ਉਘੇ ਸਮਾਜ ਸੇਵਕ ਅਤੇ ਲੋਕ ਸੇਵਾ ਦੇ ਖੇਤਰ ਵਿਚ ਸਰਗਰਮ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ: ਐਸ.ਪੀ. ਸਿੰਘ ਓਬਰਾਏ ਸਾਹਿਬ ਨੇ ਇਕ ਵਾਰ ਫਿਰ ਮਾਨਵਤਾ ਦੀ ਵੱਡੀ ਸੇਵਾ ਕੀਤੀ ਹੈ। ਉਨ੍ਹਾਂ ਦੇ ਯਤਨਾਂ ਸਦਕਾ 15 ਹੋਰ ਭਾਰਤੀ ਨੌਜਵਾਨ ਫਾਂਸੀ ਦੀ ਸਜ਼ਾ ਤੋਂ ਬਚ ਗਏ ਹਨ। 14 ਨੌਜਵਾਨ ਸੁਖੀ ਸਾਂਦੀ ਆਪਣੇ ਘਰਾਂ ਨੂੰ ਪਰਤ ਆਏ ਜਦਕਿ ਇਕ ਨੌਜਵਾਨ ਕਨੂੰਨੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਆਉਂਦੇ ਕੁਝ ਦਿਨਾਂ ਤੱਕ ਵਤਨ ਪਰਤ ਆਵੇਗਾ।ਇਨ੍ਹਾਂ ਨੌਜਵਾਨਾਂ ਨੂੰ ਸ਼ਾਰਜਾਹ ਅਤੇ ਅਲ-ਏਨ ਵਿਖੇ ਦਰਜ ਦੋ ਵੱਖ-ਵੱਖ ਕੇਸਾਂ ਵਿੱਚ ਸਥਾਨਕ ਅਦਾਲਤਾਂ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਡਾ. ਓਬਰਾਏ ਪਹਿਲਾਂ ਵੀ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ 100 ਤੋਂ ਵੱਧ ਨੌਜਵਾਨਾਂ ਨੂੰ ਛੁਡਾਅ ਚੁੱਕੇ ਹਨ। ਸਮਾਜ ਸੇਵਾ ਦੇ ਦੂਸਰੇ ਖੇਤਰਾਂ ਵਿੱਚ ਵੀ ਉਹ ਲਗਾਤਾਰ ਸਰਗਰਮ ਹਨ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਉਨ੍ਹਾਂ ਵੱਲੋਂ ਅੱਖਾਂ ਦੇ ਇਲਾਜ ਲਈ ਸੈਂਕੜੇ ਕੈਂਪ ਲਗਾਏ ਜਾ ਚੁੱਕੇ ਹਨ। ਗੁਰਦੇ ਦੇ ਮਰੀਜ਼ਾਂ ਲਈ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਖੂਨ ਸਾਫ ਕਰਨ ਵਾਲੀਆਂ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ ਜਿਸ ਨਾਲ ਡਾਇਲਸਿਸ ਦੀ ਸਹੂਲਤ ਨਾਮਾਤਰ ਖਰਚੇ ਉਪਰ ਦਿੱਤੀ ਜਾ ਰਹੀ ਹੈ। ਡਾ. ਓਬਰਾਏ ਵੱਲੋਂ ਜੇਲ੍ਹਾਂ ਵਿੱਚ ਬੰਦ ਔਰਤਾਂ ਅਤੇ ਬੱਚਿਆਂ ਨੂੰ ਰਾਹਤ ਦੇਣ ਲਈ ਵੱਡੇ ਯਤਨ ਕੀਤੇ ਹਨ। ਸਮਾਜ ਸੇਵਾ ਦਾ ਅਜਿਹਾ ਕੋਈ ਖੇਤਰ ਨਹੀਂ ਹੈ ਜਿਸ ਵਿੱਚ ਉਨ੍ਹਾਂ ਨੇ ਆਪਣਾ ਯੋਗਦਾਨ ਨਾ ਪਾਇਆ ਹੋਵੇ। ਉਹ ਹਰ ਮਹੀਨੇ ਕਈ ਦਰਜਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਮਾਲੀ ਸਹਾਇਤਾ ਦੇ ਰਹੇ ਹਨ। ਸਮਾਜ ਵਿੱਚ ਜਾਗਰੂਕਤਾ ਲਈ ਉਨ੍ਹਾਂ ਦੇ ਟਰੱਸਟ ਵੱਲੋਂ ਕਿਤਾਬਾਂ ਛਾਪ ਕੇ ਵੀ ਵੰਡੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਹਰ ਔਖ-ਸੌਖ ਦੇ ਮੌਕੇ ’ਤੇ ਡਾ. ਓਬਰਾਏ ਹਮੇਸ਼ਾ ਹਾਜ਼ਰੀ ਭਰਦੇ ਹਨ। ਸਮਾਜ ਸੇਵਾ ਦੇ ਖੇਤਰ ਵਿੱਚ ਉਹ ਇਕੱਲੇ ਸਖਸ਼ ਪੂਰੇ ਪੰਜਾਬ ਦੇ ਬਰਾਬਰ ਹਨ। ਇਕ ਪਾਸੇ ਪੰਜਾਬ ਵਿੱਚ ਨਿਰਾਸ਼ਾ ਦਾ ਮਾਹੌਲ ਹੈ। ਲੋਕ ਖੁਦਕੁਸ਼ੀਆਂ ਕਰ ਰਹੇ ਹਨ। ਸਰਕਾਰਾਂ ਮਸਲੇ ਹੱਲ ਕਰਨ ਲਈ ਬੇਬੱਸ ਦਿਸ ਰਹੀਆਂ ਹਨ। ਅਜਿਹੇ ਹਾਲਾਤਾਂ ਵਿੱਚ ਡਾ. ਓਬਰਾਏ ਦੇ ਉਦਮ ਸੱਚਮੁੱਚ ਬਹੁਤ ਸ਼ਲਾਘਾਯੋਗ ਅਤੇ ਪ੍ਰੇਰਣਾਦਾਇਕ ਹਨ। ਉਨ੍ਹਾਂ ਨੇ ਪੰਜਾਬ ਦੀ ਇਕ ਦੂਸਰੀ ਅਤੇ ਹਾਂ ਪੱਖੀ ਤਸਵੀਰ ਦੀ ਸਿਰਜਣਾ ਕੀਤੀ ਹੈ। ਬੇਸ਼ਕ ਉਨ੍ਹਾਂ ਕੋਲ ਸਰਕਾਰ, ਵੱਡੀਆਂ ਕੰਪਨੀਆਂ ਅਤੇ ਪੰਜਾਬ ਦੇ ਅਮੀਰ ਪਰਿਵਾਰਾਂ ਦੇ ਬਰਾਬਰ ਆਰਥਿਕ ਸਾਧਨ ਨਹੀਂ ਹਨ ਫਿਰ ਵੀ ਉਹ ਇਨ੍ਹਾਂ ਸਾਰਿਆਂ ਤੋਂ ਵੱਧ ਸਮਾਜ ਸੇਵਾ ਦੇ ਖੇਤਰ ਵਿੱਚ ਨਿੱਜੀ ਅਤੇ ਆਰਥਿਕ ਯੋਗਦਾਨ ਪਾ ਰਹੇ ਹਨ। ਸਰਕਾਰਾਂ ਅਤੇ ਸਰਦਾਰਾਂ ਕੋਲ ਸਾਧਨਾਂ ਦੀ ਕਮੀ ਨਹੀਂ ਹੈ ਪ੍ਰੰਤੂ ਉਨ੍ਹਾਂ ਕੋਲ ਮਾਨਵਤਾ ਦੀ ਮਦਦ ਲਈ ਚਾਹਤ ਅਤੇ ਪੈਸੇ ਖਰਚਣ ਦਾ ਹੌਂਸਲਾ ਹੀ ਨਹੀਂ। ਡਾ. ਓਬਰਾਏ ਸਰਕਾਰ ਤੋਂ ਵੀ ਵੱਡੇ ਕੰਮ ਕਰ ਰਹੇ ਹਨ। ਵਿਦੇਸ਼ਾਂ ਵਿੱਚ ਫਾਂਸੀ ਅਤੇ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਪੰਜਾਬੀਆਂ ਦੀ ਬਾਂਹ ਹਮੇਸ਼ਾ ਡਾ. ਓਬਰਾਏ ਅਤੇ ਉਨ੍ਹਾਂ ਦੀ ਸੰਸਥਾ ਨੇ ਹੀ ਫੜੀ ਹੈ। ਉਨ੍ਹਾਂ ਦੇ ਸਮਾਜ ਸੇਵੀ ਕਾਰਜਾਂ ਦੀ ਸੂਚੀ ਬੜੀ ਵੱਡੀ ਹੈ। ਹਜ਼ਾਰਾਂ ਨਹੀਂ ਲੱਖਾਂ ਪੰਜਾਬੀ ਡਾ. ਓਬਰਾਏ ਦੇ ਅਹਿਸਾਨਮੰਦ ਹਨ। ਕਿੰਨੇ ਹੀ ਪਰਿਵਾਰ ਹਨ ਜਿਨ੍ਹਾਂ ਦੇ ਚਿਰਾਗ ਡਾ. ਓਬਰਾਏ ਕਾਰਨ ਹੀ ਜਲੇ ਹਨ। ਬਿਮਾਰਾਂ ਅਤੇ ਲੋੜਵੰਦਾਂ ਲਈ ਉਹ ਹਮੇਸ਼ਾਂ ਢਾਲ ਬਣ ਕੇ ਖੜ੍ਹਦੇ ਹਨ। ਇਹ ਹੈਰਾਨੀ ਦੀ ਗੱਲ ਹੈ ਕਿ ਅਜਿਹੇ ਮਹਾਨ ਮਨੁੱਖ ਨੂੰ ਹਾਲੇ ਤੱਕ ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਰਸਮੀ ਮਾਨਤਾ ਤੱਕ ਨਹੀਂ ਦਿੱਤੀ ਗਈ। ਸਮਾਜ ਭਲਾਈ ਦੇ ਛੋਟੇ-ਮੋਟੇ ਕਾਰਜ ਕਰਨ ਵਾਲਿਆਂ ਨੂੰ ਝੱਟ ਪਦਮ ਸ਼੍ਰੀ, ਪਦਮ ਭੂਸ਼ਣ ਵਰਗੇ ਪੁਰਸਕਾਰ ਪ੍ਰਦਾਨ ਕਰ ਦਿੱਤੇ ਜਾਂਦੇ ਹਨ। ਡਾ. ਓਬਰਾਏ ਨੂੰ ਹਾਲੇ ਤੱਕ ਇਸ ਸੂਚੀ ਵਿੱਚ ਨਾਮਜ਼ਦ ਕਿਓਂ ਨਹੀਂ ਕੀਤਾ ਗਿਆ ਇਹ ਹੈਰਾਨੀ ਦੀ ਗੱਲ ਹੈ। ਭਾਰਤ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਡਾ. ਓਬਰਾਏ ਦਾ ਨਾਮ ਪਦਮ ਪੁਰਸਕਾਰਾਂ ਲਈ ਨਾਮਜ਼ਦ ਕਰੇ। ਉਨ੍ਹਾਂ ਨੂੰ ਸਰਕਾਰੀ ਪੱਧਰ ’ਤੇ ਸਮਰਥਨ ਅਤੇ ਸਰਪ੍ਰਸਤੀ ਵੀ ਮਿਲਣੀ ਚਾਹੀਦੀ ਹੈ ਤਾਂ ਜੋ ਉਹ ਪੰਜਾਬ ਅਤੇ ਦੇਸ਼ ਲਈ ਹੋਰ ਵਧੇਰੇ ਅਤੇ ਵੱਡੇ ਕਾਰਜ ਕਰ ਸਕਣ। ਡਾ. ਓਬਰਾਏ ਵੱਲੋਂ ਕੀਤੇ ਜਾ ਰਹੇ ਕਾਰਜਾਂ ਲਈ ਅਦਾਰਾ ‘ਪੰਜਾਬ ਟਾਇਮਜ਼’ ਉਨ੍ਹਾਂ ਨੂੰ ਸਲਾਮ ਕਰਦਾ ਹੈ। ਡਾ. ਓਬਰਾਏ ਦੀ ਲੰਬੀ ਅਤੇ ਤੰਦਰੁਸਤ ਉਮਰ ਦੀ ਕਾਮਨਾ ਕਰਦੇ ਹਾਂ।
24 ਜੂਨ 2018 – ਬਲਜੀਤ ਸਿੰਘ ਬਰਾੜ



