June 4, 2026 12:20 am

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਹੋਈ

ਫ਼ਾਜ਼ਿਲਕਾ, 5 ਮਈ (ਰਾਜ ਅਰੋੜਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂ ਪੁਰ ਜ਼ਿਲ੍ਹਾ ਫ਼ਾਜ਼ਿਲਕਾ ਦੀ ਇੱਕ ਮੀਟਿੰਗ ਅੱਜ ਸਥਾਨਕ ਪ੍ਰਤਾਪ ਬਾਗ਼ ਵਿਚ ਜ਼ਿਲ੍ਹਾ ਪ੍ਰਧਾਨ ਉਦੇ ਸਿੰਘ ਘੁੜਿਆਨਾ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਕਿਸਾਨੀ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਉਦੇ ਸਿੰਘ ਘੁੜਿਆਨਾ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆ ਨੂੰ ਅਲਵਿਦਾ ਕਹਿਕੇ ਤਿੰਨ ਪਿੰਡਾਂ ਫਰਵਾਂਹ ਵਾਲਾ, ਮੀਨਿਆਂ ਵਾਲਾ ਅਤੇ ਚੱਕ ਬਨਵਾਲਾ ਦੇ ਲਗਭਗ 50 ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਿਚ 4 ਮਈ 2018 ਨੂੰ ਫ਼ਿਰੋਜ਼ਪੁਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਚੱਲ ਰਹੇ ਧਰਨੇ ਵਿਚ ਸ਼ਾਮਲ ਹੋਏ ਜਿਨ੍ਹਾਂ ਦਾ ਸਵਾਗਤ ਕੀਤਾ ਗਿਆ। ਸ਼੍ਰੀ ਘੁੜਿਆਨਾ ਨੇ ਪੰਜਾਬ ਕਮੇਟੀ ਦੇ ਫ਼ੈਸਲੇ ਮੁਤਾਬਿਕ ਝੋਨੇ ਦੀ ਬਿਜਾਈ 1 ਜੂਨ ਤੋਂ ਕਰਨ ਸਬੰਧੀ ਸਰਕਾਰ ਤੋਂ ਬਿਜਲੀ ਸਪਲਾਈ ਦੀ ਮੰਗ ਕਰਦੇ ਹੋਏ ਕਿਹਾ ਕਿ 1ਜੂਨ ਤੋਂ ਲਗਾਤਾਰ 10 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ, ਗਰੀਨ ਟ੍ਰਿਬਿਊਨਲ ਦੇ ਮੁਤਾਬਿਕ ਖੇਤ ਵਿਚ ਫ਼ਸਲ ਦੀ ਰਹਿੰਦ ਖੂੰਹਦ ਨਾਸ਼ ਕਰਨ ਸਬੰਧੀ ਮੁਆਵਜ਼ਾ ਦਿੱਤਾ ਜਾਵੇ ਨਹੀਂ ਤਾਂ ਕਿਸਾਨ ਫ਼ਸਲ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨੀ ਮਜਬੂਰ ਹੋਣਗੇ, ਖਾਦ ਦੀ ਸਬਸਿਡੀ ਪਹਿਲਾਂ ਦੀ ਤਰ੍ਹਾਂ ਖਾਦ ਕੰਪਨੀਆਂ ਨੂੰ ਹੀ ਦਿੱਤੀ ਜਾਵੇ ਕਿਉਂਕਿ ਕਿਸਾਨਾਂ ਦੀ ਸਮਰੱਥਾ ਪੂਰੇ ਪੈਸੇ ਭਰ ਕੇ ਖਾਦ ਖ਼ਰੀਦਣ ਦੀ ਨਹੀਂ ਹੈ, ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਮੁਤਾਬਿਕ ਬਿਜਲੀ ਅਤੇ ਪਾਣੀ ਕਿਸਾਨਾਂ ਨੂੰ ਮੁਫ਼ਤ ਦਿੱਤਾ ਜਾਵੇ, ਮੋਟਰਾਂ ਤੇ ਮੀਟਰ ਲਗਾਉਣੇ ਬੰਦ ਕੀਤੇ ਜਾਣ ਅਤੇ ਜਲ ਸੈਸ ਖ਼ਤਮ ਕੀਤਾ ਜਾਵੇ।

Send this to a friend