ਪੰਥਕ ਧਿਰਾਂ ਵੱਲੋਂ ਮਤਵਾਜੀ ਜਥੇਦਾਰਾਂ ਦੀ ਅਗਵਾਈ ਹੇਠ 1 ਜੂਨ 2018 ਤੋਂ ਸ਼ੁਰੂ ਕੀਤਾ ਗਿਆ ਬਗਰਾੜੀ ਇਨਸਾਫ ਮੋਰਚਾ ਸਫਲਤਾ ਵੱਲ ਵੱਧ ਰਿਹਾ ਹੈ। ਸਰਬੱਤ ਖਾਲਸਾ ਵੱਲੋਂ ਨਿਯੁਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਇਸ ਮੋਰਚੇ ਨੇ ਸਿੱਖਾਂ ਦੇ ਰਾਜਸੀ ਸਭਿਆਚਾਰ ਅਤੇ ਧਾਰਮਿਕ ਹਲੀਮੀ ਨੂੰ ਇਕ ਨਵੇਂ ਰੂਪ ਵਿੱਚ ਪੇਸ਼ ਕੀਤਾ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਪੰਥਕ ਧਿਰਾਂ ਨੇ ਬਹੁਤ ਹੀ ਸੰਜਮ ਨਾਲ ਅਤੇ ਬਿਨਾਂ ਕਿਸੇ ਭੜਕਾਊ ਬਿਆਨਬਾਜ਼ੀ ਤੋਂ ਇਸ ਮੋਰਚੇ ਨੂੰ ਸ਼ੁਰੂ ਕੀਤਾ ਸੀ। ਹੌਲੀ-ਹੌਲੀ ਮੋਰਚੇ ਦਾ ਪ੍ਰਭਾਵ ਵਧਦਾ ਗਿਆ। ਹੁਣ ਇਹ ਮੋਰਚਾ ਦੁਨੀਆਂ ਭਰ ਵਿੱਚ ਵੱਸੇ ਸਿੱਖਾਂ ਅਤੇ ਇਨਸਾਫ਼ ਪਸੰਦ ਲੋਕਾਂ ਦੀ ਹਮਾਇਤ ਨਾਲ ਬਹੁਤ ਵੱਡਾ ਬਣ ਗਿਆ ਹੈ। ਮੋਰਚੇ ਦੀ ਹਮਾਇਤ ਵਿੱਚ ਹਰ ਰੋਜ਼ ਬਗਰਾੜੀ ਜੱਥੇ ਪਹੁੰਚ ਰਹੇ ਹਨ। ਸਿੱਖ ਨੌਜਵਾਨ ਖਾਸ ਤੌਰ ’ਤੇ ਉਤਸ਼ਾਹ ਦਿਖਾ ਰਹੇ ਹਨ। ਮੋਰਚੇ ਦੀ ਖੂਬਸੂਰਤੀ ਇਹ ਵੀ ਹੈ ਕਿ ਪਹਿਲੀ ਵਾਰ ਬਿਨਾਂ ਕਿਸੇ ਵਿਵਾਦ ਸਿੱਖ ਸੰਪ੍ਰਦਾਵਾਂ, ਸਿੱਖ ਸੰਤ, ਸਿੱਖ ਜਥੇਬੰਦੀਆਂ ਅਤੇ ਸਿੱਖ ਰਹਿਨੁਮਾ ਬਿਨਾਂ ਸ਼ਰਤ ਇਸ ਮੋਰਚੇ ਦੀ ਹਮਾਇਤ ਵਿੱਚ ਨਿੱਤਰ ਰਹੀਆਂ ਹਨ। ਮੁਸਲਿਮ ਭਾਈਚਾਰੇ ਵੱਲੋਂ ਵੀ ਮੋਰਚੇ ਦੀ ਹਮਾਇਤ ਕੀਤੀ ਗਈ ਹੈ। ਤਿਹਾੜ ਜੇਲ੍ਹ ਵਿੱਚ ਨਜ਼ਰਬੰਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਮਤਬਾਜੀ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਵੀ ਇਸ ਮੋਰਚੇ ਲਈ ਪ੍ਰੇਰਣਾ ਦਾ ਵੱਡਾ ਸਰੋਤ ਹਨ। ਇਹ ਤਸੱਲੀ ਅਤੇ ਮਾਣ ਕਰਨ ਵਾਲੀ ਗੱਲ ਹੈ ਕਿ ਮੋਰਚੇ ਵਿੱਚ ਕੋਈ ਭੜਕਾਊ ਭਾਸ਼ਣਬਾਜ਼ੀ ਜਾਂ ਨਾਅਰੇਬਾਜ਼ੀ ਨਹੀਂ ਹੋ ਰਹੀ। ਮੋਰਚੇ ਦੇ ਆਗੂਆਂ ਵੱਲੋਂ ਸਿਰਫ ਤਿੰਨ ਮੰਗਾਂ ਉਪਰ ਹੀ ਧਿਆਨ ਕੇਂਦਰਤ ਕੀਤਾ ਗਿਆ ਹੈ। ਮੋਰਚੇ ਦੇ ਮਕਸਦ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦਿਵਾਉਣਾ, ਬਗਰਾੜੀ ਗੋਲੀਕਾਂਡ ਦੇ ਦੋਸ਼ੀ ਪੁਲਿਸ ਅਫਸਰਾਂ ਨੂੰ ਗ੍ਰਿਫਤਾਰ ਕਰਵਾਉਣਾ ਅਤੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਨਜ਼ਰਬੰਦਾਂ ਨੂੰ ਰਿਹਾਅ ਕਰਵਾਉਣਾ ਸ਼ਾਮਿਲ ਹੈ। ਇਸ ਮਕਸਦ ਲਈ ਸਿੰਘ ਸਾਹਿਬ ਭਾਈ ਮੰਡ ਦੀ ਇਜਾਜ਼ਤ ਨਾਲ ਸਿੱਖ ਜਥੇਬੰਦੀਆਂ ਦਾ ਇਕ ਵਫ਼ਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕਰ ਚੁੱਕਾ ਹੈ। ਇਸ ਮੁਲਾਕਾਤ ਦੇ ਨਤੀਜੇ ਵਜੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਬੰਧਤ ਘਟਨਾਵਾਂ ਵਿੱਚ ਪੁਲਿਸ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਪ੍ਰਮੁੱਖ ਘਟਨਾਵਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੋਰਚੇ ਦੀ ਇਹ ਵੱਡੀ ਪ੍ਰਾਪਤੀ ਹੈ। ਇਸ ਲਈ ਮੋਰਚੇ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਇਹ ਵੀ ਚੇਤੇ ਰੱਖਣਯੋਗ ਗੱਲ ਹੈ ਕਿ ਜੇਕਰ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਹੁੰਦੀ ਤਦ ਸ਼ਾਇਦ ਪੰਥਕ ਧਿਰਾਂ ਇਸ ਤਰ੍ਹਾਂ ਦਾ ਮੋਰਚਾ ਨਾ ਲਗਾ ਸਕਦੀਆਂ। ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਦੌਰਾਨ ਵੀ ਇਨਸਾਫ ਲਈ ਪੰਥਕ ਧਿਰਾਂ ਨੇ ਕਈ ਕੋਸ਼ਿਸ਼ਾਂ ਕੀਤੀਆਂ ਸਨ, ਪ੍ਰੰਤੂ ਪੁਲਿਸ ਸ਼ਕਤੀ ਦੀ ਵਰਤੋਂ ਨਾਲ ਉਨ੍ਹਾਂ ਨੂੰ ਦਬਾਅ ਦਿੱਤਾ ਗਿਆ। ਇਸ ਨਵੇਂ ਹਾਲਾਤ ਲਈ ਸੂਬਾ ਸਰਕਾਰ ਦੀ ਵੀ ਪ੍ਰਸ਼ੰਸਾ ਹੋਣੀ ਚਾਹੀਦੀ ਹੈ, ਜਿਸ ਵੱਲੋਂ ਪੰਥਕ ਧਿਰਾਂ ਦੇ ਲੋਕਤੰਤਰੀ ਹੱਕਾਂ ਨੂੰ ਬਹਾਲ ਕੀਤਾ ਗਿਆ ਹੈ। ਬਗਰਾੜੀ ਇਨਸਾਫ ਮੋਰਚੇ ’ਚ ਸ਼ਾਮਿਲ ਸਾਰੀਆਂ ਪੰਥਕ ਧਿਰਾਂ ਵੱਲੋਂ ਨਿਭਾਈ ਗਈ ਭੂਮਿਕਾ ਬਹੁਤ ਹੀ ਸ਼ਾਨਦਾਰ ਰਹੀ ਹੈ। ਖਾਸ ਤੌਰ ’ਤੇ ਅੰਮ੍ਰਿਤਸਰ ਅਕਾਲੀ ਦਲ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਇਸ ਮੋਰਚੇ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਭਾਈ ਮੋਹਕਮ ਸਿੰਘ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਹੇਠ ਯੂਨਾਈਟਿਡ ਅਕਾਲੀ ਦਲ ਇਸ ਮੋਰਚੇ ਦੀ ਰੂਹ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਮਤਬਾਜੀ ਜਥੇਦਾਰ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਮੋਰਚੇ ਨੂੰ ਨਵੀਂਆਂ ਉਚਾਈਆਂ ’ਤੇ ਲਿਜਾਉਣ ਲਈ ਵੱਡੇ ਯਤਨ ਕੀਤੇ ਗਏ ਹਨ। ਸਿੱਖ ਪੰਥ ਨੂੰ ਇਸ ਮੋਰਚੇ ਤੋਂ ਵੱਡੀਆਂ ਉਮੀਦਾਂ ਹਨ। ਮੋਰਚੇ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਪੰਥ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਸਵੈ ਸੰਜਮ ਅਤੇ ਅਨੁਸਾਸ਼ਨ ’ਤੇ ਪਹਿਰਾ ਦੇਣ। ਇਸ ਨਾਜ਼ਕ ਮੋੜ ’ਤੇ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਦੀ ਬਹੁਤ ਜ਼ਰੂਰਤ ਹੈ। ਦੁਨੀਆਂ ਭਰ ਦੇ ਸਿੱਖ ਇਸ ਮੋਰਚੇ ਦੀ ਸਫਲਤਾ ਵੱਲ ਦੇਖ ਰਹੇ ਹਨ। ਜੇਕਰ ਇਹ ਮੋਰਚਾ ਸਫਲ ਹੋ ਜਾਂਦਾ ਹੈ ਤਾਂ ਇਸ ਨਾਲ ਸਿੱਖਾਂ ਦੀ ਰਾਜਸੀ ਅਤੇ ਧਾਰਮਿਕ ਲੜਾਈ ਇਕ ਨਵੇਂ ਮੁਕਾਮ ’ਤੇ ਪਹੁੰਚ ਜਾਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰ ਰੱਖਿਆ ਹੈ। ਇਨ੍ਹਾਂ ਘਟਨਾਵਾਂ ਦੀ ਸਾਜਿਸ਼ ਨੂੰ ਨੰਗਾ ਕਰਨਾ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਾ ਇਸ ਸਮੇਂ ਸਿੱਖ ਪੰਥ ਦੀ ਪਹਿਲੀ ਲੋੜ ਹੈ। ਸਮੁੱਚੇ ਸਿੱਖ ਭਾਈਚਾਰੇ ਨੂੰ ਇਸ ਲਈ ਬਗਰਾੜੀ ਇਨਸਾਫ ਮੋਰਚੇ ਦੀ ਸਫਲਤਾ ਲਈ ਅਰਦਾਸ ਕਰਨੀ ਚਾਹੀਦੀ ਹੈ। ਸਿੱਖ ਪੰਥ ਮੋਰਚੇ ਦੇ ਸਾਰੇ ਪ੍ਰਬੰਧਕਾਂ ਖਾਸ ਕਰਕੇ ਸਿੰਘ ਸਾਹਿਬਾਨ ਦਾ ਹਮੇਸ਼ਾਂ ਰਿਣੀ ਰਹੇਗਾ। ਇਸ ਮੋਰਚੇ ਨੇ ਦੁਨੀਆਂ ਨੂੰ ਇਹ ਦੱਸਿਆ ਹੈ ਕਿ ਸਿੱਖ ਕਿਵੇਂ ਅਨੁਸਾਸ਼ਨ ਅਤੇ ਸਲੀਕੇ ਨਾਲ ਆਪਣੇ ਅੰਦੋਲਨ ਨੂੰ ਚਲਾ ਸਕਦੇ ਹਨ।
14 ਜੂਨ 2018 – ਬਲਜੀਤ ਸਿੰਘ ਬਰਾੜ