Skip to content
Independent perspectives. Global stories.
BREAKING

ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਪ੍ਰਸਾਸ਼ਨ ਵੱਲੋਂ ਪੁਖਤਾ ਪ੍ਰਬੰਧ-ਐਸ ਡੀ ਐਮ ਅਜਨਾਲਾ

Share this story

15 ਜੂਨ ਤੋਂ ਜਿਲ੍ਹੇ ਵਿੱਚ ਸਥਾਪਿਤ ਕੀਤੇ ਜਾਣਗੇ ਫਲੱਡ ਕੰਟਰੋਲ ਰੂਮ : ਮਾਲ ਅਫ਼ਸਰ

ਅੰਮ੍ਰਿਤਸਰ, 8 ਮਈ (ਦਵਾਰਕਾ ਨਾਥ ਰਾਣਾ)-ਅੰਮ੍ਰਿਤਸਰ ਜ਼ਿਲ੍ਹੇ ਵਿਚ ਮੌਨਸੂਨ ਸੀਜ਼ਨ ਦੌਰਾਨ ਹੜ੍ਹਾਂ ਦੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਦੇ ਮੰਤਵ ਨਾਲ ਐਸ ਡੀ ਐਮ ਅਜਨਾਲਾ ਸ੍ਰੀ ਰਜ਼ਤ ਓਬਰਾਏ ਅਤੇ ਜਿਲ੍ਹਾ ਮਾਲ ਅਫ਼ਸਰ ਸ੍ਰੀ ਮੁਕੇਸ਼ ਕੁਮਾਰ ਵੱਲੋਂ ਅਧਿਕਾਰੀਆਂ ਨੂੰ ਜ਼ਿਲ੍ਹੇ ਵਿਚ ਸਾਰੇ ਹੜ੍ਹ ਰੋਕੂ ਪ੍ਰਬੰਧ ਬਰਸਾਤਾਂ ਤੋਂ ਪਹਿਲਾਂ ਨਿਰਧਾਰਤ ਸਮੇਂ ਵਿਚ ਪੂਰੇ ਕਰਨ ਅਤੇ ਡਰੇਨਾਂ ਅਤੇ ਬਰਸਾਤੀ ਨਾਲਿਆਂ ਦੀ ਸਫਾਈ ਦਾ ਕੰਮ ਛੇਤੀ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ। ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿਖੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸ੍ਰੀ ਰਜ਼ਤ ਓਬਰਾਏ ਨੇ ਕਿਹਾ ਕਿ ਦਰਿਆਵਾਂ ਦੇ ਨਾਲ ਲਗਦੀਆਂ ਸਬ ਡਵੀਜ਼ਨਾਂ ਅਜਨਾਲਾ ਅਤੇ ਬਾਬਾ ਬਕਾਲਾ ਦੇ ਐਸ.ਡੀ.ਐਮਜ਼ ਆਪੋ ਆਪਣੀਆਂ ਸਬ ਡਵੀਜ਼ਨਾਂ ਦੀ ਯੋਜਨਾ ਤਿਆਰ ਕਰਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਦੌਰਾਨ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਦੇ ਨਾਲ-ਨਾਲ ਉਨ੍ਹਾਂ ਨੂੰ ਤੁਰੰਤ ਰਾਹਤ ਦਿੱਤੀ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਹੜ੍ਹਾਂ ਦੌਰਾਨ ਆਮ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਹੁਣ ਤੋਂ ਹੀ ਦਰਿਆ ਕੰਢੇ ਵਾਲੇ ਇਲਾਕਿਆਂ ਤੇ ਪ੍ਰਭਾਵਿਤ ਪਿੰਡਾਂ ਦੀ ਸੂਚੀ ਤਿਆਰ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਥਾਵਾਂ ਦੀ ਪਛਾਣ ਪਹਿਲਾਂ ਹੀ ਕਰ ਲਈ ਜਾਵੇ। ਉਨ੍ਹਾਂ ਕਿਹਾ ਕਿ ਬਰਸਾਤਾਂ ਦੌਰਾਨ ਸੰਚਾਰ ਵਿਵਸਥਾ ਨੂੰ ਚੁਸਤ-ਦਰੁਸਤ ਰੱਖਣ ਲਈ ਕੰਟਰੋਲ ਰੂਮ ਸਥਾਪਿਤ ਕਰਨ ਦੇ ਉਪਰਾਲੇ ਕੀਤੇ ਜਾਣ। ਸ੍ਰੀ ਰਜ਼ਤ ਓਬਰਾਏ ਨੇ ਨਿਰਦੇਸ਼ ਦਿੱਤੇ ਕਿ ਡਰੇਨਜ਼ ਵਿਭਾਗ ਡਰੇਨਾਂ ਅਤੇ ਬਰਸਾਤੀ ਨਾਲਿਆਂ ਦੀ ਸਫਾਈ ਦੇ ਕੰਮ ਨੂੰ ਮਿੱਥੇ ਸਮੇਂ ਸਿਰ ਮੁਕੰਮਲ ਕਰੇ ਤੇ ਨਾਲ ਹੀ ਗਾਰ ਨੂੰ ਤੁਰੰਤ ਚੁੱਕਿਆ ਜਾਵੇ ਤਾਂ ਜੋ ਬਰਸਾਤ ਦੇ ਸੀਜ਼ਨ ਦੌਰਾਨ ਪਾਣੀ ਦੇ ਵਹਾਅ ਵਿਚ ਕੋਈ ਅੜਚਣ ਨਾ ਪੈਦਾ ਹੋਵੇ। ਉਨਾਂ ਪੁਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ  ਦੇ ਚਾਰੇ ਅਤੇ ਦਵਾਈਆਂ ਲਈ ਪ੍ਰਬੰਧ ਕਰਨ, ਪਾਵਰਕਾਮ ਨੂੰ ਰਾਹਤ ਕੈਪਾਂ ਵਿਚ ਬਿਜਲੀ ਸਪਲਾਈ  ਯਕੀਨੀ ਬਣਾਉਣ, ਸਿਵਲ ਸਪਲਾਈ ਵਿਭਾਗ  ਨੂੰ ਹੜ੍ਹਾਂ ਤੋ ਪ੍ਰਭਾਵਿਤ ਲੋਕਾਂ ਦੀ ਜਰੂਰਤ ਲਈ ਲੋੜ ਅਨੁਸਾਰ  ਕੈਰੋਸੀਨ, ਡੀਜ਼ਲ, ਪੈਟਰੋਲ, ਤਰਪਾਲਾਂ , ਰਾਸ਼ਨ ਅਤੇ ਹੋਰ ਖਾਣ-ਪੀਣ ਦੀਆ ਵਸਤੂਆਂ, ਸਿਹਤ ਵਿਭਾਗ ਵੱਲੋ ਹੜ੍ਹ ਪ੍ਰਭਾਵਿਤ ਖੇਤਰਾਂ ਅਤੇ ਰਾਹਤ ਕੈਪਾਂ ਲਈ ਦਵਾਈਆਂ ਅਤੇ ਮੈਡੀਕਲ ਟੀਮਾਂ  ਦਾ ਢੁਕਵਾਂ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਕਿਸ਼ਤੀਆਂ, ਚੱਪੂ, ਲਾਈਫ ਜੈਕਟਾਂ, ਬੋਰੇ, ਰੱਸੀਆਂ ਆਦਿ ਦਾ ਪ੍ਰਬੰਧ ਕਰਨ ਦੇ ਵੀ ਨਿਰਦੇਸ਼ ਦਿੱਤੇ। ਹੜ੍ਹਾਂ ਸਮੇ ਲੋੜੀਂਦਾ ਸਾਜ਼ੋ-ਸਾਮਾਨ, ਜੋ ਕਿ ਜ਼ਿਲ੍ਹਾ ਮੁੱਖ ਦਫਤਰ ਵਿਖੇ ਉਪਲਬਧ ਹੈ, ਸਬੰਧੀ ਸਮੂਹ ਸਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ  ਉਹ ਇਸ ਨੂੰ ਚੈਕ ਕਰਕੇ ਇਸ ਦੇ ਠੀਕ ਚਾਲੂ ਹਾਲਤ ਵਿਚ ਹੋਣ ਦਾ ਸਰਟੀਫਿਕੇਟ ਦੇਣ ਤਾਂ ਜੋ ਲੋੜ ਸਮੇ ਕੋਈ ਮੁਸ਼ਕਲ ਪੇੋਸ਼ ਨਾ ਆਵੇ। ਇਸ ਮੌਕੇ ਜਿਲ੍ਹਾ ਮਾਲ ਅਫ਼ਸਰ ਸ੍ਰੀ ਮੁਕੇਸ਼ ਕੁਮਾਰ ਨੇ ਦੱਸਿਆ ਕਿ 15 ਜੂਨ ਨੂੰ ਜਿਲ੍ਹਾ ਅੰਮ੍ਰਿਤਸਰ ਵਿਚ ਫਲੱਡ ਕੰਟਰੋਲ ਕੇਂਦਰ ਸਥਾਪਿਤ ਕਰ ਲਏ ਜਾਣਗੇ। ਉਨ੍ਹਾਂ ਨੇ ਮੀਟਿੰਗ ਵਿੱਚ ਹਾਜ਼ਰ ਸਬੰਧਤ ਅਫ਼ਸਰਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਇਲਾਕੇ ਦੇ ਗੋਤਾਖੋਰਾਂ ਦੀਆਂ ਲਿਸਟਾਂ ਤਿਆਰ ਰੱਖਣ ਤਾਂ ਜੋ ਲੋੜ ਪੈਣ ਤੇ ਉਨ੍ਹਾਂ ਦੀ ਮੱਦਦ ਲਈ ਜਾ ਸਕੇ। ਇਸ ਮੌਕੇ ਸ੍ਰੀ ਸ਼ਿਵਰਾਜ ਸਿੰਘ ਬੱਲ ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ, ਸ੍ਰੀ ਤਿਲਕ ਰਾਜ ਐਸ ਈ ਨਗਰ ਨਿਗਮ, ਸੁੱਚਾ ਸਿੰਘ ਪੀ ਡਬਲਯੂ ਡੀ, ਡਾ: ਮਦਨ ਮੋਹਨ, ਮੈਡਮ ਅਰਚਨਾ ਸ਼ਰਮਾ ਨਾਇਬ ਤਹਿਸੀਲਦਾਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

WRITTEN BY