ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਨੂੰ ਦੇਖਦੇ ਹੋਏ ਸਰਕਾਰ ਨੇ ਆਪਣਾ ਖਰਚ ਵਧਾ ਦਿਤਾ ਹੈ।ਅਜਿਹੇ ’ਚ ਅਰਥਵਿਵਸਥਾ ਦੀ ਤੇਜ਼ ਰਫਤਾਰ ਬਣੀ ਹੋਈ ਹੈ ਪਰ ਕਚੇ ਤੇਲ ਦੀਆਂ ਵਧਦੀਆਂ ਕੀਮਤਾਂ ਇਸ ਦੌਰਾਨ ਰੋੜਾ ਬਣੀਆਂ ਹੋਈਆਂ ਹਨ। ਫਰਾਂਸ ਨੂੰ ਪਿਛੇ ਕਰਕੇ ਦੁਨੀਆ ’ਚ ਛੇਵੇਂ ਸਥਾਨ ’ਤੇ ਆਉਣ ਵਾਲੀ 13 ਲਖ ਕਰੋੜ ਰੁਪਏ ਦੀ ਭਾਰਤੀ ਅਰਥਵਿਵਸਥਾ ‘ਚ ਮਾਰਚ 2019 ਤਕ 7.4 ਫੀਸਦੀ ਦਾ ਵਾਧਾ ਦੇਖਿਆ ਜਾ ਸਕਦਾ ਹੈ। 2020 ‘ਚ ਵਿਕਾਸ ਦਰ ‘ਚ 7.6 ਫੀਸਦੀ ਦਾ ਵਾਧਾ ਹੋਣ ਦਾ ਅੰਦਾਜ਼ਾ ਹੈ। ਰਾਇਟਰਸ ਮੁਤਾਬਕ ਚੀਨ ਦੀ ਅਰਥਵਿਵਸਥਾ 6.6 ਦੀ ਵਿਕਾਸ ਦਰ ਦੇ ਨਾਲ ਦੂਜੇ ਨੰਬਰ ‘ਤੇ ਰਹਿ ਸਕਦੀ ਹੈ ਪਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਰਿਕਾਰਡ ਵਾਧਾ ਭਾਰਤ ਲਈ ਸਭ ਤੋਂ ਵਡਾ ਰੋੜਾ ਬਣੀ ਹੋਈ ਹੈ। ਰੁਪਏ ’ਚ ਗਿਰਾਵਟ ਦੌਰਾਨ ਤੇਲ ਦੇ ਆਯਾਤ ਲਈ ਵਡੀ ਰਕਮ ਚੁਕਾਉਣੀ ਇਸ ਭਵਿਖਵਾਣੀ ਲਈ ਖਤਰਾ ਬਣਿਆ ਹੋਇਆ ਹੈ। ਰਾਇਟਰਸ ਦੇ ਪੋਲ ’ਚ 41 ਜਾਣਕਾਰਾਂ ’ਚੋਂ 60 ਫੀਸਦੀ ਦਾ ਕਹਿਣਾ ਹੈ ਕਿ ਤੇਲ ਦੀਆਂ ਕੀਮਤਾਂ ‘ਚ ਵਾਧਾ ਸਭ ਤੋਂ ਵਡੀ ਸਮਸਿਆ ਹੈ ਕਿਉਂਕਿ ਇਸ ਨਾਲ ਰਿਜ਼ਰਵ ਬੈਂਕ ਦੀ ਵਿਆਜ ਦਰ ਵੀ ਵਧ ਸਕਦੀ ਹੈ। ਅਰਥਸ਼ਾਸਤਰੀ ਸ਼ਸ਼ਾਂਕ ਮੇਂਦੀਰਾਤਾ ਨੇ ਕਿਹਾ ਕਿ ਜਦੋਂ ਤੇਲ ਦੀਆਂ ਕੀਮਤਾਂ ’ਚ 10 ਡਾਲਰ ਦਾ ਵਾਧਾ ਹੁੰਦਾ ਹੈ ਤਾਂ ਭਾਰਤ ਦੀ ਵਿਕਾਸ ਦਰ 30 ਤੋਂ 40 ਬੇਸਿਸ ਪੁਆਇੰਟ ਘਟ ਜਾਂਦੀ ਹੈ। 2016 ‘ਚ ਹੋਈ ਨੋਟਬੰਦੀ ’ਚ ਅਰਥਵਿਵਸਥਾ ਦੀ ਰਫਤਾਰ ਹੌਲੀ ਪਈ ਸੀ ਪਰ ਬਾਅਦ ’ਚ ਇਹ ਕਵਰ ਹੋ ਗਈ। ਪਿਛਲੇ ਸਾਲ ਤੋਂ ਲਗਾਤਾਰ ਇਸ ’ਚ ਵਾਧਾ ਹੋ ਰਿਹਾ ਹੈ। ਦਸ ਦੇਈਏ ਕਿ ਆਈ.ਐਮ.ਐਫ. ਨੇ ਇਸ ਸਾਲ ਦੀ ਵਿਕਾਸ ਦਰ 7.3 ਰਹਿਣ ਦਾ ਅਨੁਮਾਨ ਲਗਾਇਆ ਹੈ।ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਵਿਚਕਾਰ ਵਪਾਰ ਵਿਵਾਦ ਦਾ ਅਸਰ ਭਾਰਤ ਦੀ ਅਰਥਵਿਵਸਥਾ ’ਤੇ ਨਹੀਂ ਪਵੇਗਾ।