ਜੰਮੂ-ਕਸ਼ਮੀਰ ਭਾਰਤ ਦੀ ਬਸਤੀ ਨਹੀਂ ਹੈ। ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵੀ ਦੇਸ਼ ਦੇ ਦੂਜੇ ਭਾਗਾਂ ਵਾਂਗ ਬਰਾਬਰ ਦੇ ਸੰਵਿਧਾਨਿਕ ਅਧਿਕਾਰ ਹਨ, ਪਰ ਇਹ ਦੁੱਖ ਦੀ ਗੱਲ ਹੈ ਜੰਮੂ ਕਸ਼ਮੀਰ ਵਿੱਚ ਅੱਤਵਾਦ ਦੇ ਮੁਕਾਬਲੇ ਲਈ ਤਾਇਨਾਤ ਨੀਮ ਫੌਜੀ ਅਤੇ ਫੌਜੀ ਦਸਤੇ ਲੋਕਾਂ ਨਾਲ ਬਸਤੀਵਾਦੀ ਵਿਵਹਾਰ ਕਰ ਰਹੇ ਹਨ। ਕੇਂਦਰ ਸਰਕਾਰ ਸੁਰੱਖਿਆ ਦਸਤਿਆਂ ਦੇ ਇਸ ਗੈਰ ਕਾਨੂੰਨੀ ਵਿਵਹਾਰ ਦਾ ਗੰਭੀਰ ਨੋਟਿਸ ਵੀ ਨਹੀਂ ਲੈ ਰਹੀ। ਜੰਮੂ-ਕਸ਼ਮੀਰ ਦਾ ਮਸਲਾ ਪੇਚੀਦਾ ਹੋਣ ਦਾ ਇਕ ਇਹ ਵੀ ਕਾਰਨ ਹੈ। ਇਸ ਕਾਰਨ ਹੀ ਉਥੋਂ ਦੇ ਲੋਕਾਂ ਵਿੱਚ ਭਾਰਤ ਅਤੇ ਭਾਰਤੀ ਫੌਜ ਪ੍ਰਤੀ ਨਫਰਤ ਦੀ ਭਾਵਨਾ ਘਰ ਕਰਦੀ ਜਾ ਰਹੀ ਹੈ। ਭਾਰਤੀ ਫ਼ੌਜ ਦੇ ਇਕ ਵਿਵਾਦਗ੍ਰਸਤ ਅਧਿਕਾਰੀ ਮੇਜਰ ਨਿਤਿਨ ਲੀਤੁਲ ਗੋਗੋਈ ਵੱਲੋਂ ਕੀਤੀ ਗਈ ਹਰਕਤ ਬਹੁਤ ਸ਼ਰਮਨਾਕ ਹੈ। ਬੇਸ਼ਕ ਫੌਜ ਨੇ ਮੇਜਰ ਖਿਲਾਫ ਕੋਰਟ ਆਫ਼ ਇਨਕੁਆਰੀ ਦੇ ਹੁਕਮ ਦਿੱਤੇ ਹਨ, ਪਰ ਉਨ੍ਹਾਂ ਨੂੰ ਫੌਰੀ ਤੌਰ ’ਤੇ ਨਾ ਡਿਊਟੀ ਤੋਂ ਲਾਂਭੇ ਕੀਤਾ ਗਿਆ ਹੈ ਅਤੇ ਨਾ ਹੀ ਮੁਅੱਤਲ ਕੀਤਾ ਗਿਆ ਹੈ। ਇਹ ਵਿਵਾਦਗ੍ਰਸਤ ਫੌਜੀ ਅਧਿਕਾਰੀ ਪਿਛਲੇ ਦਿਨੀਂ ਸ਼੍ਰੀ ਨਗਰ ਦੇ ਇਕ ਹੋਟਲ ਵਿੱਚ ਝਗੜੇ ਤੋਂ ਬਾਅਦ ਜੰਮੂ-ਕਸ਼ਮੀਰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਝਗੜੇ ਸਮੇਂ ਇਹ ਫੌਜੀ ਅਧਿਕਾਰੀ 18 ਸਾਲਾਂ ਦੀ ਇਕ ਮਾਸੂਮ ਕਸ਼ਮੀਰੀ ਕੁੜੀ ਨੂੰ ਜ਼ਬਰੀ ਹੋਟਲ ਦੇ ਕਮਰੇ ਵਿੱਚ ਲੈ ਜਾਣਾ ਚਾਹੁੰਦਾ ਸੀ ਪ੍ਰੰਤੂ ਮੌਕੇ ’ਤੇ ਹੋਟਲ ਸਟਾਫ ਨੇ ਉਸ ਨੂੰ ਅਜਿਹਾ ਨਹੀਂ ਕਰਨ ਦਿੱਤਾ। ਇਸ ਦੌਰਾਨ ਫੌਜੀ ਅਧਿਕਾਰੀ ਨੇ ਸਟਾਫ ਨਾਲ ਝਗੜਾ ਕੀਤਾ। ਇਸ ਕਾਰਨ ਹੀ ਪੁਲਿਸ ਨੇ ਉਸ ਨੂੰ ਡਰਾਇਵਰ ਸਮੇਤ ਮੌਕੇ ’ਤੇ ਹਿਰਾਸਤ ਵਿੱਚ ਲੈ ਲਿਆ। ਇਹ ਉਹ ਹੀ ਫੌਜੀ ਅਧਿਕਾਰੀ ਹੈ ਜਿਸ ਨੇ ਇਕ ਨਿਰਦੋਸ਼ ਕਸ਼ਮੀਰੀ ਨਾਗਰਿਕ ਨੂੰ ਆਪਣੀ ਫੌਜੀ ਜੀਪ ਦੇ ਬੋਨਟ ਉਪਰ ਬੰਨ੍ਹਣ ਦੀ ਗੈਰ-ਮਨੁੱਖੀ ਕਾਰਵਾਈ ਕੀਤੀ ਸੀ। ਉਸ ਸਮੇਂ ਵੀ ਕੇਂਦਰ ਸਰਕਾਰ ਅਤੇ ਕਥਿਤ ਰਾਸ਼ਟਰਵਾਦੀਆਂ ਨੇ ਉਸ ਖਿਲਾਫ ਕੋਈ ਕਰੜੀ ਕਾਰਵਾਈ ਨਹੀਂ ਹੋਣ ਦਿੱਤੀ। ਅੱਤਵਾਦ ਨਾਲ ਲੜਾਈ ਇਕ ਵੱਖਰੀ ਗੱਲ ਹੈ, ਪ੍ਰੰਤੂ ਕਿਸੇ ਨੂੰ ਵੀ ਇਸ ਲੜਾਈ ਦੇ ਆਧਾਰ ਉਪਰ ਆਮ ਲੋਕਾਂ ਨਾਲ ਜ਼ਿਆਦਤੀ ਦਾ ਹੱਕ ਨਹੀਂ ਦਿੱਤਾ ਜਾ ਸਕਦਾ। ਅਸਲ ਵਿੱਚ ਕੇਂਦਰੀ ਸਰਪ੍ਰਸਤੀ ਹੇਠਲੇ ਫੌਜ ਅਤੇ ਨੀਮ ਫੌਜੀ ਦਸਤੇ ਖੁਦ ਨੂੰ ਜੰਮੂ-ਕਸ਼ਮੀਰ ਦੇ ਹਾਕਮ ਸਮਝਦੇ ਹਨ ਅਤੇ ਉਹ ਲੋਕਾਂ ਨਾਲ ਬਸਤੀਵਾਦੀ ਸੋਚ ਤਹਿਤ ਹੀ ਸਲੂਕ ਕਰਦੇ ਹਨ। ਜੰਮੂ-ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਦੀਆਂ ਸੈਂਕੜੇ ਘਟਨਾਵਾਂ ਵਾਪਰ ਚੁੱਕੀਆਂ ਹਨ। ਹਾਲੇ ਤੱਕ ਕਿਸੇ ਵੀ ਅਜਿਹੀ ਘਟਨਾ ਵਿੱਚ ਕਿਸੇ ਵੀ ਫੌਜੀ ਜਾਂ ਨੀਮ ਫੌਜੀ ਦਸਤੇ ਦੇ ਮੈਂਬਰ ਨੂੰ ਮਿਸਾਲੀ ਸਜ਼ਾ ਨਹੀਂ ਮਿਲੀ। ਬੇਸ਼ਕ ਹੁਣ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਇਹ ਆਖ ਰਹੇ ਹਨ ਕਿ ਜੇ ਮੇਜਰ ਗੋਗੋਈ ‘ਕਿਸੇ ਜੁਰਮ ਵਿੱਚ’ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਮਿਸਾਲੀ ਸਜ਼ਾ ਦਿਤੀ ਜਾਵੇਗੀ। ਪਰ ਸਵਾਲ ਤਾਂ ਇਹ ਹੈ ਕਿ ਮੇਜਰ ਗਗੋਈ ਨੂੰ ਜੰਮੂ-ਕਸ਼ਮੀਰ ਤੋਂ ਫਾਰਗ ਕਿਉਂ ਨਹੀਂ ਕੀਤਾ ਗਿਆ। ਉਸ ਨੂੰ ਫੌਰੀ ਤੌਰ ’ਤੇ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ। ਮੌਜੂਦਾ ਹਾਲਾਤਾਂ ਵਿੱਚ ਉਹ ਆਪਣੇ ਖਿਲਾਫ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜੰਮੂ-ਕਸ਼ਮੀਰ ਵਿੱਚ ਉਸ ਦੀ ਤਾਇਨਾਤੀ ਕਾਰਨ ਅਧਿਕਾਰੀ ਅਤੇ ਮੁਲਾਜ਼ਮ ਉਸ ਖਿਲਾਫ ਰਿਪੋਰਟ ਨਹੀਂ ਦੇ ਸਕਦੇ। ਅਜਿਹੇ ’ਚ ਆਮ ਲੋਕਾਂ ਲਈ ਵੀ ਇਸ ਅਧਿਕਾਰੀ ਖਿਲਾਫ਼ ਮੂੰਹ ਖੋਲ੍ਹਣਾ ਔਖਾ ਹੈ। ਇਹ ਉਮੀਦ ਕਰਨੀ ਔਖੀ ਹੈ ਕਿ ਮੇਜਰ ਗੋਗੋਈ ਖਿਲਾਫ ਕੋਈ ਮਿਸਾਲੀ ਕਾਰਵਾਈ ਹੋਵੇਗੀ। ਸ਼੍ਰੀਨਗਰ ਦੀ ਘਟਨਾ ਜੰਮੂ-ਕਸ਼ਮੀਰ ਦੇ ਲੋਕਾਂ ਦੀ ਅਣਖ ਅਤੇ ਇਜ਼ਤ ਉਪਰ ਹਮਲਾ ਹੈ। ਇਸ ਘਟਨਾ ਨੂੰ ਸਹਿਜ ਨਾਲ ਨਹੀਂ ਲਿਆ ਜਾ ਸਕਦਾ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੋਸ਼ੀ ਫੌਜੀ ਅਧਿਕਾਰੀ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰੇ ਅਤੇ ਇਸ ਸਬੰਧ ਵਿੱਚ ਬਕਾਇਦਾ ਕੇਸ ਦਰਜ ਕਰਕੇ ਦੋਸ਼ੀ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ।
27 ਮਈ 2018 – ਬਲਜੀਤ ਸਿੰਘ ਬਰਾੜ



