May 30, 2026 7:14 pm

ਹਿੰਦੂ ਹੁਕਮਰਾਨਾਂ ਅਤੇ ਰਵਾਇਤੀ ਸਿਖ ਲੀਡਰਸ਼ਿਪ ਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਨੇ ਬਾਦਸ਼ਾਹ ਅਕਬਰ ਵੱਲੋਂ ਲੰਗਰਾਂ ਲਈ ਜਗੀਰ ਨੂੰ ਅਪ੍ਰਵਾਨ ਕਰ ਦਿੱਤਾ ਸੀ : ਸ. ਮਾਨ

ਫ਼ਤਹਿਗੜ੍ਹ ਸਾਹਿਬ – “ਸਾਨੂੰ ਇਹ ਜਾਣਕੇ ਗਹਿਰੀ ਠੇਸ ਪਹੁੰਚੀ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਅਤੇ ਬਾਦਲ ਦਲ ਦੀ ਸੀਨੀਅਰ ਲੀਡਰਸ਼ਿਪ ਗੁਰੂ ਲੰਗਰਾਂ ਤੇ ਲਗੇ ਜੀ.ਐਸ.ਟੀ. ਸੰਬੰਧੀ ਸ੍ਰੀ ਨਰਿੰਦਰ ਮੋਦੀ ਵਜ਼ੀਰ-ਏ-ਆਜ਼ਮ ਹਿੰਦ ਨੂੰ ਬੁਕੇ ਲੈਕੇ ਧੰਨਵਾਦ ਤੇ ਸਵਾਗਤ ਕਰ ਰਹੀ ਹੈ। ਜਦੋਂਕਿ ਸ੍ਰੀ ਮੋਦੀ ਹਕੂਮਤ ਨੇ ਪੰਜਾਬ ਸੂਬੇ, ਸਿਖ ਕੌਮ ਅਤੇ ਲੰਗਰਾਂ ਉਤੇ ਲਗੇ ਜੀ.ਐਸ.ਟੀ. ਸੰਬੰਧੀ ਕੋਈ ਮਸਲਾ ਹਲ ਨਹੀਂ ਕੀਤਾ । ਇਹ ਆਗੂ ਸ਼ਾਇਦ ਇਹ ਵੀ ਭੁਲ ਚੁਕੇ ਹਨ ਕਿ ਸ੍ਰੀ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਸਮੁਚੀ ਮਨੁਖਤਾ ਪਖੀ ਲੰਗਰ ਦੀ ਮਹਾਨ ਰਵਾਇਤ ਸੁਰੂ ਕੀਤੀ ਸੀ, ਜਦੋਂ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਉਸ ਸਮੇਂ ਦੇ ਬਾਦਸ਼ਾਹ ਅਕਬਰ ਆਏ ਤਾਂ ਗੁਰੂ ਸਾਹਿਬਾਨ ਦੇ ਸਰਧਾਲੂਆਂ ਅਤੇ ਸੇਵਾਦਾਰਾਂ ਨੇ ਬਾਦਸ਼ਾਹ ਅਕਬਰ ਨੂੰ ‘ਸੰਗਤ ਅਤੇ ਪੰਗਤ‘ ਦੇ ਮਹਤਵ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਹਿਲੇ ਗੁਰੂ ਕੇ ਲੰਗਰਾਂ ਦੀ ਪੰਗਤ ਵਿਚ ਬੈਠਕੇ ਪ੍ਰਸਾਦਾ ਛਕੋ, ਫਿਰ ਗੁਰੂ ਸਾਹਿਬ ਦੇ ਦਰਸ਼ਨ ਹੋਣਗੇ । ਬਾਦਸ਼ਾਹ ਅਕਬਰ ਜਦੋਂ ਸਿਖ ਰਵਾਇਤ ਅਨੁਸਾਰ ਗੁਰੂ ਦੇ ਲੰਗਰ ਛਕਣ ਉਪਰੰਤ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਗਏ ਤਾਂ ਉਹ ਮਨੁਖਤਾ ਪਖੀ ਲੰਗਰ ਰਵਾਇਤ ਤੋਂ ਪ੍ਰਭਾਵਿਤ ਹੁੰਦੇ ਹੋਏ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਇਹ ਲੰਗਰ ਦੀ ਰਵਾਇਤ ਨੂੰ ਜਾਰੀ ਰਖਣ ਲਈ ਮੈਂ ਹਕੂਮਤੀ ਜਗੀਰ ਗੁਰੂ ਘਰ ਦੇ ਨਾਮ ਲਗਵਾ ਦਿੰਦਾ ਹਾਂ, ਤਾਂ ਕਿ ਇਹ ਲੰਗਰ ਸਦਾ ਚਲਦੇ ਰਹਿਣ । ਗੁਰੂ ਸਾਹਿਬਾਨ ਦਾ ਬਾਦਸ਼ਾਹ ਅਕਬਰ ਨੂੰ ਇਹ ਜੁਆਬ ਸੀ ਕਿ ਗੁਰੂਘਰ ਦੇ ਲੰਗਰ ਗੁਰਸਿਖਾਂ ਦੇ ਦਸਵੰਧ ਰਾਹੀ ਭੇਟਾ ਕੀਤੀ ਮਾਇਆ ਨਾਲ ਹੀ ਚਲਣਗੇ ਨਾ ਕਿ ਕਿਸੇ ਹਕੂਮਤੀ ਜਾਂ ਜਗੀਰਦਾਰੀ ਦਾਨ ਨਾਲ । ਹੁਣ ਉਸ ਮਹਾਨ ਮਰਿਯਾਦਾ ਨੂੰ ਇਹ ਸਾਡੇ ਰਵਾਇਤੀ ਆਗੂ ਮੁਤਸਵੀਆਂ ਦੀ ਸਾਜ਼ਿਸ ਦੇ ਗੁਲਾਮ ਬਣਕੇ ਉਸਦੇ ਸੰਸਾਰਿਕ ਪਧਰ ਦੇ ਵਡੇ ਮਹਤਵ ਨੂੰ ਖ਼ਤਮ ਕਰਨ ਵਾਲੀ ਸਾਜ਼ਿਸ ਦਾ ਕੇਵਲ ਹਿਸਾ ਹੀ ਨਹੀਂ ਬਣ ਰਹੇ, ਬਲਕਿ ਮੁਤਸਵੀਆਂ ਦੀ ਸਾਜ਼ਿਸ ਦਾ ਧੰਨਵਾਦ ਵੀ ਕਰਨ ਲਗੇ ਹੋਏ ਹਨ, ਜਿਸ ਨੂੰ ਸਿਖ ਕੌਮ ਕਤਈ ਬਰਦਾਸਤ ਨਹੀਂ ਕਰੇਗੀ ਅਤੇ ਨਾ ਹੀ ਹਿੰਦੂਤਵ ਹੁਕਮਰਾਨਾਂ ਇਨ੍ਹਾਂ ਰਵਾਇਤੀ ਆਗੂਆਂ ਨੂੰ ਮਹਾਨ ਸਿਖ ਰਵਾਇਤ ਨੂੰ ਕਿਸੇ ਤਰ੍ਹਾਂ ਦੀ ਠੇਸ ਪਹੁੰਚਾਉਣ ਦੀ ਆਗਿਆ ਦੇਣਗੇ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕਲ੍ਹ ਸ. ਪ੍ਰਕਾਸ਼ ਸਿੰਘ ਬਾਦਲ, ਬਾਦਲ ਪਰਿਵਾਰ ਅਤੇ ਬਾਦਲ ਦਲੀਆ ਵਲੋਂ ਮੁਤਸਵੀ ਸਿਖ ਵਿਰੋਧੀ ਸਾਜ਼ਿਸ ਦਾ ਹਿਸਾ ਬਣਨ ਅਤੇ ਉਨ੍ਹਾਂ ਤਾਕਤਾਂ ਦਾ ਧੰਨਵਾਦ ਕਰਨ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਡੇ ਮਹਾਨ ਗੁਰੂ ਸਾਹਿਬਾਨ ਦੁਆਰਾ ਰਚਿਤ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਕਿਸੇ ਇਕ ਸ਼ਬਦ ਨੂੰ ਵੀ ਬਦਲਣ ਦਾ ਕਿਸੇ ਨੂੰ ਕੋਈ ਹਕ ਨਹੀਂ ਅਤੇ ਇਸਦੇ ਨਾਲ ਹੀ ਜੋ ਮਹਾਨ ਰਵਾਇਤਾ, ਮਰਿਯਾਦਾਵਾ ਗੁਰੂ ਸਾਹਿਬਾਨ ਨੇ ਸਥਾਪਿਤ ਕੀਤੀਆ ਹਨ, ਉਨ੍ਹਾਂ ਨੂੰ ਵੀ ਦੁਨੀਆ ਦੀ ਕੋਈ ਵੀ ਤਾਕਤ ਕਤਈ ਵੀ ਜੋਰ-ਜ਼ਬਰ ਜਾਂ ਸਾਜ਼ਿਸੀ ਢੰਗਾਂ ਨਾਲ ਨਹੀਂ ਬਦਲ ਸਕਦੀ । ਸ. ਮਾਨ ਨੇ ਸਮੁਚੀ ਸਿਖ ਕੌਮ, ਵਖ-ਵਖ ਸੰਪਰਦਾਵਾਂ, ਟਕਸਾਲਾ, ਸਿਖ ਸੰਗਠਨਾਂ, ਧਾਰਮਿਕ ਜਥੇਬੰਦੀਆਂ ਨੂੰ ਪੁਰਜੋਰ ਅਪੀਲ ਕਰਦੇ ਹੋਏ ਕਿਹਾ ਕਿ ਰਵਾਇਤੀ ਆਗੂਆ ਨੇ ਬੀਜੇਪੀ ਤੇ ਆਰ.ਐਸ.ਐਸ. ਨਾਲ ਸਾਂਝ ਪਾ ਕੇ ਸਾਡੇ ਸਿਖੀ ਉਚੀਆ ਸੁਚੀਆ ਮਨੁਖਤਾ ਪਖੀ ਕਦਰਾ-ਕੀਮਤਾ ਨੂੰ ਬੀਤੇ ਸਮੇਂ ਵਿਚ ਡੂੰਘੀ ਠੇਸ ਪਹੁੰਚਾਈ ਹੈ ਅਤੇ ਅਜ ਵੀ ਆਪਣੇ ਸਿਆਸੀ ਹਿਤਾ ਦੀ ਪੂਰਤੀ ਲਈ ਉਪਰੋਕਤ ਸਿਖ ਵਿਰੋਧੀ ਮੁਤਸਵੀ ਸੰਗਠਨਾਂ ਤੇ ਤਾਕਤਾਂ ਨਾਲ ਸਾਂਝ ਰਖਦੇ ਹੋਏ ਸਾਡੀਆ ਮਹਾਨ ਰਵਾਇਤਾ ਦੇ ਵਡੇ ਮਹਤਵ ਨੂੰ ਨੁਕਸਾਨ ਪਹੁੰਚਾਉਣ ਦੇ ਅਮਲਾਂ ਵਿਚ ਉਨ੍ਹਾਂ ਤਾਕਤਾਂ ਦਾ ਸਾਹਿਯੋਗ ਕਰਦੇ ਆ ਰਹੇ ਹਨ । ਜਿਸ ਨਾਲ ਸਿਖ ਕੌਮ ਵਿਚ ਇਨ੍ਹਾਂ ਰਵਾਇਤੀ ਆਗੂਆ ਵਿਰੁਧ ਵਡਾ ਰੋਹ ਉਤਪੰਨ ਹੋ ਚੁਕਾ ਹੈ ਅਤੇ ਇਹ ਆਗੂ ਆਪਣੇ ਅਜਿਹੇ ਮੰਦਭਾਵਨਾ ਅਤੇ ਸਵਾਰਥ ਭਰੇ ਮਿਸ਼ਨਾਂ ਵਿਚ ਇਸ ਲਈ ਕਤਈ ਕਾਮਯਾਬ ਨਹੀਂ ਹੋਣਗੇ, ਕਿਉਂਕਿ ਸਿਖ ਕੌਮ ਉਤੇ ਮੁਗਲਾਂ ਸਮੇਂ, ਅਫ਼ਗਾਨਾਂ ਸਮੇਂ ਅਤੇ ਅੰਗਰੇਜ਼ਾਂ ਸਮੇਂ ਅਜਿਹੀਆ ਬਹੁਤ ਭੀੜਾ ਪਈਆ ਪਰ ਸਿਖ ਕੌਮ ਨੇ ਆਪਣੇ ਸਿਧਾਤਾਂ ਅਤੇ ਸੋਚ ਦੇ ਬਿਨ੍ਹਾਂ ਤੇ ਕਿਸੇ ਵੀ ਦੁਸ਼ਮਣ ਤਾਕਤ ਨਾਲ ਨਾ ਤਾ ਸਮਝੋਤਾ ਕੀਤਾ ਹੈ ਅਤੇ ਨਾ ਹੀ ਈਨ ਮੰਨੀ ਹੈ । ਇਸ ਲਈ ਰਵਾਇਤੀ ਆਗੂਆ ਲਈ ਇਹ ਬਿਹਤਰ ਹੋਵੇਗਾ ਕਿ ਉਹ ਆਪਣੇ ਜਿਊਦੇ ਜੀ ਆਪਣਾ ਜਨਾਜਾ ਕਢਣ ਦੀ ਬਜਾਇ ਮਹਾਨ ਸਿਖ ਰਵਾਇਤਾ, ਅਸੂਲਾਂ, ਸਿਧਾਤਾਂ ਅਤੇ ਸੋਚ ਨਾਲ ਖਿਲਵਾੜ ਕਰਨ ਦੇ ਅਮਲਾਂ ਤੋ ਤੋਬਾ ਕਰ ਲੈਣ ਤਾਂ ਬਿਹਤਰ ਹੋਵੇਗਾ । ਵਰਨਾ ਆਉਣ ਵਾਲੇ ਸਮੇਂ ਵਿਚ ਸਿਖ ਕੌਮ ਇਨ੍ਹਾਂ ਨੂੰ ਕਤਈ ਮੁਆਫ਼ ਨਹੀਂ ਕਰੇਗੀ ਅਤੇ ਨਾ ਹੀ ਇਨ੍ਹਾਂ ਨੂੰ ਉਸ ਅਕਾਲ ਪੁਰਖ ਦੀ ਦਰਗਾਹ ਵਿਚ ਕੋਈ ਢੋਈ ਮਿਲ ਸਕੇਗੀ।
– ਪੰਜਾਬ ਟਾਇਮਜ਼ ਬਿਊਰੋ

Send this to a friend