ਲੰਡਨ – ਫਾਰਮ ਵਿੱਚ ਪਰਤੇ ਜੋਏ ਰੂਟ ਦੇ ਸੈਂਕੜੇ ਮਗਰੋਂ ਲਿਯਾਮ ਪਲੰਕੇਟ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਇੰਗਲੈਂਡ ਨੇ ਦੂਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਅੱਜ 86 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-1 ਨਾਲ ਵਾਪਸੀ ਕਰ ਲਈ। ਪਹਿਲਾ ਮੈਚ ਹਾਰਨ ਵਾਲੀ ਇੰੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ’ਤੇ 322 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤੀ ਟੀਮ 236 ਦੌੜਾਂ ’ਤੇ ਢੇਰ ਹੋ ਗਈ। ਭਾਰਤੀ ਬੱਲੇਬਾਜ਼ ਇੰਗਲੈਂਡ ਦੇ ਗੇਂਦਬਾਜ਼ਾਂ ਸਾਹਮਣੇ ਖੁੱਲ੍ਹ ਕੇ ਖਡੇ ਨਹੀਂ ਸਕੇ। ਮਹਿੰਦਰ ਸਿੰਘ ਧੋਨੀ ਨੇ ਵੀ 59 ਗੇਂਦਾਂ ਵਿੱਚ 37 ਦੌੜਾਂ ਬਣਾਈਆਂ। ਸੁਰੇਸ਼ ਰੈਣਾ ਨੇ 46 ਅਤੇ ਵਿਰਾਟ ਕੋਹਲੀ ਨੇ 45 ਦੌੜਾਂ ਬਣਾਈਆਂ, ਜਦੋਂਕਿ ਸ਼ਿਖਰ ਧਵਨ ਨੇ 36 ਦੌੜਾਂ ਦਾ ਯੋਗਦਾਨ ਪਾਇਆ। ਇੰਗਲੈਂਡ ਦੇ ਗੇਂਦਬਾਜ਼ ਪਲੰਕੇਟ ਨੇ 46 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਆਪਣਾ 12ਵਾਂ ਇੱਕ ਰੋਜ਼ਾ ਸੈਂਕੜਾ ਪੂਰਾ ਕਰਨ ਵਾਲੇ ਰੂਟ ਨੇ 116 ਗੇਂਦਾਂ ਵਿੱਚ 113 ਦੌੜਾਂ ਬਣਾਈਆਂ। ਕਪਤਾਨ ਇਯੋਨ ਮੌਰਗਨ ਨੇ 53 ਅਤੇ ਹਰਫ਼ਨਮੌਲਾ ਡੇਵਿਡ ਵਿਲੀ ਨੇ 31 ਗੇਂਦਾਂ ਵਿੱਚ ਨਾਬਾਦ 50 ਦੌੜਾਂ ਬਣਾਈਆਂ। ਭਾਰਤ ਦਾ ਖੱਬੇ ਹੱਥ ਦਾ ਸਪਿੰਨਰ ਕੁਲਦੀਪ ਯਾਦਵ ਇੱਕ ਵਾਰ ਫਿਰ ਕਾਮਯਾਬ ਗੇਂਦਬਾਜ਼ ਰਿਹਾ, ਜਿਸ ਨੇ 68 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਦਕਿ ਯੁਜ਼ਵੇਂਦਰ ਚਾਹਲ, ਉਮੇਸ਼ ਯਾਦਵ ਅਤੇ ਹਾਰਦਿਕ ਪਾਂਡੇ ਨੂੰ ਇੱਕ-ਇੱਕ ਵਿਕਟ ਮਿਲੀ।