April 26, 2026 9:01 pm

ਕਿਸਾਨੀ ਖੁਦਕੁਸ਼ੀਆਂ ਦਾ ਕੱਚ-ਸੱਚ

ਕੁੱਝ ਕੁ ਮਹੀਨੇ ਪਹਿਲਾਂ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰੋਜੈਕਟ ਅਧੀਨ ਸ਼ੁਚਿਦਿੳਲ 6ੳਰਮੲਰਸ ਦੇ ਸੰਬੰਧੀ ਇੰਟਰਵਿਊਜ਼ ਕੀਤੀਆਂ। ਮੇਰੇ ਕੰਮ ਦਾ ਮੁੱਖ ਮਕਸਦ ਸੀ ਕਿ ਅਜਿਹੇ ਕਿਸਾਨ ਜੋ ਅਸਲੋਂ ਗਰੀਬ ਹਨ ਅਤੇ ਚਿੰਤਾਂ ਪਰੇਸ਼ਾਨੀ ਕਰਕੇ ਆਤਮ-ਹੱਤਿਆ ਦੀ ਕੋਸ਼ਿਸ਼ ਕਰ ਚੁੱਕੇ ਹਨ ਜਾਂ ਇੰਨੀਂ ਕੁ ਚਿੰਤਾਂ ਵਿੱਚ ਹਨ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਅਣਹੋਣੀ ਹੋ ਸਕਦੀ ਹੈ ਅਤੇ ਉਹਨਾਂ ਦੇ ਪਰਿਵਾਰ ਇਸ ਵਿੱਚੋਂ ਸਫ਼ਰ ਕਰ ਰਹੇ ਹਨ। ਉਹਨਾਂ ਦੀ ਇਸ ਚਿੰਤਾਂ ਦਾ ਕਾਰਨ ਲੱਭ ਕੇ ਉਹਨਾਂ ਨੂੰ ਮਾਨਸਿਕ ਤੌਰ ’ਤੇ ਇਸ ਭੈੜੀ ਸੋਚ ਨਾਲ ਲੜਨ ਦੇ ਕਾਬਿਲ ਬਣਾ ਕੇ ਚੰਗਾ ਕਿਸਾਨ ਬਣਨ ਵਿੱਚ ਮਦਦ ਕਰ ਸਕਾਂ। ਸੋ ਮੈਂ ਉਹਨਾਂ ਕਿਸਾਨਾਂ ਨਾਲ ਕੰਮ ਕਰਨ ਬਾਰੇ ਸੋਚਿਆ ਜੋ ਕਿ 3-5 ਕਿੱਲਿਆਂ ਦੇ ਮਾਲਕ ਹਨ ਅਤੇ ਕਰਜ਼ੇ ਦੀ ਮਾਰ ਝੱਲ ਰਹੇ ਹਨ। ਮੈਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਉਭਾਵਾਲ ਵਿੱਚ ਆਪਣਾ ਇਹ ਕੰਮ ਕਰ ਰਹੀ ਹਾਂ ਅਤੇ ਹੁਣ ਤੱਕ 19 ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲ ਚੁੱਕੀ ਹਾਂ ਅਤੇ ਪੂਰੀ ਜਾਣਕਾਰੀ ਅਤੇ ਸਹੀ ਤੱਥਾਂ ਦੀ ਪੜਚੋਲ ਲਈ ਮੈਂ ਸਮੇਂ-ਸਮੇਂ ਤੇ ਪਿੰਡ ਵਿਚ ਕਈ-ਕਈ ਦਿਨ ਰਹਿ ਕੇ ਆਉਂਦੀ ਹਾਂ। ਮੈਂ ਇਹ ਦਾਅਵਾ ਕਰਦੀ ਹਾਂ ਕਿ ਜੋ ਲੋਕ ਇਹ ਕਹਿੰਦੇ ਹਨ ਕਿ ਕਿਸਾਨ ਤਾਂ ਮਰਦੇ ਨੇ ਕਿ ਆਲੀਸ਼ਾਨ ਕੋਠੀਆਂ, ਵਧੇਰੇ ਸੰਦ, ਮਹਿੰਗੇ ਵਿਆਹ, ਹੋਰ ਪਤਾ ਨਹੀਂ ਕੀ-ਕੀ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਜੇਕਰ ਸੱਚੀ ਉਹਨਾਂ ਦੀ ਜ਼ਿੰਦਗੀ ਵਾਲਾ ਸੱਚ ਜਾਣਨਾ ਹੈ ਤਾਂ ਕਦੇ ਪਿੰਡਾਂ ਵਿੱਚ ਰਹਿ ਕੇ ਉਹਨਾਂ ਦੇ ਵਿੱਚ ਵਿਚਰ ਕੇ ਜਾਣਨ ਨਾ ਕਿ ਸਿਰਫ਼ ਮਾੜਾ ਮੋਟਾ ਦੇਖ ਕੇ ਜਾਂ ਸੁਣ ਕੇ ਸਿੱਧਾ ਹੀ ਅਖ਼ਬਾਰਾਂ ਨੂੰ ਲਿਖ ਸੁੱਟਣ। ਮੈਂ ਜੋ ਉਹਨਾਂ ਦੇ ਕਰਜ਼ੇ ਦਾ ਕਾਰਨ ਦੇਖਿਆ ਉਹ ਬਿਲਕੁਲ ਜਾਇਜ਼ ਸੀ ਅਤੇ ਜਿੱਥੇ ਕਿ ਮੈਂ ਇਹ ਮਹਿਸੂਸ ਕੀਤਾ ਕਿ ਅਜਿਹੇ ਕਿਸਾਨਾਂ ਨੂੰ ਸੱਚ ਮੁੱਚ ਹੀ ਮਦਦ ਦੀ ਜ਼ਰੂਰਤ ਹੈ, ਬਜਾਇ ਕਿ ਉਹਨਾਂ ਨੂੰ ਅੱਖੋਂ ਉਹਲੇ ਕਰਨ ਦੇ। ਜਿੰਨ੍ਹਾਂ ਕਿਸਾਨਾਂ ਬਾਰੇ ਮੈਂ ਜਾਣਿਆ ਉਹਨਾਂ ਵਿੱਚੋਂ ਕਈ ਵੱਡੇ ਐਕਸੀਡੈਟਾਂ ਕਰਕੇ, ਪਰਿਵਾਰ ਦੇ ਮੋਹਰੀ ਦਾ ਮੰਜੇ ’ਤੇ ਬੈਠਣਾ, ਕੈਂਸਰ ਵਰਗੀਆਂ ਬਿਮਾਰੀਆਂ, ਹੋਰ ਵੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਲੰਮੀਆਂ ਬਿਮਾਰੀਆਂ ਕਰਕੇ ਕਰਜ਼ੇ ਹੇਠ ਦੇਖੇ ਗਏ। ਜਿੱਥੇ ਕਿ ਸੁਣਿਆ ਜਾਂਦੇ ਜਾਂ ਰੋਜ਼ਾਨਾਂ ਅਖ਼ਬਾਰਾਂ ਵਿੱਚ ਪੜ੍ਹਿਆ ਵੀ ਜਾਂਦੈ ਕਿ ਕਿਸਾਨ ਆਲੀਸ਼ਾਨ ਘਰ ਬਣਾਉਂਦੇ ਨੇ ਤਾਂ ਕਰਕੇ ਕਰਜ਼ੇ ਦਾ ਸ਼ਿਕਾਰ ਹੁੰਦੇ ਹਨ, ਉਥੇ ਮੈਂ ਉਹਲਾਂ ਦੇ ਘਰਾਂ ਦੀਆਂ ਕੱਚੀਆਂ ਛੱਤਾਂ ਥੰਮੀਆਂ ਦੇ ਸਹਾਰੇ ਵੀ ਖੜ੍ਹੀਆਂ ਦੇਖੀਆਂ ਨੇ, ਜੇ ਕਿਸੇ ਨੂੰ ਝੂਠ ਲੱਗੇ ਤਾਂ ਮੇਰੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਮਿਲ ਸਕਦੈ। ਉਹਨਾਂ ਨੂੰ ਇੱਥੇ ਮੈਨੂੰ ਕਹਿਣਾ ਪਿਆ ਸੀ ਕਿ ਅੰਕਲ ਜੀ ਰੱਬ ਨੇ ਮਿਹਰ ਕੀਤੀ ਤਾਂ ਸੋਚ ਲੈਣਾ ਘਰ ਠੀਕ ਕਰਵਾਉਣ ਬਾਰੇ ਨਹੀਂ ਤਾਂ ਹੋਰ ਪੀ ਨੁਕਸਾਨ ਹੋ ਸਕਦੈ। ਇੱਕ ਘਰ ਤਾਂ ਅਜਿਹਾ ਵੀ ਦੇਖਿਆ ਜਿੱਥੇ ਛੋਟੇ ਜਿਹੇ ਖੋਲ੍ਹੇ ਵਿੱਚ ਦੋ ਭਰਾ ਰਹਿ ਰਹੇ ਹਨ ਜਿੰਨ੍ਹਾਂ ਵਿੱਚੋਂ ਇੱਕ ਅੰਨ੍ਹਾਂ ਹੈ ਅਤੇ ਦੂਸਰਾ ਕਰਜ਼ੇ ਕਰਕੇ ਦਿਮਾਗੀ ਤੌਰ ਤੇ ਪਾਗਲ ਹੋ ਗਿਆ ਹੈ। ਘਰ ਦੀ ਕਬੀਲਦਾਰੀ ਉਹਨਾਂ ਦੀ ਔਰਤਾਂ ਲੋਕਾਂ ਦੇ ਘਰੇ ਕੰਮ ਕਰਕੇ ਤੋਰਦੀਆਂ ਹਨ। ਇਸ ਪਿੰਡ ਵਿਚ 1 ਘਰ ਉਹ ਵੀ ਸੀ ਜਿੱਥੇ ਕਿ ਤਿੰਨੇ ਹੀ ਪੀੜ੍ਹੀਆਂ ਦੇ ਮਰਦ ਕਰਜ਼ੇ ਦੀ ਮਾਰ ਨਾ ਸਹਾਰਦੇ ਹੋਏ ਆਤਮ ਹੱਤਿਆਵਾਂ ਕਰ ਗਏ, ਉਹਨਾਂ ਦੀਆਂ ਤਿੰਨੇ ਵਿਧਵਾਵਾਂ, ਸਰੀਰਕ, ਸਮਾਜਿਕ, ਆਰਥਿਕ ਅਤੇ ਮਾਨਸਿਕ ਅਨੇਕਾਂ ਹੀ ਸਮੱਸਿਆਵਾਂ ਨਾਲ ਜੂਝ ਰਹੀਆਂ ਹਨ। ਇਸੇ ਕੰਮ ਦੇ ਦੌਰਾਨ ਮੈਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕਿਸਾਨ ਮੇਲੇ ਵਿੱਚ ਜਾਣ ਦਾ ਮੌਕਾ ਮਿਲਿਆ, ਜਿੱਥੇ ਕਿ ਮੈਂ ਬਹੁਤ ਅਜਿਹੇ ਕਿਸਾਨਾਂ ਨੂੰ ਮਿਲੀ ਜੋ ਕਿ ਅਨੇਕਾਂ ਪ੍ਰਕਾਰ ਦੀਆਂ ਦਿਮਾਗੀ ਸਮੱਸਿਆਵਾਂ ਦਾ ਸ਼ਿਕਾਰ ਹਨ, ਖਾਸ ਕਰ ਮਾਲਵੇ, ਅਜਿਹੀਆਂ ਸਮੱਸਿਆਵਾਂ ਬਾਅਦ ਵਿੱਚ ਆਤਮ-ਹੱਤਿਆਵਾਂ ਦਾ ਕਾਰਨ ਬਣਦੀਆਂ ਹਨ।
ਸੋ ਇੰਨਾਂ ਕੁੱਝ ਦੇਖਣ ਤੋਂ ਬਾਅਦ ਮੈਂ ਇਹੀ ਕਹਿਣਾ ਚਾਹਾਂਗੀ ਕਿ ਜੇਕਰ ਸਰਕਾਰ ਇਹਨਾਂ ਕਿਸਾਨਾਂ ਦੀਆਂ ਦਿਮਾਗੀ ਸਮੱਸਿਆਵਾਂ ਦਾ ਹੱਲ ਕਰੇ ਤੇ ਜਾਂ ਫਿਰ ਕਰਜ਼ੇ ਮੁਆਫ਼ੀ ਬਾਰੇ ਸੋਚੇ, ਤਾਂ ਉਹ ਜਿੰਨ੍ਹੇ ਵੀ ਸੱਚੇ ਅੰਕੜੇ ਮਿਲਣਗੇ ਮੈਂ ਪੂਰੀ ਮਿਹਨਤ ਕਰਕੇ ਆਪਣਾ ਕੰਮ ਬਾਖੂਬੀ ਕਰਾਂਗੀ, ਤਾਂ ਜੋ ਲੋੜਵੰਦ ਕਿਸਾਨ ਫੈਲਸੂਫੀਆਂ ਤੋਂ ਬਿਨਾਂ ਕਰਜ਼ੇ ਦਾ ਸ਼ਿਕਾਰ ਹੋਏ ਹਨ ਉਹ ਹੱਤਿਆਵਾਂ ਤੋਂ ਮੁਕਤ ਜ਼ਿੰਦਗੀ ਜੀ ਸਕਣ ਅਤੇ ਹਰੇਕ ਪ੍ਰਕਾਰ ਦੀਆਂ ਸਮੱਸਿਆਵਾਂ ਨਾਲ ਜੂਝ ਸਕਣ।

Send this to a friend