ਪੰਜਾਬ ਦੀ ਬਹੁਤ ਹੀ ਨਿਰਾਸ਼ਾਜਨਕ ਤਸਵੀਰ ਉਭਰ ਰਹੀ ਹੈ। ਸੋਸ਼ਲ ਮੀਡੀਆ ਉਪਰ ਤਾਂ ਪੰਜਾਬ ਪੂਰੀ ਤਰ੍ਹਾਂ ਡੁੱਬਦਾ ਅਤੇ ਉਜੜਦਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਦਰਿਆ ਪਲੀਤ ਕੀਤੇ ਜਾ ਰਹੇ ਹਨ। ਪਾਣੀ ਦੇ ਕੁਦਰਤੀ ਸੋਮਿਆਂ ਨੂੰ ਬੇਦਰਦੀ ਨਾਲ ਲੁਟਿਆ ਅਤੇ ਲੁਟਾਇਆ ਜਾ ਰਿਹਾ ਹੈ। ਵਾਤਾਵਰਣ ਦੀ ਮਲੀਨਤਾ ਸਾਰੇ ਹੱਦਾਂ-ਬੰਨ੍ਹਾਂ ਪਾਰ ਕਰ ਗਈ ਹੈ। ਰੁੱਖਾਂ ਦੀ ਕਟਾਈ ਨੇ ਵੱਡੇ ਖਤਰੇ ਪੈਦਾ ਕਰ ਦਿੱਤੇ ਹਨ। ਦਰਿਆਵਾਂ ਨੂੰ ਪਲੀਤ ਕਰਨ ਦਾ ਮਸਲਾ ਬੜੇ ਜ਼ੋਰ-ਸ਼ੋਰ ਨਾਲ ਉਭਰਦਾ ਹੈ। ਲੱਗਦਾ ਸੀ ਕਿ ਲੋਕ ਲਹਿਰ ਉਠੇਗੀ ਅਤੇ ਸਰਕਾਰ ਨੂੰ ਕੁੱਝ ਕਰਨ ਲਈ ਮਜ਼ਬੂਰ ਕਰੇਗੀ ਪ੍ਰੰਤੂ ਕੁਝ ਦਿਨਾਂ ਬਾਅਦ ਫਿਰ ਆਮ ਵਰਗੇ ਹਾਲਾਤ ਹੋ ਜਾਂਦੇ ਹਨ। ਦਰਿਆਵਾਂ ਦੇ ਪਾਣੀਆਂ ਦੀ ਚਿੰਤਾ ਕਿਧਰੇ ਗਾਇਬ ਹੋ ਜਾਂਦੀ ਹੈ। ਇਸੇ ਤਰ੍ਹਾਂ ਰੁੱਖਾਂ ਬਾਰੇ ਗੱਲ ਤੁਰਦੀ-ਤੁਰਦੀ ਰੁਕ ਜਾਂਦੀ ਹੈ। ਬੇਰੁਜ਼ਗਾਰੀ ਦਾ ਮਸਲਾ ਤਾਂ ਵਿਦੇਸ਼ੀ ਪ੍ਰਵਾਸ ਨੇ ਲਗਭਗ ਹੱਲ ਕਰ ਦਿੱਤਾ ਹੈ। ਨੌਜਵਾਨਾਂ ਨੇ ਸਰਕਾਰੀ ਨੌਕਰੀਆਂ ਦੀ ਆਸ ਛੱਡ ਦਿੱਤੀ ਹੈ। ਸਰਕਾਰ ਲਈ ਹੁਣ ਇਹ ਚਿੰਤਾ ਦਾ ਵਿਸ਼ਾ ਨਹੀਂ ਹੈ। ਸਰਕਾਰ ਤੋਂ ਤਾਂ ਪਹਿਲਾਂ ਵਾਲੇ ਹੀ ਸਰਕਾਰੀ ਨੌਕਰ ਨਹੀਂ ਸੰਭਾਲੇ ਜਾ ਰਹੇ। ਕਰਜ਼ਿਆਂ ਦੀ ਮੁਆਫੀ ਦੀ ਸ਼ੁਰੂਆਤ ਦੇ ਬਾਵਜੂਦ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਜਿਉਂ ਦਾ ਤਿਉਂ ਜਾਰੀ ਹੈ। ਨਸ਼ਿਆਂ ਦਾ ਪ੍ਰਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸਰਕਾਰ ਦਾ ਦਾਅਵਾ ਕੁਝ ਵੀ ਹੋਵੇ ਪ੍ਰੰਤੂ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਾਲਾਤ ਬਹੁਤ ਬਦ ਤੋਂ ਬਦਤਰ ਹਨ। ਨਸ਼ਾ ਕੌਣ ਵੇਚਦਾ ਹੈ ਜਾਂ ਵਿਕਾਉਂਦਾ ਹੈ ਇਹ ਗੱਲ ਹਾਲੇ ਰਾਜ ਬਣੀ ਹੋਈ ਹੈ ਪਰ ਨਸ਼ੇ ਕਾਰਨ ਉਜੜ ਰਹੇ ਘਰਾਂ ਦੇ ਸਿਰਨਾਵੇਂ ਆਸਮਾਨ ’ਤੇ ਲਿਖੇ ਜਾ ਰਹੇ ਹਨ। ਰੋਂਦੀਆਂ ਮਾਵਾਂ ਦੇ ਵੈਣਾਂ ਲਈ ਹੁਣ ਸ਼ਾਇਦ ਇਕ ਵੱਖਰਾ ਟੀ.ਵੀ. ਚੈਨਲ ਸ਼ੁਰੂ ਕਰਨਾ ਪਵੇਗਾ। ਦੋ ਦਿਨਾਂ ਵਿੱਚ ਪੰਜਾਬ ਦੇ ਅੱਧੀ ਦਰਜਨ ਤੋਂ ਵੱਧ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਗਏ ਹਨ। ਰੋਂਦੀਆਂ-ਕੁਰਲਾਉਂਦੀਆਂ ਮਾਵਾਂ ਸੋਸ਼ਲ ਮੀਡੀਆ ’ਤੇ ਤੜਫ ਰਹੀਆਂ ਹਨ। ਇਹ ਪਤਾ ਕਿਸ ਤਰ੍ਹਾਂ ਦਾ ਮੀਡੀਆ ਹੈ ਜਿਹੜਾ ਸਰਕਾਰ ਤੱਕ ਨਹੀਂ ਪਹੁੰਚਦਾ ਜਾਂ ਫਿਰ ਮੁੱਖ ਮੰਤਰੀ, ਮੰਤਰੀਆਂ ਅਤੇ ਅਧਿਕਾਰੀਆਂ ਦਾ ਕੋਈ ਹੋਰ ਚੈਨਲ ਹੈ। ਇਸ ਕਾਰਨ ਹੀ ਲੋਕਾਂ ਅਤੇ ਸਰਕਾਰ ਦਰਮਿਆਨ ਇਕ ਪਾੜਾ ਸਾਫ ਦਿਖ ਰਿਹਾ ਹੈ। ਨਸ਼ਿਆਂ ਕਾਰਨ ਮਾੜੀ ਹਾਲਤ ਕੋਈ ਸਿਆਸੀ ਪ੍ਰਚਾਰ ਨਹੀਂ ਹੈ। ਇਹ ਉਜੜ ਗਏ ਪਰਿਵਾਰਾਂ ਦੀ ਕੁਰਲਾਹਟ ਹੈ। ਇਹ ਕੁਰਲਾਹਟ ਚੰਡੀਗੜ੍ਹ ਦੇ ਰਾਹ ਵਿੱਚ ਹੀ ਦਮ ਤੋੜ ਜਾਂਦੀ ਹੈ। ਇਸ ਕਾਰਨ ਹੀ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ। ਹੇਠਲੇ ਪੱਧਰ ਦੇ ਸਰਕਾਰੀ ਅਧਿਕਾਰੀਆਂ ਅਤੇ ਦੂਜੇ ਦਰਜੇ ਦੇ ਸਿਆਸੀ ਨੇਤਾਵਾਂ ਦੀ ਸਰਪ੍ਰਸਤੀ ਹੇਠ ਸਭ ਕੁਝ ‘ਠੀਕ-ਠਾਕ’ ਚਲਦਾ ਰਹਿੰਦਾ ਹੈ। ਨਸ਼ਿਆਂ ਦੇ ਕਾਰੋਬਾਰ ਨੂੰ ਰੋਕਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਇਸ ਗਠਜੋੜ ਨੇ ਹੀ ਨਾਕਾਮ ਕਰ ਦਿੱਤਾ ਹੈ। ਰੇਤੇ ਅਤੇ ਬਜਰੀ ਦਾ ਜ਼ਿਕਰ ਤਾਂ ਹੁਣ ਪੂਰੀ ਦੁਨੀਆਂ ਵਿੱਚ ਫੈਲ ਗਿਆ ਹੈ। ਇਕੱਲਾ ਇਕ ਪੰਜਾਬ ਹੀ ਹੈ ਜਿਥੇ ਰੇਤਾ ਬਜਰੀ ਵੀ ਇਕ ਮਸਲਾ ਬਣ ਗਿਆ ਹੈ। ਮਸਲਾ ਵੀ ਅਜਿਹਾ ਜਿਸ ਨੂੰ ਸਰਕਾਰ ਚਾਹ ਕੇ ਵੀ ਹੱਲ ਨਹੀਂ ਕਰ ਸਕੀ। ਪੰਜਾਬ ਦੀ ਇਸ ਨਿਰਾਸ਼ਾਜਨਕ ਤਸਵੀਰ ਨੂੰ ਬਦਲਣ ਲਈ ਬਹੁਤ ਵੱਡੇ ਯਤਨਾਂ ਦੀ ਜ਼ਰੂਰਤ ਹੈ। ਜੇ ਨਾ ਸੰਭਾਲਿਆ ਗਿਆ ਤਾਂ ਪੰਜਾਬ ਸੱਚ-ਮੁੱਚ ਉਜੜ-ਪੁਜੜ ਜਾਵੇਗਾ।
25 ਜੂਨ 2018 – ਬਲਜੀਤ ਸਿੰਘ ਬਰਾੜ



