Skip to content
Independent perspectives. Global stories.
BREAKING

ਯਕੀਂ ਕੇ ਨੂਰ ਸੇ, ਰੌਸ਼ਨ ਹੈਂ ਰਾਸਤੇ ਅਪਨੇ

Share this story

‘‘ਸਾਡੇ ਕੋਲ ਕੋਈ ਡਿਗਰੀ ਨਹੀਂ, ਅਸੀਂ ਜ਼ਿਆਦਾ ਪੜ੍ਹੇ ਲਿਖੇ ਨਹੀਂ, ਸਾਡੇ ਕੋਲ ਨਿਵੇਸ਼ ਕਰਨ ਲਈ ਧਨ ਨਹੀਂ। ਸਾਡੇ ਕੋਲ ਪੈਸਾ ਨਹੀਂ। ਕੀ ਫਿਰ ਵੀ ਅਸੀਂ ਕੋਈ ਵੱਡਾ ਸੁਪਨਾ ਸਿਰਜ ਸਕਦੇ ਹਾਂ। ਦੌਲਤ ਅਤੇ ਸ਼ੋਹਤ ਦੇ ਮਾਲਕ ਬਣ ਸਕਦੇ ਹਾਂ। ਕੀ ਇਸ ਹਾਲਾਤ ਵਿੱਚ ਵੀ ਅਸੀਂ ਸੱਤਾ ਦੇ ਮਾਲਕ ਬਣ ਸਕਦੇ ਹਾਂ।’’ ਇਸ ਕਿਸਮ ਦੇ ਸਵਾਲ ਅਕਸਰ ਪੁਛੇ ਜਾਂਦੇ ਹਨ। ਅਜਿਹੇ ਲੋਕਾਂ ਨੂੰ ਮੇਰਾ ਜਵਾਬ ਹੁੰਦਾ ਹੈ ਕਿ ਦੌਲਤਮੰਦ ਬਣਨ ਲਈ ਅਤੇ ਸ਼ੋਹਰਤ ਕਮਾਉਣ ਲਈ ਸਿਰਫ ਪੈਸਾ ਜਾਂ ਡਿਗਰੀ ਹੀ ਲੋੜੀਂਦੀ ਨਹੀਂ ਹੁੰਦੀ। ਨਿਵੇਸ਼ ਕਰਨ ਲਈ ਪੈਸਾ ਹੋਵੇ ਅਤੇ ਪੇਸੇ ਨਾਲ ਸਬੰਧਤ ਦੀ ਡਿਗਰੀ ਹੋਵੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ ਪਰ ਇਹ ਗੱਲ ਵੀ ਉਨੀ ਹੀ ਸੱਚੀ ਹੈ ਕਿ ਜੇ ਤੁਹਾਡੇ ਵਿੱਚ ਸਫਲ ਹੋਣ ਦਾ ਜਜ਼ਬਾ ਹੋਵੇ, ਆਪਣੇ ਆਪ ’ਤੇ ਵਿਸ਼ਵਾਸ ਹੋਵੇ, ਇਰਾਦਾ ਦ੍ਰਿੜ ਹੋਵੇ ਅਤੇ ਮਿਹਨਤ ਤੇ ਲਗਨ ਆਦਤ ਹੋਵੇ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਤੁਹਾਨੂੰ ਸਫਲ ਹੋਣ ਤੋਂ ਨਹੀਂ ਰੋਕ ਸਕਦੀ। ਅਸਲ ਵਿੱਚ ਮਨੁੱਖੀ ਫਿਤਰਤ ਹੈ ਕਿ ਅਸੀਂ ਹਮੇਸ਼ਾਂ ਇਹ ਸੋਚਦੇ ਹਾਂ ਕਿ ਸਾਡੇ ਕੋਲ ਕਿੰਨਾ ਕੁੱਝ ਹੈ। ਜਿਹੜੇ ਲੋਕਾਂ ਨੇ ਕੁਝ ਵੱਡਾ ਕਰਨਾ ਹੁੰਦਾ ਹੈ ਉਹ ਹਮੇਸ਼ਾਂ ਵੱਡਾ ਸੋਚਦੇ ਹਨ। ਉਨ੍ਹਾਂ ਦੇ ਅੰਦਰ ਕੁੱਝ ਵੱਡਾ ਕਰਨ ਦੀ ਤਮਨਾ ਹੁੰਦੀ ਹੈ। ਉਨ੍ਹਾਂ ਅੰਦਰ ਇਕ ਇੱਛਾ ਹੁੰਦੀ ਹੈ। ਪ੍ਰਬਲ ਇੱਛਾ ਦਾ ਮਤਲਬ ਹੈ ਕਿ ਲਕਸ਼ ਬਣਾਉਣਾ, ਫਿਰ ਕੰਮਾਂ ਦੀ ਇਕ ਯੋਜਨਾ ਬਣਾਉਣਾ ਜੋ ਤੁਹਾਨੂੰ ਉਸ ਲਕਸ਼ ਤੱਕ ਪਹੁੰਚਾ ਦੇਵੇ। ਫਿਰ ਉਸ ਕੰਮ ਵਿੱਚ ਤਦ ਤੱਕ ਜੁਟੇ ਰਹਿਣਾ ਜਦੋਂ ਤੱਕ ਲਕਸ਼ ਹਾਸਲ ਨਾ ਹੋ ਜਾਵੇ। ਸਭ ਤੋਂ ਮਹੱਤਵਪੂਰਨ ਗੱਲ ਹੈ ਕੰਮ ਵਿੱਚ ਜੁਟੇ ਰਹਿਣਾ। ਲਗਨ ਨਾਲ ਲੱਗੇ ਰਹਿਣਾ, ਬਿਨਾਂ ਰੁਕੇ ਮੰਜ਼ਿਲ ਵੱਲ ਚਲਦੇ ਰਹਿਣਾ।
ਮੰਜ਼ਿਲ ਵੱਲ ਵਧਦੇ ਹੋਏ ਤੁਹਾਡੇ ਰਾਹ ਵਿੱਚ ਕਠਿਨਾਈਆਂ ਵੀ ਆਉਣਗੀਆਂ। ਕਈ ਵਾਰ ਅਸਫਲਤਾਵਾਂ ਵੀ ਮਿਲਣਗੀਆਂ। ਕਈ ਵਾਰ ਹਾਰਾਂ ਦਾ ਮੂੰਹ ਵੀ ਦੇਖਣਾ ਪੈ ਸਕਦਾ ਹੈ। ਜਦੋਂ ਪ੍ਰਸਥਿਤੀਆਂ ਵਿਪਰੀਤ ਹੋਣ ਅਤੇ ਤੁਹਾਨੂੰ ਕੋਈ ਉਮੀਦ ਦੀ ਕਿਰਨ ਨਾ ਦਿਖ ਰਹੀ ਹੋਵੇ ਤਾਂ ਇਨਸਾਨ ਨੂੰ ਸੰਜਮ ਅਤੇ ਸਬਰ ਨਹੀਂ ਖੋਣਾ ਚਾਹੀਦਾ। ਪ੍ਰਥਿਤੀਆਂ ਅੱਗੇ ਹਾਰ ਨਹੀਂ ਮਨਣੀ ਚਾਹੀਦੀ। ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।
ਦੂਰ ਤੱਕ ਕਾਂਟੇ ਬਿਛੇ ਥੇ,
ਜ਼ਿੰਦਗੀ ਕੀ ਰਾਹ ਮੇਂ
ਢੂੰਡਨੇ ਵਾਲੋਂ ਨੇ ਦੇਖੋ,
ਫਿਰ ਭੀ ਕਲੀਆਂ ਢੂੰਡ ਲੀ।
ਉਕਤ ਧਾਰਨਾ ਦੀ ਪੁਸ਼ਟੀ ਲਈ ਹਿੰਦੁਸਤਾਨ ਦੀ ਗਰੀਬੀ ਹੰਢਾ ਰਹੇ ਮਾਪਿਆਂ ਦੇ ਘਰ 1962 ਵਿੱਚ ਪੈਦਾ ਹੋਏ ਕੰਵਰ ਸਚਦੇਵਾ ਦੀ ਕਹਾਣੀ ਲੈ ਸਕਦੇ ਹਾਂ। ਪਰਿਵਾਰ ਵਿੱਚ ਗਰੀਬੀ ਦਾ ਆਲਮ ਇਹ ਸੀ ਕਿ ਜਦੋਂ ਕੰਵਰ ਦੱਸਵੀਂ ਵਿੱਚ ਪੜ੍ਹਦਾ ਸੀ। ਉਸ ਨੂੰ ਆਪਣੇ ਘਰ ਦਾ ਖਰਚਾ ਚਲਾਉਣ ਲਈ ਆਪਣੇ ਭਰਾ ਨਾਲ ਮਿਲਕੇ ਕੰਮ ਕਰਨਾ ਪੈਂਦਾ ਸੀ। ਉਹ ਦੋਵੇਂ ਘਰ-ਘਰ ਜਾ ਕੇ ਪੈਨ ਵੇਚਦੇ ਸਨ। ਆਮਦਨ ਬੜੀ ਸੀਮਿਤ ਸੀ। ਕੰਵਰ ਨੇ ਇਹ ਕੰਮ ਛੱਡ ਕੇ ਇਕ ਕੇਬਲ ਵਾਲੇ ਕੋਲ ਨੌਕਰੀ ਕਰ ਲਈ ਹੁਣ ਉਸ ਦਾ ਕੰਮ ਘਰ-ਘਰ ਜਾ ਕੇ ਟੀ.ਵੀ. ਸੈਟਾਂ ’ਤੇ ਕੇਬਲ ਕੁਨੈਕਸ਼ਨ ਦੇਣਾ ਸੀ।
ਇਸ ਕਮਾਈ ਤੋਂ ਕੰਵਰ ਸਚਦੇਵ ਨੇ ਦੱਸ ਹਜ਼ਾਰ ਰੁਪਏ ਜੋੜੇ ਅਤੇ ਆਪਣੀ ਖੁਦ ਦੀ ਦੁਕਾਨ ਖੋਲ੍ਹ ਲਈ। ਉਸ ਨੇ ਆਪਣੀ ਦੁਕਾਨ ਦਾ ਨਾਂ ‘ਸੂ-ਕੈਮ’ ਰੱਖਿਆ ਹੁਣ ਉਹ ਕੇਬਲ ਡਿਸਟੀਬਿਊਟਰ ਬਣ ਗਿਆ ਸੀ। ਉਸ ਕੋਲ ਭਾਵੇਂ ਜ਼ਿਆਦਾ ਧਨ ਨਹੀਂ ਸੀ ਤੇ ਨਾ ਹੀ ਜ਼ਿਆਦਾ ਵਿਦਿਆ। ਉਸ ਦੇ ਮਨ ਵਿੱਚ ਵੱਡੇ-ਵੱਡੇ ਸੁਪਨੇ ਮਚਲ ਰਹੇ ਸਨ। ਉਸ ਨੂੰ ਆਪਣੇ ਆਪ ’ਤੇ ਪੂਰਾ ਵਿਸ਼ਵਾਸ ਸੀ ਕਿ ਉਹ ਕੁਝ ਵੱਡਾ ਕਰੇਗਾ। ਜਿਸ ਨੂੰ ਆਪਣੇ ਆਪ ਤੇ ਵਿਸ਼ਵਾਸ ਹੁੰਦਾ ਹੈ ਉਹ ਸੱਚਮੁੱਚ ਕੁਝ ਵੱਡਾ ਕਰ ਜਾਂਦਾ ਹੈ। ਸ਼ਾਇਰ ਵਜਾਹਤ ਅਲੀ ਸੰਦੇਲਵੀ ਠੀਕ ਹੀ ਕਹਿੰਦਾ ਹੈ-
ਯਹੀਂ ਕੇ ਨੂਰ ਸੇ,
ਰੌਸ਼ਨ ਹੈ ਰਾਸਤੇ ਅਪਨੇ
ਯੇ ਵੋ ਚਿਰਾਗ ਹੈ,
ਤੁਫਾਨ ਜਿੰਨੇ ਬੁਝਾ ਨਾ ਸਕੇ।
ਕੰਵਰ ਸਚਦੇਵਾ ਕੁਝ ਨਵਾਂ ਕਰਨ ਦੀ ਤਾਕ ਵਿੱਚ ਸੀ ਉਹ ਕੁਝ ਅਜਿਹਾ ਕਰਨਾ ਚਾਹੁੰਦਾ ਸੀ ਜਿਸ ਨਾਲ ਉਹ ਦੌਲਤਮੰਦ ਬਣ ਸਕੇ। ਉਸ ਨੂੰ ਇਨਵਰਟਰ ਬਣਾਉਣ ਦਾ ਖਿਆਲ ਆਇਆ। ਉਨ੍ਹਾਂ ਦਿਨਾਂ ਵਿੱਚ ਇਨਵਰਟਰ ਬਣਾਉਣ ਦਾ ਧੰਦਾ ਘੱਟ ਹੀ ਹੁੰਦਾ ਸੀ। ਉਸ ਨੇ ਕਈ ਇੰਜੀਨੀਅਰਾਂ ਦੀ ਮੱਦਦ ਲਈ ਅਤੇ ਛੋਟੇ ਪੱਧਰ ’ਤੇ ਇਨਵਰਟਰ ਬਨਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਉਸ ਨੂੰ ਕਈ ਕਿਸਮ ਦੀਆਂ ਮੁਸ਼ਕਿਲਾਂ ਆਈਆਂ। ਬਹੁਤ ਸਾਰੇ ਲੋਕਾਂ ਨੇ ਉਸ ਦਾ ਦਿਲ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਲੱਗਾ ਰਿਹਾ। ਹੌਲੀ-ਹੌਲੀ ਉਸ ਦਾ ਕੰਮ ਚੱਲ ਨਿਕਲਿਆ। ਸੁ-ਕੈਮ ਇਨਵਰਟਰ ਸਾਰੀ ਦੁਨੀਆਂ ਵਿੱਚ ਪ੍ਰਸਿੱਧ ਹੋ ਚੁੱਕਿਆ ਹੈ। ਅੱਜ ਕੰਵਰ ਸਚਦੇਵਾ ਦੀ ਕੰਪਨੀ ਦਾ ਕਾਰੋਬਾਰ 7 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕਿਆ ਹੈ। ਦਸ ਹਜ਼ਾਰ ਰੁਪਏ ਨਾਲ ਸ਼ੁਰੂ ਹੋਇਆ ਕੰਵਰ ਸਚਦੇਵਾ ਦਾ ਇਹ ਧੰਦਾ ਅੱਜ 29 ਬੀਲੀਅਨ ਡਾਲਰ (1836 ਅਰਬ ਰੁਪਏ ਦੇ ਟਰਨਓਵਰ ਤੱਕ ਪਹੁੰਚ ਚੁੱਕਿਆ ਹੈ। ਪਿਆਰੇ ਪਾਠਕੋ ਹੁਣ ਤਾਂ ਸਪੱਸ਼ਟ ਹੋ ਚੁੱਕਿਆ ਹੋਵੇਗਾ ਕਿ ਸਫਲਤਾ ਲਈ ਮਿਹਨਤ, ਲਗਨ, ਵਿਸ਼ਵਾਸ ਅਤੇ ਦ੍ਰਿੜ ਇਰਾਦੇ ਦੀ ਜ਼ਰੂਰਤ ਹੁੰਦੀ ਹੈ।

WRITTEN BY