ਲੰਗਰ ’ਤੇ ਜੀ.ਐਸ.ਟੀ. ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ ਪ੍ਰਸ਼ੰਸਾਯੋਗ: ਸ. ਇਕਬਾਲ ਸਿੰਘ ਟਿਵਾਣਾ
ਫ਼ਤਹਿਗੜ੍ਹ ਸਾਹਿਬ- ‘‘ਸਿੱਖ ਲੀਡਰਸ਼ਿਪ ਤੇ ਸਿੱਖ ਕੌਮ ਜਿਸਦਾ ਮੁੱਖ ਫਰਜ ਬਿਨ੍ਹਾਂ ਕਿਸੇ ਭੇਦਭਾਵ, ਊਚ-ਨੀਚ, ਅਮੀਰ-ਗਰੀਬ ਆਦਿ ਦੀਆਂ ਸਮਾਜਿਕ ਨਫ਼ਰਤ ਭਰੀਆ ਕਾਰਵਾਈਆ ਤੋਂ ਉਪਰ ਉਠਕੇ ਸਮੁੱਚੀ ਮਾਨਵਤਾ ਦੀ ਬਿਹਤਰੀ ਕਰਨ ਦੇ ਨਾਲ-ਨਾਲ ‘ਸਰਬੱਤ ਦੇ ਭਲੇ’ ਦੇ ਮਿਸ਼ਨ ਉਤੇ ਦ੍ਰਿੜਤਾ ਨਾਲ ਪਹਿਰਾ ਦੇਣਾ ਹੈ, ਉਸ ਲੀਡਰਸ਼ਿਪ ਵੱਲੋਂ ਸ੍ਰੀ ਮੋਦੀ ਦੀ ਸੈਂਟਰ ਹਕੂਮਤ ਦੁਆਰਾ ਗੁਰੂਘਰਾਂ ਦੀਆਂ ਰਸਦਾਂ ਉਤੇ ਲਗਾਏ ਜਾਣ ਵਾਲੇ ਜੀ.ਐਸ.ਟੀ. ਦੇ ਅਮਲ ਜਦੋਂ ਇਨਸਾਨੀਅਤ ਵਿਰੋਧੀ ਕਾਰਵਾਈ ਸੀ, ਤਾਂ ਲੀਡਰਸ਼ਿਪ ਤੇ ਸਿੱਖਾਂ ਵੱਲੋਂ ਜੀ.ਐਸ.ਟੀ. ਹਟਾਉਣ ਉਤੇ ਮੋਦੀ ਦਾ ਸਵਾਗਤ ਕਰਨਾ ਇਕ ਭੇਟ-ਚਾਲ ਦੀ ਤਰ੍ਹਾਂ ਹੈ ਅਤੇ ਹਿੰਦੂਤਵ ਗੁਲਾਮੀਅਤ ਨੂੰ ਪ੍ਰਵਾਨ ਕਰਨ ਦੇ ਤੁੱਲ ਕਾਰਵਾਈ ਹੈ। ਜੇਕਰ ਮੋਦੀ ਹਕੂਮਤ ਨੇ ਆਪਣੀ ਗਲਤੀ ਦਾ ਅਹਿਸਾਸ ਕਰਕੇ ਗੁਰੂਘਰਾਂ ਤੇ ਹੋਰ ਧਾਰਮਿਕ ਸਥਾਨਾਂ ਉਤੇ ਲਗਾਏ ਜਾਣ ਵਾਲੇ ਜੀ.ਐਸ.ਟੀ. ਦੇ ਫੈਸਲੇ ਨੂੰ ਵਾਪਸ ਲਿਆ ਹੈ ਤਾਂ ਇਨ੍ਹਾਂ ਫਿਰਕੂਆਂ ਤੇ ਮੁਤੱਸਵੀਆਂ ਦਾ ਸਵਾਗਤ ਕਰਨ ਵਿਚ ਕੀ ਦਲੀਲ ਬਣਦੀ ਹੈ।ੂ
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਰਵਾਇਤੀ ਲੀਡਰਸ਼ਿਪ ਅਤੇ ਕੁਝ ਗੁੰਮਰਾਹ ਹੋਏ ਸਿੱਖਾਂ ਵੱਲੋਂ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਸੋਚ ਰੱਖਣ ਵਾਲੇ ਸ੍ਰੀ ਮੋਦੀ ਅਤੇ ਉਸਦੀ ਹਕੂਮਤ ਦਾ ਜੀ.ਐਸ.ਟੀ. ਦੇ ਫੈਸਲੇ ਨੂੰ ਵਾਪਸ ਲੈਣ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਸ੍ਰੀ ਮੋਦੀ ਹਕੂਮਤ ਵੱਲੋਂ ਫਿਰਕੂ ਸੋਚ ਅਧੀਨ ਇਹ ਗੁਰੂਘਰਾਂ ਤੇ ਜੀ.ਐਸ.ਟੀ. ਲਗਾਇਆ ਗਿਆ ਸੀ, ਉਸ ਸਮੇਂ ਇਸ ਸਿੱਖ ਲੀਡਰਸ਼ਿਪ ਨੇ ਤੁਰੰਤ ਦ੍ਰਿੜਤਾ ਪੂਰਵਕ ਸਟੈਂਡ ਕਿਉਂ ਨਾ ਲਿਆ। ਹੁਣ ਵਾਪਸ ਕਰਵਾਉਣਾ ਦਾ ਇਵਜਾਨਾ ਲੈਣ ਲਈ ਇਹ ਆਗੂ ਆਪਣੇ ਆਪ ਨੂੰ ਪੰਥ ਹਿਤਾਇਸੀ ਸਾਬਤ ਕਰਨ ਲਈ ਇਕ-ਦੂਸਰੇ ਦੇ ਮੂਹਰੇ ਹੋ ਕੇ ਮੋਦੀ ਹਕੂਮਤ ਦਾ ਸਵਾਗਤ ਕਰਨ ਲੱਗੇ ਹੋਏ ਹਨ । ਜੇਕਰ ਇਨ੍ਹਾਂ ਆਗੂਆਂ ਨੂੰ ਆਪਣੀ ਭਾਈਵਾਲੀ ਦੇ ਸੰਬੰਧਾਂ ਉਤੇ ਐਨਾ ਹੀ ਮਾਣ ਤੇ ਵਿਸ਼ਵਾਸ ਹੈ, ਫਿਰ ਉਹ ਸਿੱਖ ਕੌਮ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ, ਜੇਲ੍ਹਾਂ ਵਿਚ ਬੰਦੀ ਸਿੱਖਾਂ ਨੂੰ ਰਿਹਾਅ ਕਰਵਾਉਣ, ਸਿੱਖ ਕੌਮ ਦੀਆਂ ਮੰਦਭਾਵਨਾ ਅਧੀਨ ਬਣਾਈਆ ਗਈਆ ਕਾਲੀਆ ਸੂਚੀਆ ਖ਼ਤਮ ਕਰਵਾਉਣ, ਪੰਜਾਬ ਸਿਰ ਕਰੋੜਾਂ ਰੁਪਏ ਦਾ ਮੁਲਕ ਦੀ ਲੜਾਈ ਦੀ ਬਦੌਲਤ ਚੜ੍ਹੇ ਕਰਜੇ ਨੂੰ ਖ਼ਤਮ ਕਰਵਾਉਣ, ਪੰਜਾਬ ਦੇ ਪਾਣੀਆ ਅਤੇ ਹੈਡਵਰਕਸਾਂ ਦਾ ਪੂਰਨ ਕੰਟਰੋਲ ਪੰਜਾਬ ਦੇ ਹਵਾਲੇ ਕਰਨ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਦੇ ਸਪੁਰਦ ਕਰਨ, ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਵਿਚ ਸਾਮਿਲ ਕਰਨ, ਪੰਜਾਬ ਸੂਬੇ ਦਾ ਸੈਂਟਰ ਦੇ ਹਿੱਸੇ ਵਿਚੋਂ ਜੀ.ਐਸ.ਟੀ. ਦਾ 5500 ਕਰੋੜ ਰੁਪਏ ਦਾ ਤੁਰੰਤ ਭੁਗਤਾਨ ਕਰਵਾਉਣ ਅਤੇ ਪੰਜਾਬ ਵਿਚਲੀ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਹਿੱਤ ਪੰਜਾਬ ਵਿਚ ਵੱਡੇ ਉਦਯੋਗ ਲਿਆਉਣ ਦੀਆਂ ਆਪਣੇ ਸੂਬੇ ਅਤੇ ਕੌਮ ਪ੍ਰਤੀ ਬਣਦੀਆ ਜ਼ਿੰਮੇਵਾਰੀਆ ਅੱਜ ਤੱਕ ਪੂਰੀਆ ਕਿਉਂ ਨਹੀਂ ਕਰ ਸਕੇ।
ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਨੂੰ ਖ਼ਤਮ ਕਰਨ ਦੇ ਉਦਮ ਵਿਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਪ੍ਰਸ਼ੰਸ਼ਾਂ ਕਰਨੀ ਬਣਦੀ ਹੈ ਜਿਨ੍ਹਾਂ ਨੇ ਇਕੋ ਹੁਕਮ ਵਿਚ ਗੁਰੂਘਰਾਂ ਉਤੇ ਪੰਜਾਬ ਦੇ ਹਿੱਸੇ ਜੀ.ਐਸ.ਟੀ. ਨੂੰ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਅਤੇ ਜਿਸਦੀ ਬਦੌਲਤ ਹੀ ਸੈਂਟਰ ਨੂੰ ਵੀ ਇਹ ਫੈਸਲਾ ਕਰਨ ਲਈ ਮਜਬੂਰ ਹੋਣਾ ਪਿਆ । ਉਨ੍ਹਾਂ ਕਿਹਾ ਕਿ ਬੇਸ਼ੱਕ ਅਸੀਂ ਕਾਂਗਰਸ ਜਮਾਤ ਤੇ ਉਸ ਵੱਲੋਂ ਸਿੱਖ ਕੌਮ ਉਤੇ ਢਾਹੇ ਗਏ ਜ਼ਬਰ-ਜੁਲਮ ਦੀ ਬਦੌਲਤ ਕਾਂਗਰਸ ਜਮਾਤ ਦੇ ਕੱਟੜ ਵਿਰੋਧੀ ਹਾਂ ਅਤੇ ਇਸ ਨੂੰ ਪੰਜਾਬ ਤੇ ਸਿੱਖ ਕੌਮ ਦੀ ਦੁਸ਼ਮਣ ਜਮਾਤ ਕਰਾਰ ਦਿੰਦੇ ਹਾਂ, ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿੱਜੀ ਤੌਰ ਤੇ ਪੰਜਾਬ ਸੂਬੇ ਅਤੇ ਸਿੱਖ ਕੌਮ ਪ੍ਰਤੀ ਸਮੇਂ-ਸਮੇਂ ਤੇ ਦ੍ਰਿੜਤਾ ਪੂਰਵਕ ਲਏ ਜਾਣ ਵਾਲੇ ਸਟੈਂਡ ਨੂੰ ਸਹੀ ਮੰਨਦੇ ਹਾਂ ਅਤੇ ਉਨ੍ਹਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਮਹਾਰਾਜਾ ਖਾਨਦਾਨ ਦੇ ਸਤਿਕਾਰਿਤ ਅੰਸ ਹਨ, ਗੁਰੂ ਸਾਹਿਬਾਨ ਨੇ ਉਨ੍ਹਾਂ ਨੂੰ ਬਹੁਤ ਵੱਡੇ ਮਾਣ-ਸਤਿਕਾਰ ਬਖਸ਼ਿਸ਼ ਕੀਤੇ ਹਨ ਇਸ ਲਈ ਉਹ ਆਪਣੀ ਆਖਰੀ ਉਮਰ ਪੰਜਾਬ ਸੂਬੇ ਤੇ ਸਿੱਖ ਕੌਮ ਲਈ ਪਾਰਟੀਆ ਜਮਾਤਾਂ ਅਤੇ ਧੜੇਬਾਜੀ ਤੋ ਉਪਰ ਉਠਕੇ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਸੰਬੰਧਤ ਗੰਭੀਰ ਮਸਲਿਆ ਨੂੰ ਸੰਜ਼ੀਦਗੀ ਅਤੇ ਦ੍ਰਿੜਤਾ ਨਾਲ ਹੱਲ ਕਰਨ ਵਿਚ ਭੂਮਿਕਾ ਨਿਭਾਅ ਸਕੋ, ਭਾਵੇ ਕਿ ਉਨ੍ਹਾਂ ਨੂੰ ਅਜਿਹਾ ਕਰਦੇ ਹੋਏ ਮੁੱਖ ਮੰਤਰੀਸ਼ਿਪ ਦੇ ਅਹਿਮ ਅਹੁਦੇ ਨੂੰ ਵੀ ਕਿਉਂ ਨਾ ਕੁਰਬਾਨ ਕਰਨਾ ਪਵੇ, ਤਾਂ ਉਹ ਉਨ੍ਹਾਂ ਦੇ ਖਾਨਦਾਨੀ ਸਤਿਕਾਰ ਅਤੇ ਉਨ੍ਹਾਂ ਦੀ ਆਪਣੀ ਸਖਸ਼ੀਅਤ ਲਈ ਹੋਰ ਚੰਗੇਰਾ ਹੋਵੇਗਾ । ਕਿਉਂਕਿ ਸਿੱਖ ਕੌਮ ਨੇ ਹਮੇਸ਼ਾਂ ‘ਹਮ ਕੋ ਲੋੜ ਨਵਾਬੀ ਨਾਹਿ’ ਦੀ ਸੋਚ ਉਤੇ ਪਹਿਰਾ ਦੇਣ ਵਾਲੀਆ ਸਖਸ਼ੀਅਤਾਂ ਨੂੰ ਹੀ ਨਿਵਾਜਿਆ ਹੈ । ਨਾ ਕਿ ਕੌਮ ਨੂੰ ਪਿੱਠ ਦੇਣ ਵਾਲਿਆ ਨੂੰ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਉਪਰੋਕਤ ਵਰਣਨ ਕੀਤੇ ਗਏ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਸੰਬੰਧਤ ਮਸਲਿਆ ਨੂੰ ਆਪਣੀ ਮੁੱਖ ਮੰਤਰੀਸ਼ਿਪ ਦੀ ਸਿਆਸੀ ਤਾਕਤ ਅਤੇ ਦੂਰਅੰਦੇਸ਼ੀ ਦੀ ਵਰਤੋਂ ਕਰਦੇ ਹੋਏ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਜ਼ਿੰਮੇਵਾਰੀ ਨਿਭਾਉਣਗੇ ।



