ਲਗੇ ਲੋਹੇ ਦੇ ਸਰੀਏ ਇਸ ਗਲ ਦੀ ਗਵਾਹੀ ਭਰ ਰਹੇ ਹਨ ਕਿ ਕਿਸੇ ਸਮੇਂ ਵੀ ਸਕੂਲ ਦੀ ਬਾਕੀ ਰਹਿੰਦੀ ਬਿਲਡਿੰਗ ਥਲੇ ਡਿਗ ਸਕਦੀ ਹੈ ਮੀਂਹ ਦੇ ਮੌਸਮ ਵਿਚ ਤਾਂ ਰਿਸਕ ਹੋਰ ਜ਼ਿਆਦਾ ਵਧ ਜਾਂਦਾ ਹੈ ਜਿਸ ਕਰਕੇ ਸਕੂਲ ਦੇ ਅਧਿਆਪਕਾਂ ਵਲੋਂ ਮਜਬੂਰੀਵਸ ਇਕ ਕਮਰੇ ਵਿਚ ਹੀ ਪੰਜ ਜਮਾਤਾਂ ਦੀ ਪੜਾਈ ਕਰਵਾਉਣੀ ਪੈਂਦੀ ਹੈ। ਬਚਿਆ ਦੀ ਪੜਾਈ ਲਈ 4 ਕਮਰੇ ਪੂਰੀ ਤਰਾਂ ਅਣਸੁਰਖਿਅਤ ਹਨ ਜਿਸ ਕਰਕੇ ਬਚੇ ਖੁਲ੍ਹੇ ਆਸਮਾਨ ਵਿਚ ਪੜ੍ਹਨ ਨੂੰ ਮਜਬੂਰ ਹਨ। ਜਿਥੇ ਸਕੂਲੀ ਬਚੇ ਆਪਣੇ ਆਪ ਨੂੰ ਅਣਸੁਰਖਿਅਤ ਮਹਿਸੂਸ ਕਰ ਰਹੇ ਹਨ ਉਥੇ ਸਕੂਲ ਵਿਚ ਪੜਾਉਣ ਵਾਲੇ ਅਧਿਆਪਕ ਵੀ ਕਾਫ਼ੀ ਪਰੇਸ਼ਾਨ ਹਨ। ਇਸ ਤੋਂ ਇਲਾਵਾ ਸਕੂਲ ਦੇ ਮੈਦਾਨ ਵਿਚ ਪਿੰਡ ਦੇ ਬਰਸਾਤੀ ਪਾਣੀ ਅਤੇ ਨਾਲੇ ਦਾ ਪਾਣੀ ਜਮਾਂ ਹੋ ਜਾਂਦਾ ਹੈ ਜਿਸ ਕਰਕੇ ਬਚੇ ਜਿਥੇ ਖੇਡ ਨਹੀਂ ਸਕਦੇ ਉਥੇ ਮੈਦਾਨ ਵਿਚ ਪਾਣੀ ਖੜਨ ਨਾਲ ਕਈ ਤਰਾਂ ਦੀਆ ਬਿਮਾਰੀਆਂ ਫੈਲ ਸਕਦੀਆਂ ਹਨ। ਇੰਨਾ ਸਮਸਿਆਵਾਂ ਸਬੰਧੀ ਪਿੰਡ ਦੀ ਪੰਚਾਇਤ ਅਤੇ ਸਕੂਲ ਪ੍ਰਸ਼ਾਸਨ ਨੂੰ ਕਈ ਵਾਰ ਸਿਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਹਲਕੇ ਨਾਲ ਸਬੰਧਿਤ ਵਿਧਾਇਕ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮ ਸੋਤ ਨੂੰ ਜਾਣੂ ਕਰਵਾ ਚੁਕੇ ਹਨ ਪਰ ਕਿਸੇ ਵਲੋਂ ਵੀ ਕੋਈ ਧਿਆਨ ਨਹੀਂ ਦਿਤਾ ਗਿਆ। ਤੁਹਾਨੂੰ ਦਸ ਦਈਏ ਕਿ ਨਾਭਾ ਤਹਿਸੀਲ ਦਾ ਇਹ ਪਿੰਡ ਲੁਬਾਣਾ ਕਰਮੂ ਜੋ ਕਿ ਨਾਭਾ ਬਲਾਕ ਦੇ ਅਧੀਨ ਹੈ ਜਿਸ ਦੇ ਵਿਧਾਇਕ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਹਨ ਉਥੇ ਹੀ ਵਿਧਾਨ ਸਭਾ ਹਲਕੇ ਮੁਤਾਬਿਕ ਇਹ ਪਿੰਡ ਪਟਿਆਲਾ ਦਿਹਾਤੀ ਦੇ ਅਧੀਨ ਆਉਂਦਾ ਹੈ ਜਿਸ ਦੇ ਵਿਧਾਇਕ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਹਨ ਪਰ ਦੋ ਦੋ ਕੈਬਨਿਟ ਮੰਤਰੀਆਂ ਕੋਲ ਫ਼ਰਿਆਦ ਪਹੁੰਚਾਉਣ ਦੇ ਬਾਵਜੂਦ ਸਰਕਾਰੀ ਸਕੂਲ ਦੀ ਇਹ ਹਾਲਤ ਵਡੇ ਸਵਾਲ ਖੜੇ ਕਰ ਰਹੀ ਹੈ। ਸਕੂਲ ਦੀ ਇਸ ਮਾੜੀ ਹਾਲਤ ਕਾਰਨ ਵਡੀ ਗਿਣਤੀ ਵਿਚ ਬਚੇ ਹੋਰ ਸਕੂਲਾਂ ਵਿਚ ਜਾ ਚੁਕੇ ਹਨ ਜਿਸ ਕਰਕੇ ਪ੍ਰਾਇਮਰੀ ਸਕੂਲ ਵਿਚ ਬਚਿਆ ਦੀ ਗਿਣਤੀ ਘਟ ਕੇ 100 ਤੋਂ ਥਲੇ ਹੋ ਗਈ ਹੈ। ਜ਼ਿਕਰਯੋਗ ਹੈ ਕਿ ਆਂਗਣਵਾੜੀ ਕੇਂਦਰ ਨੂੰ ਵੀ ਇਸ ਸਕੂਲ ਵਿਚ ਸ਼ਿਫ਼ਟ ਕਰਨ ਦੇ ਆਦੇਸ਼ ਜਾਰੀ ਹੋ ਚੁਕੇ ਹਨ ਪਰ ਬਿਲਡਿੰਗ ਅਨ ਸੇਫ਼ ਹੋਣ ਕਰਕੇ ਆਂਗਣਵਾੜੀ ਕੇਂਦਰ ਤਬਦੀਲ ਨਹੀਂ ਕੀਤਾ ਸਕਿਆ। ਪਿੰਡ ਦੀ ਪੰਚਾਇਤ ਵਲੋਂ ਵੀ ਕਈ ਵਾਰ ਦੋਵੇਂ ਮੰਤਰੀਆਂ ਨੂੰ ਅਪੀਲ ਕੀਤੀ ਜਾ ਚੁਕੀ ਹੈ ਪਰ ਕਿਸੇ ਵਲੋਂ ਵੀ ਇਸ ਸਮਸਿਆ ਦੇ ਹਲ ਲਈ ਕੁਝ ਵੀ ਨਹੀਂ ਕੀਤਾ ਗਿਆ। ਪਿੰਡ ਵਾਸੀਆਂ ਵਲੋਂ ਹੁਣ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਜੇਕਰ ਸਰਕਾਰ ਵਲੋਂ ਇਸ ਸਕੂਲ ਵਲੋਂ ਕੋਈ ਧਿਆਨ ਨਾ ਦਿਤਾ ਤਾਂ ਆਉਣ ਵਾਲੇ ਸਮੇਂ ਵਿਚ ਪਿੰਡ ਵਾਸੀਆਂ ਵਲੋਂ ਸਕੂਲ ਨੂੰ ਜਿੰਦਾ ਲਗਾ ਕੇ ਬੰਦ ਕੀਤਾ ਜਾਵੇਗਾ। ਸਰਕਾਰ ਵਲੋਂ ਸਰਕਾਰੀ ਸਕੂਲਾਂ ਵਲ ਧਿਆਨ ਨਾ ਦੇਣਾ ਹੀ ਪ੍ਰਾਈਵੇਟ ਸਕੂਲਾਂ ਦੀ ਲੁਟ ਦਾ ਕਾਰਨ ਬਣਦਾ ਹੈ ਕਿਉਂਕਿ ਪ੍ਰਾਈਵੇਟ ਸਕੂਲ ਵਾਲੇ ਇਹ ਸਹੂਲਤਾਂ ਦੇ ਕੇ ਮਨਮਰਜ਼ੀ ਦੇ ਰੇਟ ਵਸੂਲਦੇ ਹਨ।ਇਸ ਸਬੰਧੀ ਸਕੂਲ ਵਿਚ ਪੜਾਈ ਕਰਨ ਵਾਲੇ ਸਕੂਲੀ ਬਚਿਆ ਨੇ ਕਿਹਾ ਕਿ ਉਨ੍ਹਾਂ ਨੂੰ ਸਕੂਲ ਵਿਚ ਪੜ੍ਹਨ ਤੇ ਡਰ ਲਗਦਾ ਹੈ ਜਿਸ ਦੀ ਬਿਲਡਿੰਗ ਕਿਸੇ ਸਮੇਂ ਵੀ ਡਿਗ ਸਕਦੀ ਹੈ ਅਤੇ ਸਕੂਲ ਦੇ ਮੈਦਾਨ ਵਿਚ ਪਾਣੀ ਜਮਾਂ ਹੋਣ ਕਰਕੇ ਉਹ ਖੇਡ ਵੀ ਨਹੀਂ ਸਕਦੇ।ਇਸ ਸਬੰਧੀ ਸਕੂਲ ਦੇ ਅਧਿਆਪਕ ਹਰਜਿੰਦਰ ਕੌਰ ਅਤੇ ਹੈਡ ਟੀਚਰ ਇੰਦੂ ਬਾਲਾ ਨੇ ਕਿਹਾ ਕਿ ਸਕੂਲ ਦੀ ਇਹ ਬਿਲਡਿੰਗ ਬਹੁਤ ਪੁਰਾਣੀ ਹੋਣ ਕਰਕੇ ਪੂਰੀ ਤਰਾਂ ਅਨ ਸੇਫ਼ ਹੋ ਚੁਕੀ ਹੈ ਜਿਸ ਦੇ ਕਈ ਥਾਵਾਂ ਤੋਂ ਲੈਂਟਰ ਵੀ ਡਿਗ ਚੁਕਾ ਹੈ ਜਿਸ ਕਰਕੇ ਬਚਿਆ ਨੂੰ ਬਾਹਰ ਪੜਾਉਣਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਸਮਸਿਆ ਸਬੰਧੀ ਉਹ ਕਈ ਵਾਰ ਅਧਿਕਾਰੀਆਂ ਨੂੰ ਜਾਣੂ ਕਰਵਾ ਚੁਕੇ ਹਨ ਪਰ ਕਿਸੇ ਵਲੋਂ ਕੋਈ ਧਿਆਨ ਨਹੀਂ ਦਿਤਾ ਗਿਆ।ਇਸ ਸਬੰਧੀ ਪਿੰਡ ਦੇ ਨੌਜਵਾਨ ਸਰਪੰਚ ਅਮਨਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਦਸਿਆ ਕਿ ਸਰਕਾਰੀ ਸਕੂਲ ਦੀ ਇਹ ਬਿਲਡਿੰਗ ਤਕਰੀਬਨ 50 ਸਾਲ ਪੁਰਾਣੀ ਹੈ ਜਿਸ ਦੇ ਥਲੇ ਬਚੇ ਆਪਣੀ ਜਾਨ ਜੋਖ਼ਮ ਵਿਚ ਪਾਕੇ ਪੜ੍ਹਨ ਨੂੰ ਮਜਬੂਰ ਹਨ ਉਨ੍ਹਾਂ ਕਿਹਾ ਕਿ ਇਸ ਪਿੰਡ ਦਾ ਸਬੰਧ ਦੋ ਦੋ ਕੈਬਨਿਟ ਮੰਤਰੀਆਂ ਸਾਧੂ ਸਿੰਘ ਧਰਮ ਸੋਤ ਅਤੇ ਬ੍ਰਹਮ ਮਹਿੰਦਰਾ ਨਾਲ ਹੈ ਜਿਸ ਦੇ ਧਿਆਨ ਵਿਚ ਮਾਮਲਾ ਲਿਆਉਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਨ੍ਹਾਂ ਕਿਹਾ ਕਿ ਜੇਕਰ ਕੋਈ ਹਾਦਸਾ ਇਸ ਸਕੂਲ ਵਿਚ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
– ਕਰਮਜੀਤ ਸੋਮਲ,ਸਿਕੰਦਰ ਸਿੰਘ
ਵਿਸ਼ੇਸ਼ ਪ੍ਰਤੀਨਿਧ ‘ਪੰਜਾਬ ਟਾਇਮਜ਼’