ਕੈਪਸੂਲ, ਕਫ ਸਿਰੱਪ, ਟੀਕੇ ਤੇ 21 ਲੱਖ 58 ਹਜ਼ਾਰ 348 ਗੋਲੀਆਂ ਬਰਾਮਦ
ਲੁਧਿਆਣਾ, 19 ਜੁਲਾਈ (ਮਹੇਸ਼ਇੰਦਰ ਸਿੰਘ ਮਾਂਗਟ) ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਲੁਧਿਆਣਾ ਟੀਮ ਵਲੋਂ ਭਾਰੀ ਮਾਤਰਾ ਵਿਚ ਪਬੰਦੀ ਸ਼ੁਦਾ ਨਸ਼ੀਲੀਆਂ ਗੋਲੀਆਂ ਦਾ ਜ਼ਖੀਰਾ ਸਮੇਤ 2 ਨਸ਼ਾ ਤਸਕਰਾਂ ਸਮੇਤ ਕਾਬੂ ਕਰਨ ਵਿਚ ਵਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਪਤਰਕਾਰ ਮਿਲਣੀ ਦੌਰਾਨ ਆਈ. ਜੀ ਪ੍ਰਮੋਦ ਬਾਨ, ਏ.ਆਈ.ਜੀ ਸਵਪਣ ਸ਼ਰਮਾ ਨੇ ਦਸਿਆ ਕਿ ਐਸ.ਟੀ.ਐਫ ਲੁਧਿਆਣਾ ਦੇ ਇੰਚਾਰਜ ਹਰਬੰਸ ਸਿੰਘ ਆਪਣੇ ਸਹਿ ਕਰਮੀਆਂ ਨਾਲ ਚੂਹੜ ਪੁਰ ਰੋਡ ਨੇੜੇ ਸੰਗਮ ਪੈਲਸ ਵਿਖੇ ਨਾਕੇਬੰਦੀ ਦੌਰਾਨ ਇਕ ਇਨੋਵਾ ਕਾਰ ਨੂੰ ਚੈਕ ਕਰਨ ਲਈ ਰੋਕਿਆ। ਜਿਸਨੂੰ ਮਨਿੰਦਰਵੀਰ ਸਿੰਘ ਨਾਮਕ ਵਿਅਕਤੀ ਚਲਾ ਰਿਹਾ ਸੀ, ਜਦੋਂ ਗਡੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 4 ਲਖ 80 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ 6 ਲਖ ਰੁਪਏ ਦੀ ਨਗਦੀ ਬਰਾਮਦ ਹੋਈ ਤੇ ਮੁਲਜ਼ਮ ਨੂੰ ਕਾਬੂ ਕਰਕੇ ਥਾਣਾ ਹੈਬੋਵਾਲ ਵਿਖੇ ਐਨ.ਡੀ.ਪੀ.ਐਸ ਐਕਟ ਅਧੀਨ ਮੁਕਦਮਾ ਦਰਜ ਕਰ ਦਿਤਾ। ਪੁਛਗਿਛ ਦੌਰਾਨ ਮੁਲਜ਼ਮ ਨੇ ਆਪਣੇ ਘਰ ਦੀ ਛਤ ਤੇ ਬਣਾਏ ਸਟੋਰ ਵਿਚੋ 13 ਕਿਸਮ ਦੀਆਂ ਨਸ਼ੀਲੀਆਂ ਗੋਲੀਆਂ, ਕੈਪਸੂਲ, ਕਫਸਰਿਪ ਅਤੇ ਟੀਕੇ 21 ਲਖ 58 ਹਜ਼ਾਰ 348 ਹੋਰ ਗੋਲੀਆਂ ਬਰਾਮਦ ਕਰਵਾਈਆਂ ਤੇ ਮੁਲਜ਼ਮ ਨੇ ਜੇ.ਐਸ.ਕੇ ਟਰਾਂਸਪੋਰਟ ਦੇ ਮੈਨੇਜਰ ਸੁਰਿੰਦਰ ਕੁਮਾਰ ਬਾਰੇ ਵੀ ਦਸਿਆ ਕਿ ਉਸਦੀ ਮਦਦ ਨਾਲ ਨਸ਼ੀਲੀਆਂ ਗੋਲੀਆਂ ਮੰਗਵਾਉਂਦੇ ਹਨ। ਜਿਸਨੂੰ ਮੁਕਦਮੇ ਅਧੀਨ ਕਾਬੂ ਕਰਕੇ ਉਸਦੇ ਟਰਾਂਸਪੋਰਟ ਕੰਪਨੀ ਦੇ ਗੋਦਾਮ ਵਿਚੋ 2 ਲਖ 50 ਹਜ਼ਾਰ ਹੋਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਮੁਲਜ਼ਮ ਮਨਿੰਦਰਵੀਰ ਨੇ ਦਸਿਆ ਕਿ ਉਸਦੀ ਸਹਿਗਲ ਮੈਡੀਕਲ ਨਾਮ ਦੀ ਦਵਾਈਆਂ ਦੀ ਦੁਕਾਨ ਹੈ। ਜਿਥੇ ਜਿਆਦਾ ਮੁਨਾਫਾ ਨਾ ਹੋਣ ਕਾਰਨ ਉਸਨੇ ਲਵਲਕਿਸ਼ੋਰ ਵਾਸੀ ਆਗਰਾ ਨਾਲ ਮੋਬਾਇਲ ਫ਼ੋਨ ਤੇ ਸੰਪਰਕ ਕਰਕੇ ਉਸਨੂੰ ਮਿਲ ਕੇ ਕਰੀਬ 2 ਸਾਲ ਤੋਂ ਜੋਧਪੁਰ ਗੋਲਡਨ ਟਰਾਂਸਪੋਰਟ ਕੰਪਨੀ ਆਗਰਾ ਰਾਹੀਂ ਗਲਤ ਤਰੀਕਿਆਂ ਨਾਲ ਮੰਗਵਾ ਕੇ ਲੁਧਿਆਣਾ ਸ਼ਹਿਰ ਦੇ ਵਖ-ਵਖ ਇਲਾਕਿਆ ਕਰਦਾ ਹੈ। ਮੁਲਜਮਾਂ ਦੇ ਬੈਂਕ ਖਾਤੇ ਅਤੇ ਬਣਾਈ ਪ੍ਰਾਪਰਟੀ ਦੀ ਵੀ ਜਾਂਚ ਕੀਤੀ ਜਾਵੇਗੀ। ਮੁਲਜਮਾਂ ਦੀ ਪਹਿਚਾਣ ਮਨਿੰਦਰਵੀਰ ਸਿੰਘ ਉਰਫ ਰਾਜਾ ਬਲਵੰਤ ਸਿੰਘ ਵਾਸੀ ਨਿਊ ਪਟੇਲ ਨਗਰ, ਹੈਬੋਵਾਲ ਅਤੇ ਸੁਰਿੰਦਰ ਕੁਮਾਰ ਪੁਤਰ ਪੂਰਨ ਚੰਦ ਵਾਸੀ ਮੁਰਾਦਪੁਰ, ਜਿਲ੍ਹਾ ਹੁਸ਼ਿਆਰ ਪੁਰ ਦੇ ਰੂਪ ਵਿਚ ਹੋਈ ਹੈ। ਕੁਲ 28 ਲਖ 88 ਹਜ਼ਾਰ 348 ਗੋਲੀਆਂ ਬਰਾਮਦ ਹੋਈਆਂ ਹਨ। ਜਿਨ੍ਹਾਂ ਦੀ ਬਜ਼ਾਰ ਵਿਚ ਕੀਮਤ 2 ਕਰੋੜ 13 ਲਖ 89 ਹਜ਼ਾਰ 937 ਰੁਪਏ ਹੈ।