1 ਲਖ 34 ਹਜ਼ਾਰ ਰੁਪਏ ਦੀ ਨਗਦੀ, 13 ਮੋਬਾਇਲ ਫੋਨ, 1 ਟੇਬਲੇਟ ਬਰਾਮਦ
ਲੁਧਿਆਣਾ, 19 ਜੁਲਾਈ (ਅੰਮ੍ਰਿਤਪਾਲ ਸਿੰਘ ਸੋਨੂੰ, ਮਨੌਜ ਸ਼ਰਮਾ)- ਪੰਜਾਬ ਪੁਲਿਸ ਦੇ ਉਚ ਅਧਿਕਾਰੀਆਂ ਵਲੋਂ ਮਾੜੇ ਅਨਸਰਾਂ ਖਿਲਾਫ ਕਰਨ ਲਈ ਦਿਤੀਆਂ ਗਈਆਂ ਹਦਾਇਤਾਂ ਅਨੁਸਾਰ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ 2 ਮੁਲਜਮਾਂ ਨੂੰ ਮੈਚ ਉਪਰ ਦੜਾ ਸਟਾ ਲਗਾਉਂਦੇ ਹੋਏ ਕਾਬੂ ਕੀਤਾ ਹੈ। ਕੇਸ ਦੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ ਗੁਰਪ੍ਰੀਤ ਕੌਰ ਪੁਰੇਵਾਲ, ਏ.ਸੀ.ਪੀ ਸਿਵਲ ਲਾਈਨ ਧਰਮਪਾਲ ਅਤੇ ਥਾਣਾ ਮੁਖੀ ਵਿਨੋਦ ਕੁਮਾਰ ਨੇ ਦਸਿਆ ਕਿ ਮੁਖਬਰ ਪਾਸੋ ਇਤਲਾਹ ਮਿਲੀ ਕੇ ਧੂਰੀ ਲਾਈਨ ਵਿਖੇ ਚਿਟੇ ਕੁਆਟਰ ਵਿਚ ਰਾਜ ਕੁਮਾਰ ਨਾਮਕ ਵਿਅਕਤੀ ਤਾਮਿਲਨਾਡੂ ਵਿਚ ਚਲ ਰਹੇ ਪ੍ਰੀਮੀਅਰ ਲੀਗ ਮੈਚ ਉਪਰ ਦੜਾ ਸਟਾ ਲਗਾ ਰਹੇ ਹਨ। ਜਿਸਤੇ ਆਤਮ ਨਗਰ ਚੌਂਕੀ ਇੰਚਾਰਜ ਧਰਮਿੰਦਰ ਸਿੰਘ ਨੇ ਆਪਣੇ ਸਾਥੀ ਕਰਮਚਾਰੀਆਂ ਨਾਲ ਮੌਕੇ ਤੇ ਰੇਡ ਕਰਕੇ ਰਾਜ ਕੁਮਾਰ ਪੁਤਰ ਚਰਨ ਦਾਸ, ਹਿਮਾਂਸ਼ੂ ਮਲਹੋਤਰਾ ਪੁਤਰ ਰਾਜ ਕੁਮਾਰ ਵਾਸੀ ਧੂਰੀ ਲਾਈਨ ਨੂੰ ਮੈਚ ਉਪਰ ਦੜਾ ਸਟਾ ਲਗਾਉਂਦੇ ਹੋਏ ਰੰਗੇਹਥੇ ਕਾਬੂ ਕਰ ਲਿਆ। ਜਿਨ੍ਹਾਂ ਪਾਸੋ 1 ਲਖ 34 ਹਜ਼ਾਰ ਰੁਪਏ, 1 ਟੇਬਲੇਟ, 13 ਮੋਬਾਇਲ ਫੋਨ ਵਖ-ਵਖ ਕੰਪਨੀਆਂ ਅਤੇ 1 ਅਟੈਚੀ ਜਿਸ ਵਿਚ ਮਿੰਨੀ ਟੈਲੀਫ਼ੋਨ ਐਕਸਚੇਜ਼ ਬਣਾਈ ਹੋਈ ਹੈ ਬਰਾਮਦ ਹੋਏ ਹਨ। ਇਸ ਨਜ਼ਾਇਜ ਧੰਦੇ ਵਿਚ ਇਹਨਾਂ ਦੇ ਬਾਕੀ 3 ਸਾਥੀ ਟੋਨੀ ਵਾਸੀ ਇਸਲਾਮਗੰਜ, ਕਾਕੂ ਵਾਸੀ ਹੈਬੋਵਾਲ ਕਲਾਂ ਅਤੇ ਰਮੇਸ਼ ਕੁਮਾਰ ਪੁਤਰ ਪ੍ਰੇਮ ਨਾਥ ਵਾਸੀ ਕਲਸੀਆਂ ਵਾਲੀ ਗਲੀ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਇਹਨਾਂ ਮੁਲਜਮਾਂ ਖਿਲ਼ਾਫ 420, 120-ਬੀ ਆਈ.ਪੀ.ਸੀ ਅਤੇ ਗੇਮਬਲਿੰਗ ਐਕਟ ਦੇ ਤਹਿਤ ਮਾਡਲ ਟਾਊਨ ਥਾਣਾ ਵਿਖੇ ਮੁਕਦਮਾ ਦਰਜ ਕਰ ਦਿਤਾ। ਰਾਜ ਕੁਮਾਰ ਖਿਲ਼ਾਫ ਪਹਿਲਾ ਵੀ 2 ਮੁਕਦਮੇ ਦਰਜ ਹਨ।