ਮਾਨਸਾ, 4 ਜੂਨ (ਵਕੀਲ ਬਾਂਸਲ)- ਸਰਕਾਰੀ ਹਸਪਤਾਲਾਂ ਵਿੱਚ ਹੱਡੀਆਂ ਦੇ ਮਾਹਿਰ ਡਾਕਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਪੁਰਾ ਕਰਵਾਉਣ ਸਬੰਧੀ ਮਾਨਸਾ ਨਿਵਾਸੀ ਇੱਕ ਅੰਗਹੀਣ ਜੋੜੇ ਅਵਿਨਾਸ਼ ਸ਼ਰਮਾ ਤੇ ਉਸਦੀ ਪਤਨੀ ਜੋਤੀ ਸ਼ਰਮਾ ਵੱਲੋਂ ਸਿਵਲ ਸਰਜਨ ਦਫ਼ਤਰ ਅੱਗੇ ਲਾਇਆ ਧਰਨਾ ਚੌਥੇ ਦਿਨ ਵਿੱਚ ਸ਼ਾਮਲ ਹੋ ਗਿਆ ਹੈ।ਅੱਜ ਦੇ ਧਰਨੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੁਖਦੇਵ ਸਿੰਘ, ਜਗਰਾਜ ਸਿੰਘ, ਨਿਰਮਲ ਸਿੰਘ, ਆਮ ਆਦਮੀ ਪਾਰਟੀ ਦੇ ਜਿਲ੍ਹ ਪ੍ਰਧਾਨ ਬਲਵੀਰ ਸਿੰਘ ਚਹਿਲ, ਕਰਮਜੀਤ ਕੌਰ ਅਤੇ ਸ਼ਿਵ ਕਰਾਇਮ ਅਤੇ ਐਂਟੀ ਕਰਪਸ਼ਨ ਬਾਡੀ ਪੰਜਾਬ ਦੇ ਪ੍ਰਧਾਨ ਹਰਵਿੰਦਰ ਕੁਮਾਰ ਬਾਂਸਲ ਨੇ ਸਮਰਥਨ ਦਾ ਐਲਾਨ ਕੀਤਾ। ਫਿਜੀਕਲ ਹੈਂਡੀਕੈਪਡ ਐਸੋਸੀਏਸ਼ਨ ਦੇ ਆਗੂ ਅਵਿਨਾਸ਼ ਸ਼ਰਮਾ ਅਤੇ ਲਾਭ ਸਿੰਘ ਮਾਨਸਾ ਨੇ ਕਿਹਾ ਕਿ ਜਿਲ੍ਹੇ ਦੇ ਤਹਿਸੀਲ ਪੱਧਰੀ ਹਸਪਤਾਲਾਂ ਵਿੱਚ ਹੱਡੀਆਂ ਦੇ ਮਾਹਿਰ ਡਾਕਟਰਾਂ ਦੀਆਂ ਤਿੰਨ ਆਸਾਮੀਆਂ ਮੰਨਜ਼ੂਰ ਹਨ ਪਰ ਇਹ ਤਿੰਨੇ ਮੰਨਜ਼ੂਰ ਅਸਾਮੀਆਂ ਲੰਬੇ ਸਮੇਂ ਤੋਂ ਖਾਲੀ ਪਈਆਂ ਹਨ। ਇੰਨ੍ਹਾਂ ਹਸਪਤਾਲਾਂ ਵਿੱਚ ਹੱਡੀਆਂ ਦੇ ਮਾਹਿਰ ਡਾਕਟਰ ਨਾ ਹੋਣ ਕਾਰਨ ਅਪਗੰਤਾ ਸਰਟੀਫਿਕੇਟ ਬਣਾਉਣ ਵਾਲੇ ਲੋੜਵੰਦ ਅਪਾਹਿਜਾਂ ਅਤੇ ਹਾਦਸਿਆਂ ਵਿੱਚ ਜਖਮੀ ਹੋਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਹਾਦਸੇ ਦੌਰਾਨ ਹੱਡੀਆਂ ਦੀ ਟੁੱਟ-ਭੱਜ ਵਾਲੇ ਪੀੜ੍ਹਤਾਂ ਨੂੰ ਮਹਿੰਗੇ ਨਿੱਜੀ ਹਸਪਤਾਲਾਂ ਵਿੱਚ ਜਾਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਹਸਪਤਾਲਾਂ ਵਿੱਚ ਹੱਡੀਆਂ ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਭਰਨ ਦੀ ਮੰਗ ਨੂੰ ਲੈ ਕੇ ਲਾਇਆ ਧਰਨਾ ਚੌਥੇ ਦਿਨ ਵਿੱਚ ਸ਼ਾਮਲ ਹੋ ਗਿਆ ਹੈ ਪ੍ਰੰਤੂ ਅਜੇ ਤੱਕ ਪ੍ਰਸ਼ਾਸ਼ਨ ਤੇ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ।
ਸਰਕਾਰੀ ਹਸਪਤਾਲਾਂ ’ਚ ਡਾਕਟਰਾਂ ਦੀਆਂ ਅਸਾਮੀਆਂ ਭਰਨ ਦੀ ਮੰਗ ਨੂੰ ਲੈ ਕੇ ਧਰਨਾ ਚੌਥੇ ਦਿਨ ’ਚ



