June 3, 2026 7:17 pm

ਵੱਡੇ ਬੈਂਕ ਡਿਫਾਲਟਰਾਂ ਤੋਂ ਵਸੂਲੀ

ਪੰਜਾਬ ਦੇ ਸਹਿਕਾਰਤਾ ਵਿਭਾਗ ਵੱਲੋਂ ਸਹਿਕਾਰੀ ਬੈਂਕਾਂ ਤੋਂ ਵੱਡੇ ਕਰਜ਼ੇ ਲੈ ਕੇ ਨਾ ਮੋੜਨ ਵਾਲੇ ਰਸੂਖਦਾਰਾਂ ਖਿਲਾਫ ਇਕ ਵੱਡੀ ਮੁਹਿੰਮ ਆਰੰਭੀ ਗਈ ਹੈ। ਪੰਜਾਬ ਦੇ ਸਹਿਕਾਰਤਾ ਮੰਤਰੀ ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਦੋਸ਼ ਹੈ ਕਿ ਪਿਛਲੇ ਸਮੇਂ ਦੌਰਾਨ ਰੱਜੇ ਪੁੱਜੇ ਵੱਡੇ ਕਿਸਾਨਾਂ ਨੇ ਸਹਿਕਾਰੀ ਬੈਂਕਾਂ ਤੋਂ ਕਰੋੜਾਂ ਰੁਪਏ ਦੇ ਕਰਜ਼ੇ ਲਏ ਪਰ ਮੋੜੇ ਨਹੀਂ ਹਨ। ਇਸ ਨਾਲ ਸਹਿਕਾਰੀ ਬੈਂਕਾਂ ਡੁੱਬਣ ਕਿਨਾਰੇ ਪਹੁੰਚ ਗਈਆਂ ਹਨ। ਇਸ ਮੁਹਿੰਮ ਤਹਿਤ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਸਾਥੀ ਅਤੇ ਸੀਨੀਅਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ, ਜਿਨ੍ਹਾਂ ਨੇ ਸਹਿਕਾਰੀ ਬੈਂਕ ਤੋਂ 1 ਕਰੋੜ ਤੋਂ ਵੱਧ ਦਾ ਕਰਜ਼ਾ ਲਿਆ ਪ੍ਰੰਤੂ ਵਾਪਸ ਨਹੀਂ ਕੀਤਾ। ਸਹਿਕਾਰੀ ਅਦਾਰਿਆਂ ਦਾ ਕਰਜ਼ਾ ਨਾ ਮੋੜਨ ਵਾਲਿਆਂ ਵਿਚ ਕਾਂਗਰਸ ਨਾਲ ਸਬੰਧਤ ਆਗੂ ਵੀ ਸ਼ਾਮਲ ਹਨ। ਇਨ੍ਹਾਂ ਵਡੇ ਕਿਸਾਨਾਂ ਵਲ 276 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਖੜ੍ਹਾ ਹੈ। ਇਹ ਕਰਜ਼ੇ ਸਰਕਾਰੀ ਸਰਪ੍ਰਸਤੀ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੀ ਜਾਰੀ ਕੀਤੇ ਗਏ ਹਨ। ਇਹ ਚੰਗੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਅਜਿਹੇ ਕਰਜ਼ਦਾਰਾਂ ਖਿਲਾਫ ਮੁਹਿੰਮ ਵਿੱਢੀ ਗਈ ਹੈ। ਸਹਿਕਾਰਤਾ ਵਿਭਾਗ ਨੇ ਪਹਿਲੇ ਪੜਾਅ ਦੌਰਾਨ 20 ਡਿਫਾਲਟਰ ਨੇਤਾਵਾਂ ਖਿਲਾਫ ਕਾਰਵਾਈ ਆਰੰਭਣ ਦਾ ਫੈਸਲਾ ਲਿਆ ਹੈ, ਜਿਨ੍ਹਾਂ ਦੇ ਸਿਰ 10 ਤੋਂ ਲੈ ਕੇ 12 ਕਰੋੜ ਤੱਕ ਦਾ ਕਰਜ਼ਾ ਖੜ੍ਹਾ ਹੈ। ਇਹ ਸਾਰੇ ਕਰਜ਼ਦਾਰ ਵੱਡੇ ਕਿਸਾਨ ਹਨ। ਇਨ੍ਹਾਂ ਕੋਲ ਕਰਜ਼ਾ ਵਾਪਸ ਕਰਨ ਦੀ ਸਮਰੱਥਾ ਹੈ ਪ੍ਰੰਤੂ ਜਾਣਬੂਝ ਕੇ ਬੈਂਕਾਂ ਨੂੰ ਪੈਸਾ ਨਹੀਂ ਦੇ ਰਹੇ। ਜੇਕਰ ਵੱਡੇ ਕਿਸਾਨ ਇਹ ਕਰਜ਼ਾ ਮੋੜ ਦਿੰਦੇ ਹਨ ਤਦ ਸਹਿਕਾਰੀ ਬੈਂਕਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤੀ ਮਿਲੇਗੀ ਅਤੇ ਵਸੂਲੀ ਦਾ ਇਹ ਪੈਸਾ ਛੋਟੇ ਕਿਸਾਨਾਂ ਨੂੰ ਕਰਜ਼ੇ ਦੇ ਰੂਪ ਵਿੱਚ ਵੰਡਿਆ ਜਾ ਸਕੇਗਾ। ਪੰਜਾਬ ਸਰਕਾਰ ਅਤੇ ਸਹਿਕਾਰਤਾ ਵਿਭਾਗ ਇਸ ਮੁਹਿੰਮ ਲਈ ਵਧਾਈ ਦੇ ਪਾਤਰ ਹਨ। ਪੰਜਾਬ ਦੇ ਲੋਕ ਇਸ ਮੁਹਿੰਮ ਦਾ ਪੂਰੀ ਤਰ੍ਹਾਂ ਸਮਰਥਨ ਕਰਨਗੇ। ਸਰਕਾਰ ਅਤੇ ਵਿਭਾਗ ਨੂੰ ਪੂਰੀ ਸਖਤੀ ਅਤੇ ਇਮਾਨਦਾਰੀ ਨਾਲ ਇਹ ਮੁਹਿੰਮ ਚਲਾਉਣੀ ਚਾਹੀਦੀ ਹੈ। ਇਸ ਮੁਹਿੰਮ ਦਾ ਬੇਲੋੜਾ ਰਾਜਸੀਕਰਨ ਨਹੀਂ ਹੋਣਾ ਚਾਹੀਦਾ। ਜੇਕਰ ਰਸੂਖਦਾਰ ਕਰਜ਼ਦਾਰ ਸਹਿਕਾਰੀ ਬੈਂਕਾਂ ਦਾ ਪੈਸਾ ਨਹੀਂ ਮੋੜਦੇ ਤਦ ਸਰਕਾਰ ਨੂੰ ਅਜਿਹੇ ਡਿਫਾਲਟਰਾਂ ਦੀ ਜ਼ਮੀਨ ਅਤੇ ਹੋਰ ਕਾਰੋਬਾਰ ਨਿਲਾਮ ਕਰਨ ਤੋਂ ਨਹੀਂ ਝਿਜਕਣਾ ਚਾਹੀਦਾ।
6 ਮਈ 2018 – ਬਲਜੀਤ ਸਿੰਘ ਬਰਾੜ

Send this to a friend