April 20, 2026 1:49 pm

ਧੋਨੀ ਨੇ ਇੱਕ ਰੋਜ਼ਾ ਵਿੱਚ ਕੀਤੇ 300 ਸ਼ਿਕਾਰ

ਲੰਡਨ – ਸਾਬਕਾ ਭਾਰਤੀ ਕਪਤਾਨ ਅਤੇ ਮੌਜੂਦਾ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਇੱਕ ਰੋਜ਼ਾ ਕ੍ਰਿਕਟ ਵਿੱਚ ਵਿਕਟ ਪਿੱਛੇ 300 ਕੈਚ ਲੈਣ ਦਾ ਟੀਚਾ ਅੱਜ ਪੂਰਾ ਕਰ ਲਿਆ ਹੈ। ਧੋਨੀ ਨੇ ਇੰਗਲੈਂਡ ਖ਼ਿਲਾਫ਼ ਦੂਜੇ ਇੱਕ ਰੋਜ਼ਾ ਵਿੱਚ ਬੇਨ ਸਟੌਕਸ ਅਤੇ ਜੋਸ ਬਟਲਰ ਦੇ ਕੈਚ ਲੈ ਕੇ ਇੱਕ ਰੋਜ਼ਾ ਵਿੱਚ ਆਪਣੇ 300 ਕੈਚ ਪੂਰੇ ਕੀਤੇ। ਧੋਨੀ ਇਹ ਉਪਲਬਧੀ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਅਤੇ ਦੁਨੀਆ ਦਾ ਚੌਥਾ ਵਿਕਟਕੀਪਰ ਬਣ ਗਿਆ ਹੈ। ਧੋਨੀ ਦਾ ਇਹ 320ਵਾਂ ਮੈਚ ਸੀ। ਸ੍ਰੀਲੰਕਾ ਦਾ ਕੁਮਾਰ ਸੰਗਾਕਾਰਾ 383 ਕੈਚ, ਦੱਖਣੀ ਅਫਰੀਕਾ ਦਾ ਮਾਰਕ ਬਾਊਚਰ 402 ਕੈਚ ਅਤੇ ਆਸਟਰੇਲੀਆ ਦਾ ਐਡਮ ਗਿਲਕ੍ਰਿਸਟ 417 ਕੈਚ ਲੈ ਕੇ ਧੋਨੀ ਤੋਂ ਅੱਗੇ ਹਨ। ਕੁੱਲ ਮਿਲਾ ਕੇ ਧੋਨੀ ਵਿਕਟਾਂ ਪਿੱਛੇ ਹੁਣ ਤੱਕ 407 ਸ਼ਿਕਾਰ ਕਰ ਚੁੱਕਿਆ ਹੈ। ਭਾਰਤੀ ਵਿਕਟ ਕੀਪਰ ਨੇ ਇਸ ਤੋਂ ਪਹਿਲਾਂ ਇੰਗਲੈਂਡ ਖ਼ਿਲਾਫ਼ ਤੀਜੇ ਟੀ-20 ਮੈਚ ਵਿੱਚ ਵਿਕਟਾਂ ਪਿੱਛੇ ਰਿਕਾਰਡ ਪੰਜ ਕੈਚ ਲੈ ਕੇ ਇਸ ਛੋਟੇ ਰੂਪ ਦੀ ਕ੍ਰਿਕਟ ਵਿੱਚ 50 ਕੈਚ ਪੂਰੇ ਕੀਤੇ ਸਨ। ਇਹ ਉਪਲਬਧੀ ਹਾਸਲ ਕਰਨ ਵਾਲਾ ਉਹ ਪਹਿਲਾ ਵਿਕਟਕੀਪਰ ਬਣਿਆ ਸੀ।

Send this to a friend