June 3, 2026 6:31 pm

ਮੀਡੀਆ ਲਈ ਹਾਲਾਤ ਹਾਲੇ ਵੀ ਮਾੜੇ

ਸੰਸਾਰ ਵਿੱਚ ਬੇਸ਼ਕ ਲੋਕਤੰਤਰੀ ਸ਼ਕਤੀਆਂ ਮਜ਼ਬੂਤ ਹੋ ਰਹੀਆਂ ਹਨ। ਪ੍ਰੰਤੂ ਮੀਡੀਆ ਲਈ ਹਾਲਾਤ ਹਾਲੇ ਵੀ ਮਾੜੇ ਹਨ। ਕਈ ਤਾਕਤਾਂ ਮੀਡੀਆ ਨੂੰ ਦਬਾਉਣ ਲਈ ਕੰਮ ਕਰ ਰਹੀਆਂ ਹਨ। ਆਧੁਨਿਕਤਾ ਅਤੇ ਸੰਸਾਰੀਕਰਨ ਦੇ ਇਸ ਦੌਰ ਵਿਚ ਪ੍ਰੈਸ ਦੀ ਆਜ਼ਾਦੀ ਸੰਸਾਰ ਭਰ ਵਿਚ ਸੁਰੱਖਿਅਤ ਨਹੀਂ ਹੈ। ਪੱਤਰਕਾਰਾਂ ਨੂੰ ਡਰਾਇਆ ਧਮਕਾਇਆ ਅਤੇ ਮਾਰਿਆ ਜਾ ਰਿਹਾ ਹੈ। ਪਿਛਲੇ ਪੰਜ ਸਾਲਾਂ ਵਿੱਚ ਪੱਤਰਕਾਰਾਂ ਖਿਲਾਫ਼ ਹਿੰਸਾ ਦੇ ਮਾਮਲੇ ਵਧੇ ਹਨ। ਪੱਤਰਕਾਰਾਂ ਦੀਆਂ ਮੌਤਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ। ਭਾਰਤ ਵੀ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਿਲ ਹੈ ਜਿਥੇ ਮੀਡੀਆ ਲਈ ਵੱਡੇ ਖਤਰੇ ਮੌਜੂਦ ਹਨ। ਭਾਰਤ ਵਿੱਚ ਪੱਤਰਕਾਰਾਂ ਨੂੰ ਦਿਨ-ਦਿਹਾੜੇ ਕਤਲ ਕਰ ਦਿੱਤਾ ਜਾਂਦਾ ਹੈ। ਹੋਰ ਤਾਂ ਹੋਰ ਭਾਰਤ ਦੀ ਰਾਜਧਾਨੀ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਪੱਤਰਕਾਰਾਂ ਲਈ ਹਾਲਾਤ ਸਭ ਤੋਂ ਵੱਧ ਮਾੜੇ ਹਨ। ਯੂਨੈਸਕੋ ਦੀ ਤਾਜ਼ਾ ਰਿਪੋਰਟ ਤਾਂ ਹੋਰ ਵੀ ਚਿੰਤਾਜਨਕ ਹੈ। ਇਸ ਰਿਪੋਰਟ ਮੁਤਾਬਿਕ ਸਾਲ 2012 ਤੋਂ 2016 ਤੱਕ ਸੰਸਾਰ ਵਿਚ 530 ਪਤਰਕਾਰਾਂ ਨੂੰ ਮਾਰ ਦਿੱਤਾ ਗਿਆ। ਇਸ ਸਮੇਂ ਦੌਰਾਨ ਭਾਰਤ ਵਿਚ ਮਾਰੇ ਜਾਣ ਵਾਲੇ ਪਤਰਕਾਰਾਂ ਦੀ ਗਿਣਤੀ 18 ਹੈ। ਵਿਸ਼ਵ ਟ੍ਰੈਂਡਸ ਇਨ ਫ੍ਰੀਡਮ ਆਫ ਐਕਸਪ੍ਰੈਸ਼ਨ ਐਂਡ ਮੀਡੀਆ ਡਿਵੈਲਪਮੈਂਟ ਗਲੋਬਲ ਰਿਪੋਰਟ 2017-2018 ਦੇ ਨਾਂ ਨਾਲ ਪ੍ਰਕਾਸ਼ਿਤ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਦੇ ਮੁਕਾਬਲੇ ਪਿਛਲੇ ਪੰਜ ਸਾਲਾਂ ਵਿਚ ਮਿਆਦ (2007-2011) ਦੇ ਮੁਕਾਬਲੇ ਵਿਚ ਇਨ੍ਹਾਂ ਪੰਜ ਸਾਲਾਂ (2012-2016) ਵਿਚ ਮਾਰੇ ਗਏ ਪਤਰਕਾਰਾਂ ਦੀ ਗਿਣਤੀ 67.72 ਫੀਸਦ ਜ਼ਿਆਦਾ ਰਹੀ। ਰਿਪੋਰਟ ਮੁਤਾਬਕ 2007-2011 ਵਿਚ 316 ਪਤਰਕਾਰਾਂ ਦਾ ਕਤਲ ਹੋਇਆ ਸੀ। ਰਿਪੋਰਟ ਵਿੱਚ ਇਹ ਵੀ ਦਰਜ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਸੀਰੀਆ ਪੱਤਰਕਾਰਾਂ ਲਈ ਸਭ ਤੋਂ ਖਤਰਨਾਕ ਦੇਸ਼ ਰਿਹਾ ਜਿਥੇ 86 ਪੱਤਰਕਾਰਾਂ ਨੂੰ ਮਾਰ ਦਿੱਤਾ ਗਿਆ। ਦੂਸਰਾ ਨੰਬਰ ਇਰਾਕ ਦਾ ਆਉਂਦਾ ਹੈ ਜਿਥੇ 46 ਪੱਤਰਕਾਰ ਮਾਰੇ ਗਏ। ਅੰਕੜਿਆਂ ਮੁਤਾਬਿਕ ਮੈਕਸੀਕੋ ਵਿਚ 37, ਸੋਮਾਲੀਆ ਵਿਚ 36, ਪਾਕਿਸਤਾਨ ਵਿਚ 30, ਬ੍ਰਾਜ਼ੀਲ ਵਿਚ 29, ਫਿਲਪੀਨਜ਼ ਅਤੇ ਯਮਨ ਵਿਚ 21-21, ਅਫਗਾਨਿਸਤਾਨ ਵਿਚ 20, ਹੋਂਡੁਰਸ ਵਿਚ 19, ਭਾਰਤ ਵਿਚ 18, ਲੀਬੀਆ ਵਿਚ 17 ਅਤੇ ਗਵਾਟੇਮਾਲਾ ਵਿਚ 14 ਪਤਕਾਰਾਂ ਨੂੰ ਕਤਲ ਕੀਤਾ ਗਿਆ। ਬੰਗਲਾਦੇਸ਼ ਅਤੇ ਯੂਕਰੇਨ ’ਚ 10-10 ਪੱਤਰਕਾਰ ਮਾਰੇ ਗਏ। ਫਰਾਂਸ ਵਿਚ 8 ਜਦੋਂ ਕਿ ਪੈਰਾਗਵੇ ਅਤੇ ਤੁਰਕੀ ਵਿਚ 6-6 ਪਤਰਕਾਰਾਂ ਨੂੰ ਕਤਲ ਕੀਤਾ ਗਿਆ। ਰਿਪੋਰਟ ਨੇ ਸਾਲ 2012 ਨੂੰ ਸਭ ਤੋਂ ਖਤਰਨਾਕ ਸਾਲ ਦੇ ਰੂਪ ਵਿਚ ਰਿਕਾਰਡ ਕੀਤਾ ਗਿਆ, ਕਿਉਂਕਿ ਇਸ ਸਾਲ ਸਭ ਤੋਂ ਜ਼ਿਆਦਾ 124 ਪੱਤਰਕਾਰਾਂ ਨੂੰ ਕਤਲ ਕੀਤਾ ਗਿਆ। ਇਨ੍ਹਾਂ ਕਤਲਾਂ ਦਾ ਸਾਫ ਮਕਸਦ ਪੱਤਰਕਾਰਾਂ ਨੂੰ ਦਬਾਉਣਾ ਹੈ ਤਾਂ ਜੋ ਉਹ ਸਚਾਈ ਨੂੰ ਸਾਹਮਣੇ ਨਾ ਲਿਆਉਣ। ਲੋਕਤੰਤਰ ਤੱਦ ਤੱਕ ਮਜ਼ਬੂਤ ਨਹੀਂ ਹੋ ਸਕਦਾ ਜਦੋਂ ਤੱਕ ਆਜ਼ਾਦ ਪ੍ਰੈਸ ਹੋਂਦ ਵਿੱਚ ਨਹੀਂ ਆਉਂਦੀ।
7 ਮਈ 2018 – ਬਲਜੀਤ ਸਿੰਘ ਬਰਾੜ

Send this to a friend