ਸੂਚਨਾ ਦੇਣ ਵਾਲੇ ਦਾ ਨਾਮ-ਪਤਾ ਰੱਖਿਆ ਜਾਵੇਗਾ ਪੂਰੀ ਤਰ੍ਹਾਂ ਗੁਪਤ : ਐਸ.ਐਸ.ਪੀ. ਬਟਾਲਾ
ਬਟਾਲਾ, 30 ਜੁਲਾਈ (ਲੱਕੀ ਰਾਜਪੂਤ)- ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਰੋਕੂ ਮੁਹਿੰਮ ਤਹਿਤ ਬਟਾਲਾ ਪੁਲਿਸ ਨੇ ਨਸ਼ਿਆਂ ਦਾ ਖਾਤਮਾ ਕਰਨ ਲਈ ਲੋਕਾਂ ਦਾ ਸਹਿਯੋਗ ਲੈਣ ਦੇ ਮਕਸਦ ਤਹਿਤ ਇੱਕ ਵਿਸ਼ੇਸ਼ ਵੱਟਸਐਪ ਨੰਬਰ ਜਾਰੀ ਕੀਤਾ ਹੈ, ਜਿਸ ਉਪਰ ਲੋਕ ਨਸ਼ਾ ਤਸਕਰਾਂ ਸਬੰਧੀ ਕੋਈ ਵੀ ਜਾਣਕਾਰੀ ਦੇਣ ਦੇ ਨਾਲ ਪੁਲਿਸ ਸਹਾਇਤਾ ਵੀ ਲੈ ਸਕਣਗੇ। ਜ਼ਿਲ੍ਹਾ ਪੁਲਿਸ ਮੁਖੀ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਵੱਟਸਐਪ ਨੰਬਰ 75298-75836 ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਨਿਗਰਾਨੀ ਹੇਠ ਇਹ ਨੰਬਰ 24 ਘੰਟੇ ਚੱਲੇਗਾ ਅਤੇ ਇਸ ਉਪਰ ਨਸ਼ਾ ਤਸਕਰਾਂ ਸਬੰਧੀ ਕੋਈ ਵੀ ਸੂਚਨਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਕਾਰੋਬਾਰੀਆਂ ਸਬੰਧੀ ਸੂਚਨਾ ਦੇਣ ਵਾਲੇ ਦਾ ਨਾਮ-ਪਤਾ ਪੂਰੀ ਤਰਾਂ ਗੁਪਤ ਰੱਖਿਆ ਜਾਵੇਗਾ ਅਤੇ ਦਿੱਤੀ ਸੂਚਨਾ ਉਪਰ ਤੁਰੰਤ ਕਾਰਵਾਈ ਕੀਤੀ ਜਾਵੇਗੀ। ਐਸ.ਐਸ.ਪੀ. ਬਟਾਲਾ ਨੇ ਕਿਹਾ ਕਿ ਇਸ ਨੰਬਰ ਨੂੰ ਜਾਰੀ ਕਰਨ ਦਾ ਮਕਸਦ ਲੋਕਾਂ ਦੀ ਪੁਲਿਸ ਤੱਕ ਪਹੁੰਚ ਨੂੰ ਹੋਰ ਸੁਖਾਲਾ ਬਣਾਉਣਾ ਹੈ।
ਜ਼ਿਲ੍ਹਾ ਪੁਲਿਸ ਮੁਖੀ ਸ. ਓਪਿੰਦਰ ਸਿੰਘ ਘੁੰਮਣ ਨੇ ਕਿਹਾ ਕਿ ਬਟਾਲਾ ਪੁਲਿਸ ਵਲੋਂ ਨਸ਼ਿਆਂ ਦੇ ਖਾਤਮੇ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਖੇਤਰ ਵਿੱਚ ਪੁਲਿਸ ਨੂੰ ਸਫਲਤਾ ਵੀ ਮਿਲੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਿਥੇ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰ ਰਹੀ ਹੈ ਉਥੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਦੱਸਿਆ ਜਾ ਰਿਹਾ ਹੈ। ਸ. ਘੁੰਮਣ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਇਸ ਲਾਹਨਤ ਉਪਰ ਕਾਬੂ ਪਾ ਲਿਆ ਜਾਵੇਗਾ।