ਜਾਨੀ ਨੁਕਸਾਨ ਹੋਣ ਦੇ ਬਾਵਜੂਦ ਨਹੀ ਜਾਗਿਆ ਪ੍ਰਸ਼ਾਂਸਨ, ਹੋਰ ਘਟਨਾ ਦੀ ਉਡੀਕ ’ਚ ਹੈ ਪ੍ਰਸ਼ਾਸਨ
ਖੰਨਾ/ਰਾੜਾ ਸਾਹਿਬ, 30 ਜੁਲਾਈ (ਲਾਲ ਸਿੰਘ ਮਾਂਗਟ, ਬਲਜੀਤ ਸਿੰਘ ਜੀਰਖ)- ਪੰਜਾਬ ਸਰਕਾਰ ਭਾਵੇਂ ਪੰਜਾਬ ਤਰੱਕੀ ਦੀ ਰਾਹ ’ਤੇ ਦੀਆਂ ਗੱਲਾਂ ਕਰਦੀ ਨਹੀ ਥੱਕਦੀ, ਪਰ ਸਰਕਾਰ ਦੇ ਕਈ ਵਿਭਾਗ ਗੰਭੀਰ ਖਾਮੀਆਂ ਕਾਰਨ ਸਰਕਾਰ ਦੇ ਵਿਕਾਸ ਕਾਰਜਾਂ ਵਿੱਚ ਅੜਿੱਕਾ ਡਾਹੀ ਬੈਠੇ ਹਨ, ਜਿਨ੍ਹਾਂ ਤੋਂ ਸਰਕਾਰ ਦੇ ਮੰਤਰੀ, ਸੰਤਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਬੇਖਬਰ ਹਨ। ਇਸ ਦੀ ਤਾਜਾ ਮਿਸਾਲ ਰਾੜਾ ਸਾਹਿਬ ਤੋਂ ਅਹਿਮਦਗੜ੍ਹ ਨੂੰ ਜਾਣ ਵਾਲੀ ਨਹਿਰੀ ਮੇਨ ਸੜਕ ਤੋਂ ਮਿਲਦੀ ਹੈ, ਜਿੱਥੇ ਰੋਜਾਨਾ ਜਰੂਰੀ ਕੰਮਾਂ ਤੇ ਜਾਣ ਵਾਲੇ ਰਾਹਗੀਰ ਜਾਂ ਧਾਰਮਿਕ ਸਥਾਨ ਤੇ ਆਉਣ ਵਾਲੇ ਸ਼ਰਧਾਲੂ ਸੜਕ ਦੀ ਤਰਸਯੋਗ ਹਾਲਤ ਦੇਖ ਕੇ ਸਰਕਾਰ ਦੇ ਵਿਕਾਸ ਕਾਰਜਾਂ ਦਾ ਮਖੌਲ ਉਡਾਉਦੇ ਹਨ। ਇਸ ਸੜਕ ਬਣੀ ਨੂੰ ਕਰੀਬ ਇਕ ਦਹਾਕਾ ਹੋ ਗਿਆ ਹੈ, ਸੜਕ ਦੀ ਹਾਲਤ ਬਣੀ ਬਦ ਤੋਂ ਬਦਤਰ ਬਣ ਚੁੱਕੀ ਹੈ, ਜਾਨੀ ਨੁਕਸਾਨ ਹੋਣ ਦੇ ਬਾਵਜੂਦ ਪ੍ਰਸ਼ਾਸਨ ਨਹੀ ਜਾਗ ਰਿਹਾ। ਰਾੜਾ ਸਾਹਿਬ ਤੋਂ ਅਹਿਮਦਗੜ੍ਹ ਦਾ 12 ਕਿਲੋਮੀਟਰ ਦੇ ਰਾਸਤੇ ਬਰਸਾਤ ਦੇ ਦਿਨਾਂ ਵਿੱਚ ਰਾਹਗੀਰਾਂ ਨੂੰ ਮੰਜ਼ਿਲ ਤੱਕ ਪਹੁੰਚਣਾ ਅੰਬਰਾਂ ਤੋਂ ਤਾਰੇ ਤੋੜਨ ਦੇ ਬਰਾਬਰ ਹੈ। ਥਾਂ ਥਾਂ ਤੇ ਪਏ ਡੂੰਘੇ ਟੋਏ ਪ੍ਰਸ਼ਾਸ਼ਨ ਅਤੇ ਸਰਕਾਰ ਦੀਆਂ ਕਾਰਗੁਜ਼ਾਰੀਆਂ ਨੂੰ ਮੂੰਹ ਚਿੜਾਉਂਦੇ ਹਨ ਅਤੇ ਸੜਕ ਤੇ ਪਾਣੀ ਨਾਲ ਭਰੇ ਟੋਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਪਿਛਲੇ ਦਿਨੀ ਕਈ ਦੋ ਪਹੀਆ ਵਾਹਨਾਂ ਦੇ ਚਾਲਕ ਸੰਤੁਲਨ ਵਿਗੜ ਜਾਣ ਕਾਰਨ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਕੁਝ ਦਿਨ ਪਹਿਲਾਂ ਪਿੰਡ ਖੱਟੜਾ ਚੁਹਾਰਮ ਦਾ ਨਵਾਂ ਵਿਆਹਿਆਂ ਜੋੜਾ ਟੋਇਆ ’ਚ ਮੋਟਰ ਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਨਾਲ ਵਗਦੀ ਨਹਿਰ ਵਿੱਚ ਜਾ ਡਿੱਗਿਆ ਸੀ ਜਿਸ ਵਿੱਚ ਨਵ ਵਿਆਹੀ ਲੜਕੀ ਦੀ ਮੌਤ ਹੋ ਗਈ ਸੀ। ਗੁਰਦੁਆਰਾ ਰਾੜਾ ਸਾਹਿਬ ਨਾਲ ਜੁੜੀਆਂ ਸੰਗਤਾਂ ਦਾ ਦੇਸ਼ ਵਿਦੇਸ਼ ਚੋਂ ਰੋਜ਼ਾਨਾ ਆਉਣਾ ਜਾਣਾ ਅਤੇ ਸੰਤਾਂ ਦੀ ਬਰਸੀ ਆਦਿ ਸਮਾਗਮਾਂ ਮੌਕੇ ਲੀਡਰ ਵੀ ਆਉਂਦੇ ਰਹਿੰਦੇ ਹਨ, ਪਰ ਕਦੇ ਕਿਸੇ ਨੇ ਇਸ ਪਾਸੇ ਧਿਆਨ ਨਹੀ ਦਿੱਤਾ ਤੇ ਨਾ ਹੀ ਪ੍ਰਸ਼ਾਸਨ ਨੇ ਕਦੀ ਆਪਣੀ ਜਿੰਮੇਵਾਰੀ ਸਮਝੀ। ਇਸ ਸੜਕ ਤੇ ਸੀਨੀਅਰ ਸੈਕੰਡਰੀ ਸਕੂਲ ਅਤੇ ਗੌਰਮਿੰਟ ਕਾਲਜ ਵੀ ਹੈ। ਲੋੜ ਵੇਲੇ ਐਂਬੂਲੈਂਸ ਇਸ ਸੜਕ ਰਾਂਹੀ ਮਰੀਜ ਨੂੰ ਹਸਪਤਾਲ ਸਮੇਂ ਸਿਰ ਪੁੱਜਦਾ ਨਹੀ ਕਰ ਸਕਦੀ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇਸ ਸੜਕ ਨੂੰ ਛੇਤੀ ਤੋਂ ਛੇਤੀ ਬਣਾਇਆ ਜਾਵੇ ਤਾਂ ਜੋ ਹੋ ਰਹੇ ਜਾਨੀ ਨੁਕਸਾਨ ਤੇ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ। ਕੀ ਕਹਿਣੈ ਅਧਿਕਾਰੀ ਦਾ-ਪੀ.ਡਬਲਿਓ.ਡੀ ਵਿਭਾਗ ਦੇ ਐਕਸੀਅਨ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਹ ਸੜਕ (ਨੌਰਥ ਇੰਡੀਆ) ਸੈਂਟਰ ਦੀ ਸਕੀਮ ੂਭਾਰਤ ਮਾਲਾੂ ਅਧੀਨ ਬਣਾਈ ਜਾਣੀ ਹੈ, ਜੋ ਅਪਰੂਵਡ ਹੋ ਚੁੱਕੀ ਹੈ। ਇਸ ਦਾ ਸਾਰਾ ਰਿਕਾਰਡ ਸੈਂਟਰਲ ਵਰਕਸ ਵਿਭਾਗ ਦੇ ਸਪੁਰਦ ਕਰ ਦਿੱਤਾ ਗਿਆ ਹੈ, ਜਿਸ ਵਲੋਂ ਇਸ ਦਾ ਨਿਰਮਾਣ ਕੀਤਾ ਜਾਣਾ ਹੈ। ਇਹ ਸੜਕ ਕਈ ਸਾਲ ਪਹਿਲਾ ਵੱਖ-ਵੱਖ ਭਾਗਾਂ ਵਿੱਚ ਬਣਾਈ ਗਈ ਸੀ, ਕਰੀਬ ਸਾਢੇ 5 ਕਿਲੋਮੀਟਰ ਦਾ ਟੋਟਾ ਖਰਾਬ ਹੈ, ਇਸ ਸੜਕ ਨੂੰ ਪੂਰਾ ਨਵਿਆਇਆ ਜਾਣਾ ਬਣਦਾ ਹੈ।