ਬਠਿੰਡਾ, 8 ਮਈ (ਨਰਿੰਦਰ ਪੁਰੀ ਕਮਲ ਕਟਾਰੀਆ)- ਪੰਜਾਬ ਸਰਕਾਰ ਦੀ ਘਰ-ਘਰ ਨੌਕਰੀ ਯੋਜਨਾ ਤਹਿਤ ਮਾਰਕਫੈਡ ਪੰਜਾਬ ਵੱਲੋਂ ਜ਼ਿਲ੍ਹਾ ਬਠਿੰਡਾ ’ਚ 5 ਬੂਥ ਖੋਲ੍ਹੇ ਜਾ ਰਹੇ ਹਨ, ਜਿਥੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿਤਾ ਜਾਵੇਗਾ।ਇਸ ਗਲ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਅਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣੇ ਨਵੇਂ ਮਾਰਕਫੈਡ ਦੇ ਬੂਥ ਦਾ ਉਦਘਾਟਨ ਕਰਦਿਆਂ ਕੀਤਾ। ਸ਼੍ਰੀਮਤੀ ਸਾਹਨੀ ਨੇ ਦਸਿਆ ਕਿ ਮਾਰਕਫੈਡ ਦੇ ਉਚ ਗੁਣਵਤਾ ਵਾਲੇ ਸਾਰੇ 85 ਉਤਪਾਦ ਇਸ ਬੂਥ ’ਚ ਉਪਲਬਧ ਹੋਣਗੇ।ਉਨ੍ਹਾਂ ਦੱਸਿਆ ਕਿ ਮਾਰਕਫੈਡ ਦੇ ਮਸ਼ਹੂਰ ਉਤਪਾਦ ਜਿਵੇਂ ਕਿ ਮਸਾਲਾ ਗੁੜ, ਕੇਸਰ ਦਲੀਆ ਅਤੇ ਸ਼ਹਿਦ ਵੀ ਇਨ੍ਹਾਂ ਬੂਥਾਂ ਤੇ ਵਿਕਰੀ ਲਈ ਉਪਲਬਧ ਹੋਣਗੇ। ਉਨ੍ਹਾਂ ਦਸਿਆ ਕਿ ਮਾਰਕਫੈਡ ਦੁਆਰਾ ਇਹ ਬੂਥ ਆਪ ਉਸਾਰੇ ਜਾਣਗੇ ਅਤੇ ਇਨਾਂ ਨੂੰ ਚਲਾਉਣ ਵਾਲੇ ਨੌਜਵਾਨ ਉਹੀ ਹੋਣਗੇ ਜਿਨਾਂ ਕੋਲ ਪਹਿਲਾਂ ਰੁਜ਼ਗਾਰ ਨਹੀਂ ਸੀ। ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦਸਿਆ ਕਿ ਇਹ ਬੂਥ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਇਲਾਵਾ ਦਾਣਾ ਮੰਡੀ, ਮਾਡਲ ਟਾਊਨ ਫੇਜ਼-3, ਐਨ.ਐਫ.ਐਲ. ਸ਼ਾਪਿੰਗ ਕੰਪਲੈਕਸ ਅਤੇ ਭਗਤ ਸਿੰਘ ਮਾਰਕੀਟ ਰਾਮਪੁਰਾ ਫੂਲ ਵਿਖੇ ਲਗਾਏ ਜਾਣਗੇ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੰਗੀ ਗੁਣਵਤਾ ਵਾਲਾ ਸਮਾਨ ਇਨਾਂ ਬੂਥਾਂ ਤੋਂ ਖ੍ਰੀਦਣ।ਇਸ ਮੌਕੇ ਡਾਇਰੈਕਟਰ ਮਾਰਕਫੈਡ ਸ਼੍ਰੀ ਬਲਦੇਵ ਸਿੰਘ, ਡੀ.ਐਮ. ਮਾਰਕਫੈਡ ਸ਼੍ਰੀ ਗੁਰਬੀਰ ਸਿੰਘ, ਫਰਟੀਲਾਈਜਰ ਸਪਲਾਈ ਅਫ਼ਸਰ ਸ਼੍ਰੀ ਦਮਿੰਦਰ ਸਿੰਘ, ਲੋਕਲ ਬ੍ਰਾਂਚ ਮੈਨੇਜਰ ਸ਼੍ਰੀ ਯਾਦਵਿੰਦਰ ਸਿੰਘ, ਲੋਕਲ ਬ੍ਰਾਂਚ ਮੈਨੇਜਰ ਸ਼੍ਰੀ ਕਰਮਜੀਤ ਸਿੰਘ ਅਤੇ ਮਾਰਕਫੈਡ ਦਾ ਸਮੂਹ ਸਟਾਫ਼ ਮੌਜੂਦ ਸੀ।
ਘਰ-ਘਰ ਨੌਕਰੀ ਯੋਜਨਾ ਤਹਿਤ ਮਾਰਕਫੈਡ ਵੱਲੋਂ ਜ਼ਿਲ੍ਹਾ ਬਠਿੰਡਾ ’ਚ 5 ਬੂਥ ਖੋਲੇ ਜਾਣਗੇ : ਵਧੀਕ ਡਿਪਟੀ ਕਮਿਸ਼ਨਰ



