Skip to content
Independent perspectives. Global stories.
BREAKING

ਉਭਰਦੇ ਖਿਡਾਰੀਆਂ ਦੇ ਆਗਮਨ ਨਾਲ ਹੋਵੇਗੀ ਕੈਨੇਡਾ ਖੇਡ ਸੀਜ਼ਨ ਦੀ ਸ਼ੁਰੂਆਤ

Share this story

ਪੰਜਾਬੀਆਂ ਦੀ ਮਾਣਮੱਤੀ ਖੇਡ ਕਬੱਡੀ ਦਾ ਵਿਦੇਸ਼ੀ ਸੀਜਨ ਅਗਲੇ ਦਿਨਾ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ । ਜਿਸਦੇ ਚੱਲਦਿਆ ਵਿਦੇਸ਼ ਜਾਣ ਵਾਲੇ ਖਿਡਾਰੀਆਂ ਨੂੰ ਵੀਜੇ ਜਾਰੀ ਹੋ ਰਹੇ ਹਨ। ਅਸਟ੍ਰੇਲੀਆ ਵਰਲਡ ਤੇ ਨਿਊਜੀਲੈਂਡ ਖੇਡ ਸੀਜਨ ਤੋਂ ਬਾਅਦ ਅਗਲੇ ਦਿਨਾ ਵਿੱਚ ਕੈਨੇਡਾ ਦਾ ਖੇਡ ਸੀਜਨ ਸ਼ੁਰੂ ਹੋਣ ਜਾ ਰਿਹਾ ਹੈ । ਜਿਸ ਵਿੱਚ ਇਸ ਵਾਰ ਨਵੇਂ ਖਿਡਾਰੀਆਂ ਨੂੰ ਧੜਾਧੜ ਮਿਲ ਰਹੇ ਵੀਜੇ ਸੁਭ ਸੰਕੇਤ ਹਨ। ਸਾਲ 2010-11 ਤੋਂ ਬਾਅਦ ਇਹ ਵੱਡਾ ਮੌਕਾ ਹੈ ਜਦੋਂ ਕਬੱਡੀ ਦੇ ਨਵੇਂ ਉਭਰੇ ਚੇਹਰਿਆ ਨੂੰ ਕੈਨੇਡਾ ਦੀਆਂ ਮਖਮਲੀ ਘਾਹਦਾਰ ਗਰਾਂਊਂਡਾ ਵਿੱਚ ਕਬੱਡੀ ਕਬੱਡੀ ਕਰਦੇ ਦੇਖਿਆ ਜਾਵੇਗਾ । ਜੇਕਰ 2010-11 ਵਿੱਚ ਕਬੱਡੀ ਖੇਡਣ ਗਏ ਖਿਡਾਰੀਆ ਦੇ ਨਾਂ ਤੇ ਕਬੂਤਰਬਾਜੀ ਨਾ ਹੁੰਦੀ ਤਾਂ ਇਹ ਸਫਰ ਬਾ ਦਸਤੂਰ ਜਾਰੀ ਰਹਿਣਾ ਸੀ । ਪ੍ਰੰਤੂ ਉਸ ਸਮੇਂ ਵੱਡੇ ਪੱਧਰ ਤੇ ਹੋਈ ਕਬੂਤਰਬਾਜੀ ਨੇ ਕਬੱਡੀ ਖਿਡਾਰੀਆ ਦੇ ਵੀਜਿਆ ਵਾਲੇ ਪਰ੍ਹ ਕੁਤਰ ਦਿੱਤੇ ਸਨ । ਜੇਕਰ ਇਸ ਵਾਰ ਕਬੱਡੀ ਵਾਲੇ ਆਪਣੀ ਖੇਡ ਬਾਰੇ ਸੱਚੇ ਦਿਲੋਂ ਕੰਮ ਕਰਨਗੇ ਤਾਂ ਆਉਣ ਵਾਲਾ ਭਾਵਿਖ ਸੁਰੱਖਿਅਤ ਰਹੇਗਾ । ਜਿਸ ਨਾਲ ਅਉਣ ਵਾਲੇ ਸਮੇਂ ਚ ਸੈਂਕੜੇ ਨੌਜਵਾਨਾ ਦਾ ਭਾਵਿੱਖ ਸੁਰੱਖਿਅਤ ਤੇ ਖੁਸਹਾਲ ਹੋਵੇਗਾ । ਇਸ ਮੌਕੇ ਕੈਨੇਡਾ ਵਿੱਚ ਅੱਧੀ ਦਰਜਨ ਦੇ ਕਰੀਬ ਖੇਡ ਫੈਡਰੇਸ਼ਨਾ ਹਨ । ਜਿੰਨਾ ਨੇ ਆਪਣੇ ਆਪਣੇ ਢੰਗ ਨਾਲ ਮੈਚ ਕਰਾਉਣੇ ਹਨ । ਇਸ ਸੰਦਰਭ ਵਿੱਚ ਜਿੰਨਾ ਨਵੇਂ ਚੇਹਰਿਆ ਨੂੰ ਮੌਕਾ ਮਿਲਿਆ ਹੈ ਉਹਨਾਂ ਬਾਰੇ ਚਰਚਾ ਕਰਦੇ ਹਾਂ।
ਮਨ ਸਿੰਘ ਦਿੜ੍ਹਬਾ- ਕਬੱਡੀ ਖਿਡਾਰੀ ਮਨ ਸਿੰਘ (ਜਨਾਲ) ਦਿੜ੍ਹਬਾ ਇਸ ਸੀਜਨ ਵਿੱਚ ਧਾਵੀ ਦੇ ਤੌਰ ਤੇ ਸਾਨਦਾਰ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ ਰਿਹਾ ਹੈ ।ਉਚੇ ਲੰਮੇ ਕੱਦ ਦਾ ਇਹ ਨੌਜਵਾਨ ਸਵਾ ਕੁਵਾਇਟਲ ਭਾਰਾ ਹੈ । ਕੇਸਾਧਾਰੀ ਹੋਣ ਕਰਕੇ ਕਬੱਡੀ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਦਾ ਹਰਮਨ ਪਿਆਰਾ ਇਹ ਖਿਡਾਰੀ ਇਸ ਸੀਜਨ ਵਿੱਚ ਦਰਜਨ ਦੇ ਕਰੀਬ ਮੋਟਰਸਾਈਕਲਾ ਦਾ ਜੈਤੂ ਬਣਿਆ ਹੈ ।ਜਿਸਦਾ ਕੈਨੇਡਾ ਦਾ ਵੀਜਾ ਲੱਗ ਚੁੱਕਾ ਹੈ ਤੇ ਅਗਲੇ ਦਿਨਾ ਚ ਬੱਲੇ ਬੱਲੇ ਕਰਵਾਵੇਗਾ ।
ਹਰਦੀਪ ਸਿੰਘ ਬੇਨੜਾ- ਡੀਏਵੀ ਕਾਲਜ ਜਲੰਧਰ ਦੇ ਮੈਦਾਨ ਚੋ ਕਬੱਡੀ ਦੇ ਮੁਢਲੇ ਦਾਅ ਪੇਚ ਸਿੱਖਣ ਵਾਲਾ ਹਰਦੀਪ ਸਿੰਘ ਬੇਨੜਾ ਉਹ ਖਿਡਾਰੀ ਹੈ ਜਿਸਨੇ 2016 ਦੀ ਵਰਲਡ ਕਬੱਡੀ ਲੀਗ ਵਿੱਚ ਸਭ ਤੋਂ ਬੇਹਤਰੀਨ ਜੱਫਾ ਲਾਇਆ ਸੀ । ਅੱਜਕੱਲ ਸ਼ਹੀਦ ਭਗਤ ਸਿੰਘ ਕਲੱਬ ਸਰਹਾਲਾ ਰਾਣੂੰਆ ਚ ਬਤੌਰ ਜਾਫੀ ਖੇਡਦਿਆ ਕਈ ਕਬੱਡੀ ਕੱਪਾ ਦਾ ਬੈਸਟ ਜਾਫੀ ਬਣਿਆ ਹੈ । ਜੋ ਇਸ ਸਾਲ ਪਹਿਲੀ ਵਾਰ ਕੈਨੇਡਾ ਖੇਡੇਗਾ ।
ਫੂਲਾ ਸੂਸਕ – ਫਿਰੋਜਪੁਰ ਨੇੜਲੇ ਪਿੰਡ ਸੂਸਕ ਦਾ ਜੰਮਪਲ ਫੂਲਾ ਸੂਸਕ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸਾਹਕੋਟ ਲਾਈਨਜ ਲਈ ਖੇਡਦਿਆ ਚਮਕਿਆ ਹੈ । ਜਿਸ ਨੇ ਡੱਲੇਵਾਲ (ਜਲੰਧਰ) ਕਬੱਡੀ ਕੱਪ ਤੇ ਖੇਡਦਿਆ ਜਿੱਥੇ ਬੈਸਟ ਜਾਫੀ ਦੇ ਤੌਰ ਤੇ ਮੋਟਰਸਾਈਕਲ ਜਿੱਤਿਆ । ਉਥੇ ਹੀ ਸਵਾ ਦੋ ਲੱਖ ਰੁਪਏ ਦਾ ਜੱਫਾ ਲਾ ਕੇ ਇਸ ਸੀਜਨ ਵਿੱਚ ਵੱਖਰਾ ਰਿਕਾਰਡ ਬਣਾਇਆ । ਛੋਟੀ ਉਮਰ ਦਾ ਦਮਿਆਨੇ ਕੱਦ ਦਾ ਇਹ ਗੱਭਰੂ ਵੀ ਪਹਿਲੀ ਵਾਰ ਆਪਣਾ ਜੌਹਰ ਕੈਨੇਡਾ ਵਿੱਚ ਦਿਖਾਵੇਗਾ।
ਸੁੱਖਾ ਮਾਹਲਾ – ਸ਼ਹੀਦ ਭਗਤ ਸਿੰਘ ਕਲੱਬ ਸਰਹਾਲਾ ਰਾਣੂੰਆ ਲਈ ਇਸ ਸੀਜਨ ਵਿੱਚ ਧੜੱਲੇਦਾਰ ਰੇਡਾ ਪਾਉਣ ਵਾਲਾ ਸੁੱਖਾ ਮਾਹਲਾ ਵੀ ਕੈਨੇਡਾ ਵਿੱਚ ਕਬੱਡੀਆ ਪਾਉਣ ਲਈ ਤਿਆਰ ਹੈ ।
ਮੇਸੀ ਹਰਖੋਵਾਲ – ਸਾਵਲੇ ਜਿਹੇ ਰੰਗ ਦਾ ਉਚਾ ਲੰਮਾ ਗੱਭਰੂ ਦੁਆਬੇ ਦੇ ਮਸਹੂਰ ਪਿੰਡ ਹਰਖੋਵਾਲ ਦਾ ਜੰਮਪਲ ਮੇਸੀ ਵੀ ਕੈਨੇਡਾ ਖੇਡਣ ਜਾ ਰਿਹਾ ਹੈ । ਜਿਸ ਨੇ ਨਡਾਲਾ ਦੇ ਕਬੱਡੀ ਕੱਪ ਤੇ ਫੋਰਡ ਟਰੈਕਟਰ ਜਿੱਤ ਕੇ ਇਸ ਸੀਜਨ ਵਿੱਚ ਵੱਖਰੀ ਛਾਪ ਛੱਡੀ ਹੈ ।
ਮਲੂਕ ਅਲੀ- ਸਕਰਪੁਰ ਪਿੰਡ ਦੇ ਸਕੇ ਭਰਾਵਾ ਦੀ ਜੋੜੀ ਫਰਿਆਦ ਅਲੀ ਤੇ ਮਲੂਕ ਅਲੀ ਬਤੌਰ ਜਾਫੀ ਦੇ ਤੌਰ ਆਪਣਾ ਲੋਹਾ ਮਨਾਉਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੀ ਹੈ ।ਫਰਿਆਦ ਤੋਂ ਬਾਅਦ ਮਲੂਕ ਅਲੀ ਵੀ ਇਸ ਸਾਲ ਕੈਨੇਡਾ ਵਿੱਚ ਰੇਡਰਾ ਦੇ ਕੈਂਚੀਆ ਮਾਰਦਾ ਨਜਰ ਆਵੇਗਾ ।
ਜੀਤਾ ਤਲਵੰਡੀ ਚੌਧਰੀਆ- ਜ਼ਿਲ੍ਹਾ ਕਪੂਰਥਲਾ ਦੇ ਮਸਹੂਰ ਪਿੰਡ ਤਲਵੰਡੀ ਚੌਧਰੀਆ ਦੀ ਕਬੱਡੀ ਵਿੱਚ ਹਮੇਸ਼ਾ ਚੜਤ ਰਹੀ ਹੈ । ਇਸ ਪਿੰਡ ਦਾ ਮਸਹੂਰ ਜਾਫੀ ਜਿਸ ਨੇ ਚੜਦੀ ਉਮਰੇ ਬਹਿਜਾ ਬਹਿਜਾ ਕਰਵਾਈ ਹੈ ।ਉਹ ਜੀਤਾ ਤਲਵੰਡੀ ਚੌਧਰੀਆ ਜੋ ਰਾਇਲ ਕਿੰਗ ਯੂਐਸਏ ਵਲੋਂ ਖੇਡਦਾ ਹੈ । ਇਸ ਸਾਲ ਪਹਿਲੀ ਵਾਰ ਇਹ ਵੀ ਨੌਜਵਾਨ ਕੈਨੇਡਾ ਵਿੱਚ ਰੇਡਰਾ ਨਾਲ ਦੋ ਹੱਥ ਕਰੇਗਾ ।
ਭੋਲਾ ਧਨੌਰੀ- ਜ਼ਿਲ੍ਹਾ ਰੋਪੜ ਦੇ ਮਸਹੂਰ ਪਿੰਡ ਧਨੌਰੀ ਦਾ ਨੌਜਵਾਨ ਭੋਲਾ ਵੀ ਇਸ ਸਾਲ ਜਗਤਾਰ ਸਿੰਘ ਧਨੌਲਾ ਦੀ ਖੇਡ ਕਲੱਬ ਸੰਤ ਈਸਰ ਸਿੰਘ ਕਲੱਬ ਰਾੜਾ ਸਾਹਿਬ ਲਈ ਖੇਡਦਿਆ ਚਰਚਾ ਚ ਰਿਹਾ ਹੈ । ਪ੍ਰਸਿੱਧ ਖਿਡਾਰੀਆ ਦੇ ਪਿੰਡ ਦਾ ਇਹ ਨੌਜਵਾਨ ਇਸ ਸਾਲ ਪਹਿਲੀ ਵਾਰ ਸਾਹਜੋਰ ਧਾਵੀ ਦੇ ਤੌਰ ਤੇ ਕੈਨੇਡਾ ਖੇਡੇਗਾ ।
ਲੱਖਾ ਸਰਾਵਾ- ਜ਼ਿਲ੍ਹਾ ਫਰੀਦਕੋਟ ਦੇ ਕੋਟਕਪੂਰੇ ਲਾਗਲੇ ਪਿੰਡ ਸਰਾਵਾਂ ਦਾ ਛੋਟੀ ਉਮਰ ਵਿੱਚ ਵੱਡੀਆ ਮੱਲਾ ਮਾਰਨ ਵਾਲਾ ਗੱਭਰੂ ਲੱਖਾ ਸਰਵਾਂ ਇਸ ਸਾਲ ਬਾਬਾ ਸੁਖਚੈਨ ਦਾਸ ਕਲੱਬ ਸਾਹਕੋਟ ਲਈ ਖੇਡਿਆ ਹੈ ।ਜਿਸ ਨੇ ਆਪਣੇ ਵਿੱਤ ਤੋਂ ਤਕੜੇ ਰੇਡਰਾ ਨੂੰ ਜੱਫੇ ਲਾ ਕੇ ਬਹਿਜਾ ਬਹਿਜਾ ਕਰਵਾਈ ਹੈ ।
ਨਿੱਕੂ ਕਲਿਆਣ – ਬਠਿੰਡਾ ਜਿਲੇ ਦੇ ਭਗਤਾ-ਬਾਜਾਖਾਨਾ ਇਲਾਕੇ ਦਾ ਨੌਜਵਾਨ ਨਿੱਕੂ ਵੀ ਬੜਾ ਜੋਰਾਵਰ ਜਾਫੀ ਹੈ । ਕਬੱਡੀ ਕੋਚ ਸਾਧੂ ਸਿੰਘ ਬਰਾੜ ਦੀ ਅਗਵਾਈ ਵਿੱਚ ਇਹ ਨੌਜਵਾਨ ਹਰਜੀਤ ਫਰੈਂਡਜ ਕਲੱਬ ਪੱਤੋ ਹੀਰਾ ਸਿੰਘ ਲਈ ਖੇਡਿਆ ਹੈ । ਛੋਟੀ ਉਮਰੇ ਬਤੌਰ ਜਾਫੀ ਦੇ ਤੌਰ ਤੇ ਚਮਕਿਆ ਇਹ ਨੌਜਵਾਨ ਵੀ ਕੈਨੇਡਾ ਖੇਡਣ ਲਈ ਤਿਆਰ ਹੈ ।
ਬੰਟੀ ਟਿੱਬਾ – ਅੱਜ ਦੀ ਤਾਰੀਖ ਦਾ ਪੰਜਾਬ ਦਾ ਚੋਟੀ ਦਾ ਖਿਡਾਰੀ ਬਣਿਆ ਨੌਜਵਾਨ ਬੰਟੀ ਟਿੱਬਾ ਵੀ ਪੰਜਾਬ ਦਾ ਨਾਮਵਰ ਰੇਡਰ ਹੈ ।ਜਿਸ ਨੇ ਕਬੱਡੀ ਓਪਨ ਤੇ ਆਲ ਓਪਨ ਦੇ ਮੈਚ ਖੇਡਦਿਆ ਬੈਸਟ ਰੇਡਰ ਦੇ ਖਿਤਾਬ ਜਿੱਤ ਕੇ ਕਾਫੀ ਚਰਚਾ ਕਰਾਈ ਹੈ । ਇਸ ਖਿਡਾਰੀ ਦਾ ਵੀ ਕੈਨੇਡਾ ਦਾ ਵੀਜਾ ਲੱਗ ਗਿਆ ਹੈ ।
ਛੋਟਾ ਗੋਪੀ ਮਾਣਕੀ- ਖੰਨੇ ਨੇੜਲੇ ਪਿੰਡ ਮਾਣਕੀ ਦੇ ਗੁਰਪ੍ਰੀਤ ਸਿੰਘ ਗੋਪੀ ਦੀ ਵਰਲਡ ਕੱਡੀ ਲੀਗ ਖੇਡਦਿਆ ਖੂਬ ਚਰਚਾ ਹੋਈ ਸੀ । ਮਲੇਰਕੋਟਲਾ ਕਬੱਡੀ ਕੱਪ ਤੇ ਐਨ ਆਰ ਆਈ ਕਲੱਬ ਨਕੋਦਰ ਲਈ ਖੇਡਦਿਆ ਇਸ ਨੌਜਵਾਨ ਨੇ ਬਤੌਰ ਧਾਵੀ ਫੋਰਡ ਟਰੈਕਟਰ ਜਿੱਤਿਆ ਸੀ । ਉਚੇ ਲੰਮੇ ਕੱਦ ਦਾ ਤੇਜਤਰਾਰ ਰੇਡਰ ਗੋਪੀ ਮਾਣਕੀ ਵੀ ਕੈਨੇਡਾ ਲਈ ਤਿਆਰ ਹੋ ਗਿਆ ਹੈ ।
ਸੀਪਾ ਥਾਂਦੇਵਾਲ- ਛੇ ਫੁੱਟ ਉਚੇ ਲੰਮੇ ਕੱਦ ਦਾ ਮਾਲਿਕ ਤੇ ਖੁੱਲੀ ਡੁੱਲੀ ਡੀਲ ਡੋਲ ਵਾਲਾ ਗੱਭਰੂ ਸੀਪਾ ਥਾਂਦੇਵਾਲ ਵੀ ਇਸ ਸੀਜਨ ਚ ਰੇਡਰਾ ਤੇ ਕਹਿਰ ਬਣ ਕੇ ਟੁੱਟਿਆ ਹੈ । ਹਿੱਕ ਜੋਰ ਨਾਲ ਜੱਫੇ ਲਾਉਣ ਵਾਲੇ ਇਸ ਨੌਜਵਾਨ ਦੀ ਕੈਨੇਡਾ ਵਿਚਲੇ ਖੇਡ ਪ੍ਰੇਮੀਆ ਨੂੰ ਬੇਸਬਰੀ ਨਾਲ ਉਡੀਕ ਹੈ ।
ਜਿੰਦਰ ਸਿੰਧੜਾ- ਜਿੰਦਰ ਸਿੰਧੜਾ ਵਾਲਾ ਨਕੋਦਰ ਦੇ ਇਲਾਕੇ ਦਾ ਬੜਾ ਸਾਨਦਾਰ ਖਿਡਾਰੀ ਹੈ । ਜੋ ਨਕੋਦਰ ਦੀ ਟੀਮ ਲਈ ਖੇਡਿਆ ਹੈ । ਰੇਡਰ ਦੀ ਖੁੱਚ ਪੁੱਟ ਕੇ ਜੱਫੇ ਲਾਉਣ ਵਾਲੇ ਜਾਫੀਆ ਵਿੱਚ ਸੁਮਾਰ ਕਰਨ ਵਾਲਾ ਇਹ ਨੌਜਵਾਨ ਵੀ ਕੈਨੇਡਾ ਵਿੱਚ ਧੁੰਮਾ ਪਾਉਣ ਲਈ ਤਿਆਰ ਹੈ ।
ਇਸ ਤਰ੍ਹਾਂ ਬੱਬੂ ਝਨੇੜੀ,ਦਲਵੀਰ ਮਨਾਣਾ,ਅਰਸ ਚੋਹਲਾ ਸਾਹਿਬ,ਤਾਜਾ ਕਾਲਾ ਸੰਘਿਆ ,ਗਗਨ ਨਾਗਰਾ ,ਰਿੰਕੂ ਖਰੰਟੀ ,ਪੰਮਾ ਸੋਹਾਣਾ,ਹੈਪੀ ਸੈਪਲੀ, ਅਮ੍ਰਿਤ ਔਲਖ,ਬੱਬੂ ਭਿੰਡਰ, ਕੁਲਦੀਪ ਸਿਕਾਰ ਮਾਛੀਆ,ਅਮਨ ਲੱਲੀਆ ਆਦਿ ਖਿਡਾਰੀਆ ਦੇ ਵੀਜੇ ਲੱਗ ਚੁੱਕੇ ਹਨ ।ਜੋ ਕੈਨੇਡਾ ਦੀਆਂ ਘਾਹਦਾਰ ਮਖਮਲੀ ਗਰਾਊਂਡਾ ਵਿੱਚ ਆਪਣੀ ਖੇਡ ਦਾ ਪ੍ਰਦ੍ਰਸਨ ਕਰਨ ਦੇ ਨਾਲ ਨਾਲ ਆਪਣੇ ਅੰਤਰਰਾਸ਼ਟਰੀ ਸਫਰ ਦੀ ਸ਼ੁਰੂਆਤ ਕਰਨਗੇ । ਸੋ ਕਬੱਡੀ ਖੇਡ ਜਗਤ ਲਈ ਇਹ ਬੜਾ ਵੱਡਾ ਮੌਕਾ ਹੈ ਕਿ ਸੈਂਕੜਿਆ ਦੇ ਕਰੀਬ ਨੌਜਵਾਨ ਵਿਦੇਸ਼ ਖੇਡਣ ਜਾ ਰਹੇ ਹਨ ।ੋਿੲਸ ਨਾਲ ਜਿੱਥੇ ਵਧੇਰੇ ਘਰਾਂ ਦੇ ਆਰਥਿਕ ਹਲਾਤ ਸੁਖਦ ਹੋਣਗੇ , ਉਥੇ ਸਾਡੀ ਖੇਡ ਨੂੰ ਵੀ ਬਲ ਮਿਲੇਗਾ । ਇਹ ਸਫਰ ਇਸ ਤਰ੍ਹਾਂ ਚੱਲਦਾ ਰਹੇ ਅਸੀਂ ਸਾਰੇ ਖਿਡਾਰੀਆਂ ਨੂੰ ਸੁਭ ਕਾਮਨਾਵਾ ਦਿੰਦੇ ਹੋਏ ਕਬੱਡੀ ਦੇ ਉਜਵਲ ਭਾਵਿੱਖ ਲਈ ਦੁਆ ਕਰਦੇ ਹਾਂ।

WRITTEN BY