ਅੱਜ ਪੰਜਾਬ ਅੰਦਰ ਨਸ਼ਿਆਂ ਦਾ ਵਹਿੰਦਾ ਛੇਵਾਂ ਦਰਿਆ ਵਿਕਰਾਲ ਚਣੌਤੀ ਦੇ ਰੂਪ ਵਿੱਚ ਸਾਨੂੰ ਵੰਗਾਰ ਰਿਹਾ ਹੈ , ਅਤੇ ਪੰਜਾਬ ਦੀ ਜਵਾਨੀ ਦਾ ਨਸ਼ਿਆਂ ਰਾਂਹੀ ਹੋ ਰਿਹਾ ਘਾਣ ਸਮੁੱਚੇ ਪੰਜਾਬ ਅਤੇ ਸਮਾਜ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਸ਼ੋਸਲ ਮੀਡੀਆ ਰਾਂਹੀ ਨਸ਼ਰ ਹੋ ਰਹੀਆਂ ਵੀਡੀਓਜ਼ ਇਸ ਗੱਲ ਦੀ ਪੱਕੀ ਗਵਾਹੀ ਭਰਦੀਆਂ ਹਨ , ਕਿ ਪੰਜਾਬ ਅੰਦਰ ਮਾਵਾਂ ਦੇ ਜਵਾਨ ਪੁੱਤ ਨਿੱਤ ਦਿਨ ਨਸ਼ਿਆਂ ਦੀ ਬਲੀ ਚੜ੍ਹ ਰਹੇ ਹਨ । ਟੀਕਿਆਂ ਦੇ ਢੇਰ ਤੇ ਵੱਸਦੀ ਪੰਜਾਬ ਦੀ ਜਵਾਨੀ ਦੀਆਂ ਵਿਚਲਿਤ ਕਰਨ ਵਾਲੀਆਂ ਇਹ ਵੀਡੀਓਜ਼ ਹਰ ਸੰਵੇਦਨਸ਼ੀਲ ਮਨੁੱਖ ਦੇ ਮਨ ਅੰਦਰ ਸੰਸੇ ਤੇ ਝੋਰੇ ਪੈਦਾ ਕਰ ਰਹੀਆਂ ਹਨ । ਪਰਬਤਾਂ ਨਾਲ ਆਢਾ ਲਾਉਣ ਵਾਲੀ ਪੰਜਾਬ ਦੀ ਜਵਾਨੀ ਹੱਥਾਂ ’ਚ ਨਸ਼ਿਆਂ ਦੀ ਸਰਿੰਜਾ ਫੜੀਂ ਸਿਵਿਆਂ ਦੇ ਰਾਹ ਪੈ ਰਹੀ ਹੈ । ਪਰਿਵਾਰਾਂ ਦੇ ਪਰਿਵਾਰ ਧਾਹਾਂ ਮਾਰ ਮਾਰ ਕੇ ਵਿਲਕ ਰਹੇ ਹਨ । ਬੱਚਿਆਂ ਦੀਆਂ ਚੀਕਾਂ ਧਰਤੀ ਪਾੜ ਰਹੀਆਂ ਹਨ । ਬੁੱਢੜੇ ਬਾਪੂ ਜਵਾਨ ਪੁੱਤਾਂ ਦੀਆਂ ਲਾਸ਼ਾ ਨੂੰ ਆਪਣੇ ਮੋਢਿਆਂ ਤੇ ਢੋਹ ਰਹੇ ਹਨ । ਅਜਿਹੇ ਅਤਿ ਨਾਜ਼ਕ ਦੌਰ ਵਿੱਚ ਸੂਬੇ ਦੀਆਂ ਰਾਜਨੀਤਿਕ ਪਾਰਟੀਆਂ ਇਸ ਮੁੱਦੇ ਤੇ ਸਿਰਜੋੜ ਚਿੰਤਨ ਕਰਨ ਦੀ ਬਜਾਏ ਸਿਆਸੀ ਰੋਟੀਆਂ ਸੇਕਣ ਦਾ ਲਾਹਾ ਲੈ ਰਹੀਆਂ ਹਨ । ਇੱਕ ਪਾਰਟੀ ਦੂਜੀ ਪਾਰਟੀ ਨੂੰ ਦੋਸ਼ੀ ਕਰਾਰ ਦੇਣ ਲਈ ਆਪਣੀਆਂ -ਆਪਣੀਆਂ ਤਰਕ ਦਲੀਲਾਂ ਦੇ ਰਹੀ ਹੈ । ਦੂਜੇ ਪਾਸੇ ਕਿੱਧਰੇ ਇਹ ਕੰਨਸੋਆਂ ਵੀ ਉਠ ਰਹੀਆਂ ਹਨ , ਕਿ ਨਸ਼ਿਆਂ ਦੀ ਇਸ ਬਿਮਾਰੀ ਪਿੱਛੇ ਨਸ਼ਿਆਂ ਦੇ ਸੁਦਾਗਰਾਂ ਨੂੰ ਸਾਡੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਸਿਸਟਮ ਦੀ ਸਰਪ੍ਰਸਤੀ ਵੀ ਜਿੰਮੇਵਾਰ ਹੈ । ਪੰਜਾਬ ਅੰਦਰ ਪਿਛਲੇ ਸਮੇਂ ਤੋਂ ਨਸ਼ਿਆਂ ਖਿਲਾਫ ਛਿੜੀ ਇਸ ਬਹਿਸ ਨੂੰ ਪਹਿਲਾਂ ਤਾਂ ਸਾਡਾ ਰਾਜਨੀਤਿਕ ਸਿਸਟਮ ਮੰਨਣ ਲਈ ਹੀ ਤਿਆਰ ਨਹੀਂ ਸੀ । ਜਦੋਂ ਵੀ ਕਦੇ ਨਸ਼ਿਆਂ ਖਿਲਾਫ ਕੋਈ ਗੱਲ ਸਾਹਮਣੇ ਆਉਂਦੀ ਤਾਂ ਰਾਜਨੀਤਿਕ ਸਿਸਟਮ ਝੂਠੇ ਅੰਕੜਿਆਂ ਦੇ ਸਹਾਰੇ ਇਸ ਗੱਲ ਤੇ ਪਰਦਾ ਪਾਉਣ ਦੀ ਹਰ ਸਫਲ ਕੋਸ਼ਿਸ ਕਰਦਾ ਰਿਹਾ ਹੈ । ਅਤੇ ਪੰਜਾਬ ਦੀ ਧਰਤੀ ਨੂੰ ਨਸ਼ਿਆਂ ਦੇ ਗ੍ਰਹਿਣ ਤੋਂ ਮੁਕਤੀ ਦੀ ਕਲੀਨ ਚਿੱਟ ਵੀ ਦਿੰਦਾ ਰਿਹਾ ਹੈ । ਪਰ ਆਖਿਰ ਨੱਕ ਦੀ ਚੋ ਕੇ ਜਦ ਮੂੰਹ ਵਿੱਚ ਪੈਣ ਲੱਗੀ ਤਾਂ ਰਾਜਨੀਤਿਕ ਹਲਕਿਆਂ ਵਿੱਚ ਇਸ ਸਬੰਧੀ ਚੁੰਝ ਚਰਚਾ ਮੁੜ ਸੁਰੂ ਹੋ ਗਈ । ਇਸ ਚੁੰਝ ਚਰਚਾ ਦੇ ਸੁਰੂ ਹੋਣ ਪਿੱਛੇ ਸ਼ੋਸਲ ਮੀਡੀਆਂ ਦੀਆਂ ਖਬਰਾਂ ਦਾ ਉਭਾਰ ਹੈ , ਜਦੋਂ ਨਸ਼ੇ ਦੇ ਸਤਾਏ ਅਤੇ ਉਜਾੜੇ ਲੋਕਾਂ ਨੇ ਸ਼ੋਸਲ ਮੀਡੀਆ ਮੰਚ ਦੇ ਜਰੀਏ ਇਹ ਗੱਲ ਸਮੁੱਚੇ ਲੋਕਾਂ ਦੇ ਸਾਹਮਣੇ ਲੈ ਕੇ ਆਂਦੀ ਤਾਂ ‘ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ’ ਹੋਣ ਲੱਗਿਆ । ਜਿਸ ਗੱਲ ਨੂੰ ਸਾਡਾ ਰਾਜਨੀਤਿਕ ਸਿਸਟਮ ਮੰਨਣ ਤੋਂ ਆਨਾ ਕਾਨੀ ਕਰਦਾ ਸੀ । ਉਸ ਸਿਸਟਮ ਨੂੰ ਸ਼ੋਸਲ ਮੀਡੀਆ ਨੇ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ । ਪਿਛਲੇ ਦਿਨੀਂ ਪੰਜਾਬ ਅੰਦਰ ਬੁਰਛਿਆਂ ਵਰਗੇ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਨੇ ਰਾਜਨੀਤਿਕ ਸਿਸਟਮ ਪ੍ਰਤੀ ਲੋਕ ਉਦਾਸ਼ੀਨਤਾ ਵਾਲਾ ਮਹੌਲ ਵੀ ਪੈਦਾ ਕਰ ਦਿੱਤਾ ਹੈ । ਲੋਕ ਆਪਣੇ ਨੁੰਮਾਦਿੰਆਂ ਨੂੰ ਕੋਸ ਰਹੇ ਹਨ । ਆਪੋ ਆਪਣੇ ਨਜ਼ਰੀਏ ਨਾਲ ਲੋਕਾਂ ਨੇ ਸਰਕਾਰ ਖਿਲਾਫ ਭੰਡੀ ਪ੍ਰਚਾਰ ਵੀ ਸ਼ੁਰੂ ਕੀਤਾ ਹੋਇਆ ਹੈ । ਗੱਲ ਇੱਥੋਂ ਤੱਕ ਅੱਪੜ ਗਈ ਹੈ , ਕਿ ਆਪਣੇ ਰਾਜਨੀਤਿਕ ਅਕਾਵਾਂ ਤੋਂ ਨਿਰਾਸ ਹੋਏ ਲੋਕਾਂ ਨੇ ਖੁਦ ਹੀ ਨਸ਼ਿਆਂ ਦੀ ਅੱਗ ਬਝਾਉਣ ਦਾ ਫੈਸਲਾ ਕਰ ਲਿਆ ਹੈ । ਜੰਗਲ ਦੀ ਅੱਗ ਵਾਂਗ ਫੈਲ ਰਹੀਆਂ ਨਸ਼ਿਆਂ ਦੀਆਂ ਲਪਟਾਂ ਸਮੁੱਚੇ ਪੰਜਾਬ ਨੂੰ ਆਪਣੀ ਅਗੋਸ ਵਿੱਚ ਲਪੇਟ ਲੈਣ ਲਈ ਹਰ ਰੋਜ ਅੱਗੇ ਵੱਧ ਰਹੀਆਂ ਹਨ । ਜਿਸ ਦੇ ਨਤੀਜੇ ਵਜੋਂ ਸਮਾਜਕ ਚਿੰਤਕ , ਵਿਦਵਾਨ ਅਤੇ ਬੁੱਧੀਮਾਨ ਲੋਕਾਂ ਨੂੰ ਅੱਗੇ ਆ ਕੇ ਅੱਗ ਬੁਝਾਉਣ ਦੀ ਵੱਡੀ ਲੋੜ ਭਾਸ ਰਹੀ ਹੈ , ਜੋ ਕਿਸੇ ਹੱਦ ਤੱਕ ਪੂਰੀ ਹੁੰਦੀ ਵੀ ਜਾਪ ਰਹੀ ਹੈ । ਨਸ਼ਿਆਂ ਖਿਲਾਫ ਲੋਕ ਲਾਮਬੰਦੀ ਪੈਦਾ ਕਰਨ ਲਈ ਸ਼ੋਸਲ ਮੀਡੀਆਂ ਇੱਕ ਕਾਰਗਰ ਹਥਿਆਰ ਵਜੋਂ ਕੰਮ ਆਉਂਦਾ ਨਜਰੀ ਪੈ ਰਿਹਾ ਹੈ । ਕਿੳਂਕਿ ਸ਼ੋਸਲ ਮੀਡੀਆਂ ਨੇ ਵਿਲਕਦੀਆਂ ਮਾਵਾਂ , ਧਾਹਾਂ ਮਾਰ ਮਾਰ ਰੋਦੇਂ ਬੱਚਿਆਂ ਦੀਆਂ ਜੋ ਵੀਡੀਓਜ਼ ਨੂੰ ਲੋਕਾਈ ਦੇ ਸਨਮੁੱਖ ਕੀਤਾ ਹੈ । ਉਨ੍ਹਾਂ ਵੀਡੀਓਜ਼ ਨੇ ਸਮੁੱਚੇ ਸਮਾਜ ਨੂੰ ਸ਼ੋਚਣ ਲਈ ਅਤੇ ਇਕੱਤਰ ਹੋ ਕੇ ਕੋਈ ਸਾਰਥਿਕ ਰਾਹ ਤਲਾਸ਼ਣ ਲਈ ਮਜਬੂਰ ਕਰ ਦਿੱਤਾ ਹੈ । ਜੋ ਕੰਮ ਸਾਡੇ ਰਾਜਨੀਤਿਕ ਆਕਾ ਨਹੀਂ ਕਰ ਸਕੇ ਉਸ ਕੰਮ ਦੀਆਂ ਸੰਭਾਵਨਾਂਵਾ ਸ਼ੋਸਲ ਮੀਡੀਆਂ ਦੇ ਜ਼ਰੀਏ ਖੜ੍ਹੀ ਹੋ ਰਹੀ ਲੋਕ ਲਹਿਰ ਵਿੱਚੋਂ ਨਜ਼ਰੀਂ ਪੈ ਰਹੀਆਂ ਹਨ । ਸਮੁੱਚਾ ਪੰਜਾਬ ਇਸ ਵਿਕਰਾਲ ਚਣੌਤੀ ਲਈ ਇੱਕਸੁਰ ਹੋਇਆ ਜਾਪਦਾ ਹੈ । ‘ਆਪਣੇ ਘਰ ਲੱਗੀ ਤਾਂ ਅੱਗ ਦੂਜੇ ਘਰ ਲੱਗੀ ਤਾਂ ਬੈਸੰਤਰ’ ਵਰਗੀ ਧਾਰਨਾਂ ਟੁੱਟਦੀ ਜਾਪ ਰਹੀ ਹੈ। ਅੱਜ ਜੋ ਪੰਜਾਬ ਦੀ ਹਾਲਤ ਅਤੇ ਹਾਲਾਤ ਹਨ , ਤਾਂ ਅਜਿਹੇ ਸਮੇਂ ਵਿੱਚ ਸਮੁੱਚੇ ਪੰਜਾਬ ਦਾ ਇੱਕਸੁਰ ਹੋਣਾ ਅਤਿ ਜਰੂਰੀ ਹੈ । ਅਜਿਹੇ ਸਮੇਂ ਵਿੱਚ ਸਾਡੇ ਰਾਜਨੀਤਿਕ ਸਿਸਟਮ ਨੂੰ ਵੀ ਆਪਣੀ ਜਿੰਮੇਵਾਰੀ ਪੂਰੀ ਸੰਜੀਦਗੀ ਅਤੇ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ , ਤਾਂ ਜੋ ਪੰਜਾਬ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਜੜੋਂ ਉਖਾੜਿਆ ਜਾ ਸਕੇ । ਆਓ , ਸ਼ੋਸਲ ਮੀਡੀਆ ਤੇ ਨਸ਼ਿਆਂ ਖਿਲਾਫ ਛਿੜੀ ਇਸ ਜੰਗ ਨੂੰ ਹਕੀਕੀ ਰੂਪ ਵਿੱਚ ਬਦਲੀਏ , ਸ਼ੋਸਲ ਮੀਡੀਆ ਦੀ ਦੁਨੀਆਂ ਤੋਂ ਯਥਾਰਥੀ ਦੁਨੀਆਂ ਵੱਲ ਕਦਮ ਵਧਾਈਏ ਅਤੇ ਇਕੱਤਰ ਤੇ ਇੱਕਸੁਰ ਹੋ ਕੇ ਨਸ਼ਿਆਂ ਖਿਲਾਫ ਤਕੜੀ ਜੰਗ ਵਿੱਢੀਏ ਤਾਂ ਜੋ ਪੰਜਾਬ ਵਿੱਚ ਘੁੰਮ ਰਹੇ ਨਸ਼ਿਆਂ ਦੇ ਦੈਂਤ ਨੂੰ ਕਾਬੂ ਕਰਕੇ ਪੰਜਾਬ ਦੀ ਜਵਾਨੀਂ ਨੂੰ ਬਚਾਇਆ ਜਾ ਸਕੇ ।
ਨਸ਼ਿਆਂ ਖਿਲਾਫ਼ ਸ਼ੋਸਲ ਮੀਡੀਆ ਖੜ੍ਹੀ ਕਰ ਸਕਦਾ ਹੈ, ਵੱਡੀ ਲੋਕ ਲਹਿਰ



