ਕੇਂਦਰ ਸਰਕਾਰ ਨੇ ਆਖਰ ਕਈ ਪਾਸਿਆਂ ਤੋਂ ਪਏ ਦਬਾਅ ਦੇ ਅੱਗੇ ਝੁਕਦਿਆਂ ‘ਟੇਡੇ’ ਢੰਗ ਨਾਲ ਗੁਰੂ ਕੇ ਲੰਗਰਾਂ ਨੂੰ ਜੀ.ਐਸ.ਟੀ. ਤੋਂ ਛੋਟ ਦੇ ਦਿੱਤੀ ਹੈ। ਬੇਸ਼ਕ ਇਸ ਛੋਟ ਦੀ ਪ੍ਰਕਿਰਿਆ ਤੋਂ ਕਈ ਤਰ੍ਹਾਂ ਦਾ ਵਿਵਾਦ ਪੈਦਾ ਹੋ ਚੁੱਕਾ ਹੈ ਪ੍ਰੰਤੂ ਫਿਰ ਵੀ ਇਹ ਰਾਹਤ ਵਾਲਾ ਫੈਸਲਾ ਹੈ। ਉਂਝ ਕੇਂਦਰ ਦੀ ਇਸ ਨਵੀਂ ਯੋਜਨਾ ਨਾਲ ਗੁਰੂ ਦੇ ਲੰਗਰਾਂ ਦੇ ਬਹਾਨੇ ਲੰਗਰ ਲਗਾਉਣ ਵਾਲੀਆਂ ਦੂਸਰੀਆਂ ਖੈਰਾਇਤੀ ਸੰਸਥਾਵਾਂ ਵੀ ਤਰ ਗਈਆਂ ਹਨ। ਕਿਸੇ ਨੂੰ ਵੀ ਇਹ ਭੁੱਲੇਖਾ ਨਹੀਂ ਹੋਣਾ ਚਾਹੀਦਾ ਕਿ ਗੁਰੂ ਕਾ ਲੰਗਰ ਸਰਕਾਰੀ ਸਹਾਇਤਾ ਨਾਲ ਚਲਦੀਆਂ ਹਨ। ਜੇਕਰ ਕੇਂਦਰ ਜੀ.ਐਸ.ਟੀ. ਮੁਆਫ਼ ਨਾ ਕਰੇ ਤਦ ਵੀ ਲੰਗਰ ਬੇਰੋਕ ਅਤੁੱਟ ਚਲਦੇ ਰਹਿਣੇ ਹਨ। ਇਸ ਲਈ ਇਸ ਮੁੱਦੇ ਦਾ ਰਾਜਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਇਹ ਦੁੱਖ ਦੀ ਗੱਲ ਹੈ ਕਿ ਸਿਆਸੀ ਨੇਤਾਵਾਂ ਵੱਲੋਂ ਇਸ ਮੁੱਦੇ ’ਤੇ ਇਕ ਦੂਜੇ ਤੋਂ ਅੱਗੇ ਵੱਧ ਕੇ ਸਿਹਰਾ ਲੈਣ ਦੀ ਦੌੜ ਲੱਗੀ ਹੋਈ ਹੈ। ਅਸਲ ਵਿੱਚ ਜੇਕਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਤੋਂ ਪੰਜਾਬ ਦੇ ਹਿੱਸੇ ਦਾ ਜੀ.ਐਸ.ਟੀ ਟੈਕਸ ਮੁਆਫ਼ ਨਾ ਕਰਦੇ ਤਦ ਸ਼ਾਇਦ ਕੇਂਦਰ ਵੀ ਇਸ ਸਬੰਧੀ ਕੋਈ ਫੈਸਲਾ ਨਾ ਲੈਂਦਾ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਪਹਿਲਕਦਮੀ ਨਾਲ ਹੀ ਲੰਗਰ ਉਪਰੋਂ ਜੀ.ਐਸ.ਟੀ. ਖਤਮ ਕਰਨ ਦਾ ਮੁੱਦਾ ਸਿਆਸੀ ਰੰਗਤ ਲੈ ਗਿਆ। ਪੰਜਾਬ ਵਿੱਚ ਆਪਣੀ ਸਿਆਸੀ ਹੋਂਦ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਸਬੰਧ ਵਿੱਚ ਆਪਣੀ ਮੁਹਿੰਮ ਤੇਜ਼ ਕਰਨੀ ਪਈ। ਇਸ ਵਿਵਾਦ ਦੇ ਚਲਦਿਆਂ ਹੀ ਕੇਂਦਰ ਸਰਕਾਰ ਨੂੰ ਇਸ ਸਬੰਧ ਵਿੱਚ ਤੁਰੰਤ ਫੈਸਲਾ ਲੈਣਾ ਪਿਆ। ਉਂਝ ਇਸ ਸਬੰਧ ਵਿੱਚ ਕੇਂਦਰੀ ਮੰਤਰੀ ਅਤੇ ਅਕਾਲੀ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਕੀਤੀ ਗਈ ਮਿਹਨਤ ਅਤੇ ਭੱਜ-ਨੱਠ ਦੀ ਵੀ ਪ੍ਰਸ਼ੰਸਾ ਹੋਣੀ ਚਾਹੀਦੀ ਹੈ। ਭਾਰਤ ਸਰਕਾਰ ਵਲੋਂ ਫਾਇਨੈਸ਼ੀਅਲ ਅਸਿਸਟੈਂਸ ਸਕੀਮ ਤਹਿਤ ਸ਼ੁਰੂ ਕੀਤੀ ਗਈ ‘ਸੇਵਾ ਭੋਜ ਯੋਜਨਾ’ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾਵੇ। ਚੰਗਾ ਹੋਵੇਗਾ ਜੇਕਰ ਵੱਖ-ਵੱਖ ਸੰਸਥਾਵਾਂ ਨੂੰ ਲੰਗਰ ਦੇ ਨਾਮ ’ਤੇ ਦਿੱਤੀ ਗਈ ਛੋਟ ਦੇ ਅੰਕੜੇ ਸਮੇਂ-ਸਮੇਂ ਜਨਤਕ ਕੀਤੇ ਜਾਂਦੇ ਰਹਿਣ। ਇਸ ਮਾਮਲੇ ਨੂੰ ਧਾਰਮਿਕ ਰੰਗਤ ਵੀ ਨਹੀਂ ਦੇਣੀ ਚਾਹੀਦੀ, ਸਗੋਂ ਸਰਕਾਰ ਨੂੰ ਸਾਰੇ ਧਾਰਮ ਦੇ ਧਾਰਮਿਕ ਅਸਥਾਨਾਂ ਪ੍ਰਤੀ ਬਰਾਬਰ ਅਤੇ ਧਰਮ ਨਿਰਪੱਖ ਪਹੁੰਚ ਰੱਖਣੀ ਚਾਹੀਦੀ ਹੈ।
3 ਜੂਨ 2018 – ਬਲਜੀਤ ਸਿੰਘ ਬਰਾੜ



