June 22, 2026 8:40 pm

ਤਿੰਨ ਦਾਤਾਂ : ਬਜ਼ੁਰਗ, ਕਿਤਾਬਾਂ ਤੇ ਦੋਸਤ

ਰਬ ਵਲੋਂ ਹਰ ਕਿਸੇ ਨੂੰ ਜ਼ਿੰਦਗੀ ਵਿਚ ਅਲਗ-ਅਲਗ ਤੋਹਫੇ ਮਿਲਦੇ ਹਨ। ਕਿਸੇ ਨੂੰ ਬੇਸ਼ੁਮਾਰ ਜ਼ਮੀਨ , ਕਿਸੇ ਨੂੰ ਅਥਾਹ ਧਨ , ਕਿਸੇ ਨੂੰ ਕੋਈ ਖ਼ਾਸ ਗੁਣ , ਕਿਸੇ ਨੂੰ ਮਾਣ ਯਸ਼ ਤੇ ਕਿਸੇ ਨੂੰ ਉਚਾ ਰੁਤਬਾ। ਰਬ ਜੋ ਵੀ ਕਰਦਾ ਹੈ ਠੀਕ ਹੀ ਕਰਦਾ ਹੈ, ਪਰ ਤਿੰਨ ਦਾਤਾਂ ਅਜਿਹੀਆਂ ਹਨ ਜੋ ਜਿਸ ਕਿਸੇ ਨੂੰ ਵੀ ਪ੍ਰਾਪਤ ਹੁੰਦੀਆਂ ਹਨ , ਉਹ ਖੁਸ਼ਕਿਸਮਤ ਹੀ ਹੁੰਦਾ ਹੈ। ਇਹ ਤਿੰਨ ਦਾਤਾਂ ਹਨ : ਬਜ਼ੁਰਗਾਂ, ਚੰਗੀਆਂ ਕਿਤਾਬਾਂ ਅਤੇ ਚੰਗੇ ਦੋਸਤਾਂ ਦਾ ਸਾਥ। ਜਿਸ ਕੋਲ ਕੁਦਰਤ ਦੀਆਂ ਇਹ ਤਿੰਨ ਦਾਤਾਂ ਹੋਣ ਉਹ ਹੀ ਅਸਲ ਅਮੀਰ ਹੁੰਦਾ ਹੈ। ਬਜ਼ੁਰਗਾਂ ਦਾ ਸਾਥ , ਉਨ੍ਹਾਂ ਦੀ ਸੇਵਾ ਭਾਵਨਾ ਦਾ ਮੌਕਾ , ਉਨ੍ਹਾਂ ਕੋਲ ਬੈਠਣ ਤੇ ਗਲਾਂ ਬਾਤਾਂ ਕਰਨ ਦਾ ਸੁਭਾਗ, ਉਨ੍ਹਾਂ ਦੇ ਦੁਖ ਸੁਖ ਵੰਡਾਉਣ ਲਈ ਸਮਾਂ ਅਤੇ ਬਜ਼ੁਰਗਾਂ ਕੋਲੋਂ ਸਿਖਿਆ ਪ੍ਰਾਪਤੀ ਦਾ ਸ਼ੁਭ ਅਵਸਰ ਬਹੁਤ ਹੀ ਚੰਗੇ ਕਰਮਾਂ ਨਾਲ ਭਾਗਾਂ ਭਰੇ ਮਨੁਖ ਨੂੰ ਹੀ ਮਿਲਦਾ ਹੈ। ਬਜ਼ੁਰਗਾਂ ਨਾਲ ਮੇਲ ਮਿਲਾਪ ਹਮੇਸ਼ਾ ਚੰਗਾ ਅਤੇ ਫਲਦਾਇਕ ਹੋ ਨਿਬੜਦਾ ਹੈ । ਬਜ਼ੁਰਗ ਘਰ ਦਾ ਸਰਮਾਇਆ ਹੁੰਦੇ ਹਨ ਅਤੇ ਉਨ੍ਹਾਂ ਦਾ ਸੁਖ ਦੁਖ ਵੰਡਾਉਣਾ ਕਦੇ ਵੀ ਨਿਸਫਲ ਨਹੀਂ ਜਾਂਦਾ। ਬਜ਼ੁਰਗਾਂ ਦੀਆਂ ਦਿਤੀਆਂ ਦੁਆਵਾਂ ਅਤੇ ਜੀਵਨ ਸੇਧ ਹਮੇਸ਼ਾ ਸਾਥ ਨਿਭਾਉਂਦੀਆਂ ਹਨ। ਇਸੇ ਤਰ੍ਹਾਂ ਚੰਗੀਆਂ ਕਿਤਾਬਾਂ ਦਾ ਸਾਥ ਹੋਣਾ ਵਿਅਕਤੀ ਦੀ ਸੋਚ ਨੂੰ ਵਿਸ਼ਾਲ ਬਣਾ ਕੇ ਉਸ ਨੂੰ ਆਮ ਤੋਂ ਖਾਸ ਅਤੇ ਮਹਾਂਪੁਰਖ ਬਣਾ ਦਿੰਦੀਆਂ ਹਨ। ਕਿਤਾਬਾਂ ਨਾਲ ਸ਼ਬਦਾਵਲੀ ਅਤੇ ਗਿਆਨ ਦਾ ਦਾਇਰਾ ਤਾਂ ਵਧਦਾ ਹੀ ਹੈ, ਸਗੋਂ ਇਹ ਨਵੀਂ ਜੀਵਨ ਜਾਂਚ , ਤਜਰਬੇ , ਪ੍ਰੇਰਨਾ , ਸਕਾਰਾਤਮਕ ਸੋਚ ਵਿਚ ਵਿਚਾਰਕ ਕ੍ਰਾਂਤੀ , ਯੋਗ ਮਾਰਗ ਦਰਸ਼ਨ , ਸਮੇਂ ਦੀ ਸਹੀ ਵਰਤੋਂ , ਚੰਗੇ ਗੁਣ ਅਤੇ ਸ਼ਿਸ਼ਟਤਾ ਵੀ ਪ੍ਰਦਾਨ ਕਰਦੀਆਂ ਹਨ। ਕਿਤਾਬਾਂ ਸਾਡੀਆਂ ਸਚੀਆਂ ਦੋਸਤ ਹੁੰਦੀਆਂ ਹਨ। ਇਹ ਵਿਅਕਤੀ ਨੂੰ ਕਦੇ ਵੀ ਧੋਖਾ ਨਹੀਂ ਦਿੰਦੀਆਂ। ਚੰਗੀਆਂ ਪੁਸਤਕਾਂ, ਰਸਾਲੇ ਅਤੇ ਅਖ਼ਬਾਰਾਂ ਨਾਲ ਪਿਆਰ ਪਾਉਣ ਵਾਲਾ ਮਨੁਖ ਤਰਕੀ ਦੀਆਂ ਪੌੜੀਆਂ ਜ਼ਰੂਰ ਚੜ੍ਹ ਜਾਂਦਾ ਹੈ ਅਤੇ ਜੀਵਨ ਵਿਚ ਇਕ ਕਾਮਯਾਬ ਇਨਸਾਨ ਵਜੋਂ ਉਭਰ ਕੇ ਆਉਂਦਾ ਹੈ। ਚੰਗੀਆਂ ਪੁਸਤਕਾਂ ਵਿਅਕਤੀ ਦਾ ਰੁਤਬਾ ਅਤੇ ਸੋਚ ਨੂੰ ਉਚਾ ਚੁਕ ਕੇ ਸਮਾਜ ਵਿਚ ਉਸ ਨੂੰ ਇਜ਼ਤ ਮਾਣ ਤੇ ਵਡਿਆਈ ਦਿਵਾਉਂਦੀਆਂ ਹਨ। ਚੰਗੀਆਂ ਕਿਤਾਬਾਂ ਨਾਲ ਬਤੀਤ ਕੀਤਾ ਸਮਾਂ ਕਦੇ ਵੀ ਅਜਾਈਂ ਨਹੀਂ ਜਾਂਦਾ। ਇਸੇ ਤਰ੍ਹਾਂ ਕਿਸੇ ਨੂੰ ਚੰਗੇ, ਇਮਾਨਦਾਰ , ਮਿਲਣਸਾਰ ਅਤੇ ਗੁਣਵਾਨ ਦੋਸਤ ਦਾ ਜੇਕਰ ਸਾਥ ਮਿਲ ਜਾਵੇ ਤਾਂ ਉਹ ਵਿਅਕਤੀ ਕਿਸਮਤ ਦਾ ਧਨੀ ਹੀ ਹੁੰਦਾ ਹੈ। ਅਜ ਦੇ ਸਮੇਂ ਵਿਚ ਇਕ ਚੰਗੇ ਦੋਸਤ ਦਾ ਸਾਥ ਵਿਅਕਤੀ ਲਈ ਕਿਸੇ ਵਰਦਾਨ ਤੋਂ ਘਟ ਨਹੀਂ ਹੋ ਸਕਦਾ। ਇਕ ਸਮਰਪਿਤ ਮਿਤਰ ਜੀਵਨ ਨੂੰ ਔਕੜਾਂ ਅਤੇ ਸੰਕਟਾਂ ਤੋਂ ਬਚਾ ਕੇ ਖੁਸ਼ਗਵਾਰ ਬਣਾ ਦਿੰਦਾ ਹੈ। ਉਹ ਸਚਮੁਚ ਦੇ ਧਨੀ ਤੇ ਵਡਪਣ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਇਕ ਸਚੇ ਸੁਚੇ ਤੇ ਸਮਰਪਿਤ ਦੋਸਤ ਦਾ ਸਾਥ ਮਿਲਦਾ ਹੈ। ਦੋਸਤੀ ਵਿਚ ਉਮਰ , ਰੁਤਬਾ ਆਦਿ ਬਰਾਬਰ ਦਾ ਹੋਣਾ ਕੋਈ ਅਤਿ ਜ਼ਰੂਰੀ ਨਹੀਂ ਹੁੰਦਾ। ਦੋ ਧਿਰਾਂ ਦੇ ਵਿਚਾਰ ਅਤੇ ਸਿਧਾਂਤ ਮਿਲ ਜਾਣ ਤੇ ਦੋਸਤੀ ਦੀ ਨੀਂਹ ਰਖੀ ਜਾ ਸਕਦੀ ਹੈ। ਅੰਤ ਵਿਚ ਇਹੋ ਸਿਟਾ ਨਿਕਲਦਾ ਹੈ ਕਿ ਬਜ਼ੁਰਗਾਂ, ਚੰਗੀਆਂ ਪੁਸਤਕਾਂ ਅਤੇ ਸਮਰਪਿਤ ਦੋਸਤਾਂ ਦਾ ਸਾਥ ਵਿਅਕਤੀ ਦੀ ਜ਼ਿੰਦਗੀ ਚ ਚਾਰ ਚੰਨ ਲਾ ਦਿੰਦਾ ਹੈ ਅਤੇ ਅਜਿਹਾ ਮਨੁਖ ਜੀਵਨ ਦੀਆਂ ਦੁਸ਼ਵਾਰੀਆਂ ਤੋਂ ਬਚ ਕੇ ਸਫਲ ਅਤੇ ਖੁਸ਼ਨੁਮਾ ਜੀਵਨ ਬਤੀਤ ਕਰਦਾ ਹੈ । ਉਹ ਵਡੇ ਭਾਗਾਂ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਬਜ਼ੁਰਗਾਂ , ਚੰਗੀਆਂ ਕਿਤਾਬਾਂ ਅਤੇ ਸਹੀ ਤੇ ਉਤਮ ਦੋਸਤਾਂ ਦਾ ਜ਼ਿੰਦਗੀ ਵਿਚ ਸਾਥ ਮਿਲਦਾ ਹੈ।

 

Send this to a friend