ਬ੍ਰਿਸਬੇਨ- ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਗੁਰੂ ਨਾਨਕ ਸਿਖ ਨਾਨਕ ਟੈਂਪਲ ਇਨਾਲਾ ਵਲੋਂ ਇਤਿਹਾਸਿਕ ਪਹਿਲਕਦਮੀ ਕਰਦਿਆਂ ਪਹਿਲਾ ਜੀ. ਐਨ. ਐਸ. ਟੀ. ਸਪੋਰਟਸ ਟੂਰਨਾਮੈੰਟ ਦਾ ਆਯੋਜਣ ਕਰਵਾ ਕੇ ਵਿਦੇਸ਼ਾਂ ਵਿਚ ਪੰਜਾਬੀਅਤ ਦਾ ਸੰਦੇਸ਼ ਭਰਵੇਂ ਰੂਪ ਵਿਚ ਦਿਤਾ । ਅਜ ਸ਼ਹਿਰ ਦੇ ਸਭ ਤੋਂ ਜਿਆਦਾ ਪੰਜਾਬੀ ਭਾਈਚਾਰੇ ਦੀ ਗਿਣਤੀ ਵਾਲੇ ਖੇਤਰ ਰੰਨਕੌਰਨ ਸਟੇਟ ਸਕੂਲ ਦੇ ਖੇਡ ਮੈਦਾਨਾਂ ਵਿਚ ਕਬਡੀ ਅਤੇ ਫੁਟਬਾਲ ਦੇ ਮੈਚ ਬੜੇ ਹੀ ਸੁਚਜੇ ਢੰਗ ਨਾਲ ਆਯੋਜਿਤ ਕਰਵਾਏ ਗਏ । ਸਭ ਤੋੰ ਪਹਿਲਾਂ ਗੁਰਦੁਆਰਾ ਸਾਹਿਬ ਇਨਾਲਾ ਦੇ ਗਿਆਨੀ ਜਸਕੀਰਤ ਸਿੰਘ ਦੁਆਰਾ ਅਰਦਾਸ ਕਰਨ ਤੋਂ ਬਾਅਦ ਫੁਟਬਾਲ ਦਾ ਪਹਿਲਾ ਮੈਚ ਬ੍ਰਿਸਬੇਨ ਦੇ ਪੁਰਾਣੇ ਕਲਬ ਬ੍ਰਿਸਬੇਨ ਸਿਖ ਯੂਨਾਈਟਿਡ ਅਤੇ ਕੈਲਮਵੇਲ ਸਪੋਰਟਸ ਕਲਬ ਦਰਮਿਆਨ ਹੋਇਆ। ਇਸ ਸਖਤ ਮੁਕਾਬਲੇ ਵਿਚ ਬ੍ਰਿਸਬੇਨ ਸਿਖ ਯੂਨਾਈਟਡ ਕਲਬ ਨੇ ਬਿੰਨੀ ਗੋਸਲ਼ ਦੇ ਪੈਨਲਟੀ ਕਾਰਨਰ ਰਾਹੀਂ ਕੀਤੇ ਗੋਲ ਸਦਕਾ ਜਿਤ ਪ੍ਰਾਪਤ ਕੀਤੀ । ਫਾਈਨਲ ਮੈਚ ਵਿਚ ਫਤਹਿ ਕਲਬ ਬ੍ਰਿਸਬੇਨ ਅਤੇ ਬ੍ਰਿਸਬੇਨ ਸਿਖ ਯੂਨਾਈਟਡ ਵਿਚ ਖੇਡਿਆ ਗਿਆ, ਜਿਸ ਵਿਚ ਫਿਰ ਬ੍ਰਿਸਬੇਨ ਸਿਖ ਯੂਨਾਈਟਡ ਕਲਬ ਨੇ ਫਤਹਿ ਕਲਬ ਨੂੰ 2-0 ਨਾਲ ਹਰਾ ਕੇ 2100 ਡਾਲਰ ਦਾ ਨਕਦ ਇਨਾਮ ਅਤੇ ਜੇਤੂ ਕਪ ਪ੍ਰਾਪਤ ਕੀਤਾ । ਜਦ ਕਿ ਰੌਕੀ ਭੁਲਰ ਵਲੋਂ ਸਪੌਂਸਰ ਫਤਹਿ ਕਲਬ ਨੇ 1500 ਡਾਲਰ ਦਾ ਨਕਦ ਇਨਾਮ ਅਤੇ ਰੰਨਰ ਅਪ ਕਪ ਤੇ ਕਬਜ਼ਾ ਜਮਾ ਲਿਆ । ਰਸ਼ਾਕਸੀ ਦੀਆਂ ਤਿੰਨ ਟੀਮਾਂ ਵਿਚ ਦਿਲਚਸਪ ਮੁਕਾਬਲੇ ਹੋਏ, ਪਰ ਅੰਤਮ ਮੈਚ ਵਿਚ ਗ੍ਰਾਹਮ ਈਗਲ ਦੀ ਅਗਵਾਈ ਵਿਚ ਖੇਡਦਿਆਂ ਬੁਲ ਡਾਗਸ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪਰਦਰਸ਼ਨ ਕਰਦਿਆਂ ਜਿਤ ਪ੍ਰਾਪਤ ਕੀਤੀ । ਐਥਲੈਟਿਕਸ ਮੁਕਾਬਲਿਆਂ ਵਿਚ ਬਜ਼ੁਰਗਾਂ ਦੀ ਫਰਾਟਾ ਦੌੜ ਵਿਚ ਕ੍ਰਮਵਾਰ ਗੁਰਚਰਨ ਸਿੰਘ ਫ਼ਸਟ, ਗ੍ਰਾਹਮ ਈਗਨ ਸੈਕਿੰਡ, ਸ੍ਰੀ ਰਾਮ ਲਾਲ ਜੀ ਤੀਸਰਾ ਸਥਾਨ । ਇਸਤਰੀਆਂ ਦੀ 100 ਮੀਟਰ ਦੌੜ ਵਿਚ ਸਵਿੰਦਰ ਕੌਰ ਫ਼ਸਟ, ਜਗਦੀਪ ਕੌਰ ਸੈਕਿੰਡ, ਸਿਮਰਨ ਧਾਲੀਵਾਲ ਤੀਸਰਾ ਸਥਾਨ । ਮਰਦਾਂ ਦੀ 100 ਮੀਟਰ ਦੌੜ ਵਿਚ ਕ੍ਰਮਵਾਰ ਸੰਨੀ ਸਿੰਘ ਫ਼ਸਟ, ਹਰਦੀਪ ਗਰੇਵਾਲ਼ ਦੂਸਰਾ, ਗੁਰਜਿੰਦਰ ਸਿੰਘ ਤੀਸਰੇ ਸਥਾਨ ਤੇ ਰਹੇ । ਬਚਿਆਂ ਦੀਆਂ ਦੌੜਾਂ ਵਿਚ ਲੜਕੇ ਅਤੇ ਲੜਕੀਆਂ ਦੇ 8 ਸਾਲ ਤਕ ਦੀ ਉਮਰ ਦੇ 50 ਮੀਟਰ ਅਤੇ 13 ਸਾਲ ਤਕ ਦੀ ਉਮਰ ਦੇ 100 ਮੀਟਰ ਦੌੜ ਦੇ ਮੁਕਾਬਲੇ ਵੀ ਬਾਲ ਪ੍ਰਤਿਭਾ ਦੀ ਹੌਂਸਲਾ ਅਫਜਾਈ ਲਈ ਬਹੁਤ ਸਲਾਹੁਣਯੋਗ ਸਨ। ਔਰਤਾਂ ਦੀ ਮਿਊਜ਼ੀਕਲ ਚੇਅਰ ਵਿਚ ਕ੍ਰਮਵਾਰ ਸ੍ਰੀਮਤੀ ਜਸਪ੍ਰੀਤ ਕੌਰ ਫ਼ਸਟ , ਅਰਵਿੰਦਰ ਕੌਰ ਸੈਕਿੰਡ ਅਤੇ ਜਗਦੀਪ ਕੌਰ ਤੀਸਰੇ ਸਥਾਨ ਤੇ ਰਹੀ। ਕਬਡੀ ਦੇ ਮੁਕਾਬਲੇ ਇਸ ਟੂਰਨਾਮੈਂਟ ਦਾ ਮੁਖ ਆਕਰਸ਼ਨ ਸਨ। ਪਹਿਲੀ ਵਾਰ ਬ੍ਰਿਸਬੇਨ ਵਾਸੀਆਂ ਨੇ ਕਬਡੀ ਦੇ ਇਤਿਹਾਸ ਵਿਚ ਐਨੇ ਵਡੇ ਵਡੇ ਦਿਗਜ਼ ਖਿਡਾਰੀਆਂ ਨੂੰ ਬ੍ਰਿਸਬੇਨ ਦੇ ਖੇਡ ਮੈਦਾਨ ਵਿਚ ਖੇਡਦਿਆਂ ਤਕਿਆ ਹਰ ਇਕ ਟੀਮ ਅੰਤਰ ਰਾਸ਼ਟਰੀ ਖਿਡਾਰੀਆਂ ਨਾਲ ਭਰੀ ਹੋਈ ਸੀ । ਇਕ ਤੋਂ ਇਕ ਸਟਾਰ ਪਲੇਅਰ ਆਪਣੀ ਮਾਂ ਖੇਡ ਵਿਚ ਦਰਸ਼ਨੀ ਸਰੀਰ ਨਾਲ ਤਿਆਰ-ਬਰ-ਤਿਆਰ ਸੀ। ਇਹ ਆਪਣੇ ਆਪ ਵਿਚ ਇਕ ਯਾਦਗਾਰੀ ਟੂਰਨਾਮੈਂਟ ਹੋ ਨਿਬੜਿਆ। । ਕਬਡੀ ਕੋਚ ਸ਼ੇਰ ਸਿੰਘ ਭੰਗੂ, ਸੁਰਜਨ ਸਿੰਘ ਚਠਾ, ਸੁਖਵੰਤ ਕੰਗ ਸਿਡਨੀ ਦੀ ਦੇਖ ਰੇਖ ਵਿਚ ਪਈਆਂ ਟਾਈਆਂ ਅਨੁਸਾਰ ਪਹਿਲਾਂ ਲੀਗ ਸਿਸਟਮ ਵਿਚ ਟੀਮਾਂ ਇਕ ਦੂਜੇ ਨਾਲ ਭਿੜ੍ਹੀਆਂ । ਫਿਰ ਪਹਿਲੇ ਸੈਮੀਫਾਈਨਲ ਮੁਕਾਬਲੇ ਵਿਚ ਸ਼ਹੀਦ ਬਾਬਾ ਦੀਪ ਸਿੰਘ ਕਬਡੀ ਕਪ ਵੂਲਗੂਲਗਾ ਵਲੋਂ ਬਹੁਤ ਹੀ ਕਰੀਬੀ ਮੈਚ ਵਿਚ ਮੈਟਰੋ ਕਲਬ ਸਿਡਨੀ ਨੂੰ 23 ਅੰਕਾਂ ਦੇ ਮੁਕਾਬਲੇ ਅਧੇ ਅੰਕ ਨਾਲ ਮਾਤ ਦਿਤੀ । ਦੂਸਰੇ ਸੈਮੀਨਫਾਈਨਲ ਮੈਚ ਵਿਚ ਮੈਲਬੌਰਨ ਕਬਡੀ ਅਕੈਡਮੀ ਨੇ ਯੂਨਾਈਟਡ ਕਬਡੀ ਕਲਬ ਮੈਲਬੌਰਨ ਨੂੰ 16 ਦੇ ਮੁਕਾਬਲੇ ਸਾਢੇ ਸਤਾਈ ਅੰਕਾਂ ਦੇ ਵਡੇ ਅੰਤਰ ਨਾਲ ਹਾਰ ਦਿਤੀ। ਫਾਈਨਲ ਮੁਕਾਬਲੇ ਵਿਚ ਜਿਤ ਲਈ ਪੂਰੀ ਗਹਿਗਚ ਖਿਚੋਤਾਣ ਹੋਈ, ਪਰ ਅੰਤ ਵਿਚ ਅੰਤਰ ਰਾਸ਼ਟਰੀ ਸਿਤਾਰਿਆਂ ਨਾਲ ਸਜੀ ਹੋਈ ਮੈਲਬੌਰਨ ਦੀ ਕਬਡੀ ਅਕੈਡਮੀ ਨੇ ਸ਼ਹੀਦ ਬਾਬਾ ਦੀਪ ਸਿੰਘ ਕਬਡੀ ਕਲਬ ਵੂਲਗੂਲਗੇ ਦੀ ਟੀਮ ਨੂੰ 20 ਦੇ ਮੁਕਾਬਲੇ ਸਾਢੇ ਪਚੀ ਅੰਕ ਲੈ ਕੇ ਪਹਿਲਾ ਜੀ ਐਨ ਐਸ ਟੀ ਕਬਡੀ ਕਪ ਆਪਣੀ ਝੋਲੀ ਪਾ ਲਿਆ। ਇਸ ਟੂਰਨਾਮੈਂਟ ਵਿਚ ਖੇਡਣ ਵਾਲੇ ਨਾਮਵਰ ਖਿਡਾਰੀਆਂ ਵਿਚ ਗੁਰਲਾਲ ਸ਼ਿੰਦਰ, ਗੁਰਦਿਤ ਸਿੰਘ, ਜਬਰ ਅਲੀ ਕੰਬੋ ਪਾਕਿਸਤਾਨ, ਗੁਰਪ੍ਰੀਤ ਬੁਰਜ ਹਰੀ, ਸੁਖਾ ਗਰੇਵਾਲ ਧੂਲਕੋਟ, ਸੀਤਾ ਅਜਨੌਦ, ਪੰਮਾ, ਗਗੀ ਰਸੂਲਪੁਰ, ਮਣੀ ਉਪਲ, ਸਤਨਾਮ ਖੇਲਾ, ਸੁਚਾ ਧਰਮੀਵਾਲ, ਜੋਗਾ ਕੋਟਾ ਰਾਜਸਥਾਨੀ, ਭੂਰਾ, ਭਿੰਦਾ ਮੂਲੇਆਲ, ਕਮਲ ਲਸਾੜਾ, ਬਬੂ ਲਸਾੜਾ, ਗੁਰਲਾਲ ਜਲਾਲ, ਗੁਰੀ ਧਲੇਰ, ਸੇਠੀ ਹਰਖੋਵਾਲ, ਯਾਦ ਕੋਟਲੀ, ਘੋੜਾ ਦੋਦੇਵਾਲ, ਅਮਨ ਕੁੰਡੀ ਕਨੇਡਾ, ਲਾਲਾ ਅਬੇਦ ਉਲਾ ਪਾਕਿਸਤਾਨੀ, ਵਿਕੀ ਘਨੌਰ, ਤੇਜੀ ਘਨੌਰ, ਨਿਸ਼ਾਨ ਮਘਾ, ਗਗਾ, ਕਮਲ ਝਾਂਡੇ, ਪੰਨੂ ਗੁਰਦਾਸਪੁਰ, ਬਲਜਿੰਦਰ ਮਾਨ, ਇੰਦਰਪਾਲ ਆਸਟਰੇਲੀਅਨ ਮੂਲ, ਪ੍ਰਦੀਪ ਸ਼ੇਰਪੁਰੀਆ, ਮੰਨੂ ਮਾਨ ਫਿਰੋਜਪੁਰੀਆ, ਘੁਦਾ ਕਾਲੇ ਸੰਘੇ, ਬਿਲਾ ਨਵਾਂ ਸ਼ਹਿਰ, ਨਵ ਸੰਗਰੂਰ ਆਦਿ ਦੇ ਨਾਮ ਸ਼ਾਮਿਲ ਸਨ। । ਮੈਕਸੀਕਨ ਮੂਲ ਦਾ ਖਿਡਾਰੀ ਜ਼ਾਰੋ ਚਾਵੇਜ਼ ਅਤੇ ਪਾਕਿਸਤਾਨੀ ਖਿਡਾਰੀ ਜਾਬਰ ਅਲੀ ਵੀ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਵਿਸ਼ੇਸ਼ ਖਿਚ ਦਾ ਕੇਂਦਰ ਬਣੇ ਰਹੇ। ਇਸ ਖੇਡ ਮੇਲੇ ਵਿਚ ਵਧੀਆ ਖੇਡ ਦੇ ਮੁਜ਼ਾਹਰੇ ਲਈ ਗੁਰਲਾਲ ਸ਼ਿੰਦਰ ਨੂੰ ਬੈਸਟ ਧਾਵੀ ਅਤੇ ਗੁਰਦਿਤ ਸਿੰਘ ਨੂੰ ਬੈਸਟ ਜਾਫ਼ੀ ਲਈ 500-500 ਡਾਲਰ ਦੀ ਨਕਦ ਰਾਸ਼ੀ ਦਿਤੀ ਗਈ, ਜਦ ਕਿ ਕਬਡੀ ਦਾ ਪਹਿਲਾ ਇਨਾਮ 2100 ਡਾਲਰ ਅਤੇ ਰੰਨਰ ਅਪ ਟੀਮ ਨੂੰ 1500 ਡਾਲਰ ਦਾ ਇਨਾਮ ਦਿਤਾ ਗਿਆ। ਟੂਰਨਾਮੈਂਟ ਵਿਚ ਸੰਸਾਰ ਪ੍ਰਸਿਧ ਕੁਮੈਂਟੈਟਰ ਡਾ ਦਰਸ਼ਨ ਬੜੀ, ਬ੍ਰਿਸਬੇਨ ਦੇ ਸਟਾਰ ਕਬਡੀ ਕੁਮੈਟੇਟਰ ਗਗੀ ਮਾਨ ਅਤੇ ਇੰਡੀਆਂ ਤੋਂ ਆਏ ਕਬਡੀ ਕੁਮੈਂਟੇਟਰ ਅਮਨ ਲੋਪੋਂ ਅਤੇ ਗੁਰਪ੍ਰੀਤ ਸਿੰਘ ਬੇਰ ਕਲਾਂ ਨੇ ਦਰਸ਼ਕਾਂ ਦੀ ਉਤਸੁਕਤਾ ਅਤੇ ਉਤਸ਼ਾਹ ਨੂੰ ਕਬਡੀ ਸਬੰਧੀ ਜਾਣਕਾਰੀ ਭਰਪੂਰ ਸ਼ਿਅਰਾਂ ਅਤੇ ਟੋਟਕਿਆਂ ਨਾਲ ਮਘਾਈ ਰਖਿਆ। । ਮੰਝੇ ਹੋਏ ਰੈਫ਼ਰੀ ਇੰਦਰਪਾਲ ਸ਼ਾਹਕੋਟ ਲਾਇਨਜ ਅਤੇ ਮਦਨ ਗੋਪਾਲ ਮੀਰੀ-ਪੀਰੀ ਦੁਆਰਾ ਲਏ ਨਿਰਪਖ ਅਤੇ ਸੁਹਿਰਦ ਫ਼ੈਸਲਿਆਂ ਨੇ ਵਾਦ-ਵਿਵਾਦਾਂ ਵਿਚ ਸਮਾਂ ਜਾਇਆ ਨਹੀਂ ਹੋਣ ਦਿਤਾ ਹਰ ਦਰਸ਼ਕ ਨੇ ਰੈਫਰੀਆਂ ਦੀ ਦੂਰਅੰਦੇਸ਼ੀ ਅਤੇ ਤਜੁਰਬੇ ਭਰੀ ਰੈਫਰੀ ਦੀ ਡਿਊਟੀ ਦੀ ਸ਼ਲਾਘਾ ਕੀਤੀ। ਰੰਗ-ਬਰੰਗੇ ਪੰਜਾਬੀ ਸੂਟਾਂ ਵਿਚ ਸਜੀਆਂ ਪੰਜਾਬਣਾਂ ਅਤੇ ਪਗਾਂ ਨਾਲ ਜਚਦੇ ਪੰਜਾਬੀ ਬਜ਼ੁਰਗਾਂ ਨਾਲ ਖੇਡ-ਮੇਲੇ ਦਾ ਮਾਹੌਲ ਬਿਲਕੁਲ ਪੰਜਾਬ ਵਰਗਾ ਸੀ । ਸ਼ੇਰੇ ਪੰਜਾਬ ਅਕੈਡਮੀ ਨਾਰਥ ਸਾਈਡ ਵਲੋਂ ਕਮਲ ਬੈਂਸ ਦੀ ਰਹਿਨੁਮਾਈ ਹੇਠ ਨੰਨ੍ਹੇ ਬਚਿਆਂ ਦਾ ਭੰਗੜਾ ਮਨਮੋਹਕ ਸੀ। ਪ੍ਰੋਗਰਾਮ ਦੇ ਅੰਤਮ ਚਰਨ ਵਿਚ ਗੁਰਦੀਪ ਨਿਜਰ ਦੀ ਅਗਵਾਈ ਹੇਠ ਪੇਸ਼ ਕੀਤੇ ਗਏ ਭੰਗੜੇ ਅਤੇ ਗਿਧੇ ਨੇ ਮੇਲੇ ਨੂੰ ਸਿਖਰ ਤੇ ਪਹੁੰਚਾ ਦਿਤਾ। ਗਿਧੇ ਵਾਲੀਆੰ ਮੁਟਿਆਰਾਂ ਦੀਆਂ ਬੋਲੀਆੰ ਨੇ ਇਕ ਵਾਰ ਦਰਸ਼ਕਾਂ ਨੂੰ ਝੂੰਮਣ ਤੇ ਲਾ ਦਿਤਾ । ਇਸ ਖੇਡ ਮੇਲੇ ਵਿਚ ਜਿਥੇ ਬ੍ਰਿਸਬੇਨ ਦੇ ਲੋਕਲ ਗਾਇਕ ਮੀਤ ਮਲਕੀਤ, ਰਾਜਦੀਪ ਲਾਲੀ ਅਤੇ ਮਲਕੀਤ ਧਾਲੀਵਾਲ ਦੀ ਤਿਕੜੀ ਨੇ ਬੋਲੀਆਂ ਪਾ ਕੇ ਵਾਹਵਾ ਰੰਗ ਬੰਨਿਆਂ, ਉਥੇ ਗਾਇਕ ਰਾਜਦੀਪ ਲਾਲੀ ਵਲੋਂ ਵਿਦਿਆਰਥੀ ਵੀਜ਼ੇ ਤੇ ਬਾਹਰ ਜਾ ਰਹੀ ਧੀ ਨੂੰ ਸਿਖਿਆ ਦਿੰਦਾ ਭਾਵਪੂਰਤ ਗੀਤ ਸਰੋਤਿਆਂ ਦੇ ਦਿਲਾਂ ਵਿਚ ਲਹਿ ਗਿਆ।।
ਗੁਰਦੁਆਰਾ ਗੁਰੂ ਨਾਨਕ ਸਿਖ ਟੈਂਪਲ ਵਲੋਂ ਆਯੋਜਿਤ ਇਸ ਟੂਰਨਾਮੈਂਟ ਵਿਚ ਭਾਰਤ ਦੇ ਨਾਮਵਰ ਖਿਡਾਰੀ ਅਵਤਾਰ ਸਿੰਘ ਢਿਲੋਂ ਨੂੰ ਜੀਵਨ ਭਰ ਦੀ ਪ੍ਰਾਪਤੀਆੰ ਲਈ ਐਵਾਰਡ ਆਫ ਆਨਰ ਦਿਤਾ ਗਿਆ, ਜੋ ਕਿ ਵਰਲਡ ਮਾਸਟਰ ਗੇਮਜ਼ ਦੇ ਗੋਲ਼ਡ ਮੈਡਲਾਂ ਤੋਂ ਇਲਾਵਾ ਇੰਟਰ ਵਰਸਿਟੀ ਦੇ ਸਾਟਪੁਟ ਅਤੇ ਡਿਸਕਸ ਥਰੋ ਦੇ ਰਿਕਾਰਡ ਹੋਲਡਰ ਰਹੇ ਹਨ । ਇਸ ਤੋਂ ਇਲਾਵਾ ਵੈਟਰਨ ਅਥਲੀਟ ਬਖ਼ਸ਼ੀਸ਼ ਹੀਰਾ ਸਿੰਘ ਭੰਗੂ ਗੋਲ਼ਡ ਮੈਡਲਿਸਟ ਵਰਲਡ ਮਾਸਟਰ ਗੇਮਜ਼ ਅਤੇ ਉਭਰਦੇ ਨੌਜਵਾਨ ਫਿਟਨਿਸ ਅਤੇ ਸਪੋਰਟਸ ਮਾਡਲ ਸ਼ਿਵਦੀਪ ਸਿੰਘ ਨੂੰ ਕਵੀਨਜਲੈਂਡ ਵਿਚ ਗੋਲ਼ਡ ਮੈਡਲ ਪ੍ਰਾਪਤ ਕਰਨ ਤੇ ਸਨਮਾਨਿਤ ਕੀਤਾ ਗਿਆ । ਲਗਭਗ 2000 ਤੋਂ ਉਪਰ ਦਰਸ਼ਕਾਂ ਦੀ ਹਾਜ਼ਰੀ ਵਿਚ ਇਕ ਵਾਰ ਮੀਂਹ ਦੀ ਆਮਦ ਨੇ ਚਿੰਤਾ ਪੈਦਾ ਕੀਤੀ ਸੀ, ਪਰ ਸਾਰਾ ਦਿਨ ਮੌਸਮ ਬਹੁਤ ਸੁਹਾਵਣਾ ਰਿਹਾ । ਗਰਾਊਂਡ ਵਿਚ ਪ੍ਰਮੋਟਰ ਬਬੀ ਬੈਂਸ ਅਤੇ ਬਲਦੇਵ ਨਿਜਰ ਨੇ ਸਾਰੀ ਖੇਡ ਦੌਰਾਨ ਟੀਮਾਂ ਦਾ ਮਨੋਬਲ ਅਤੇ ਖੇਡ ਭਾਵਨਾ ਨੂੰ ਬਣਾਈ ਰਖਣ ਵਿਚ ਬਹੁਤ ਵਧੀਆ ਭੂਮਿਕਾ ਨਿਭਾਈ । ਇਸ ਸਪੋਰਟਸ ਟੂਰਨਾਮੈਂਟ ਵਿਚ ਪੰਜਾਬ ਤੋਂ ਕਬਡੀ ਦੀਆਂ ਨਾਮਵਰ ਹਸਤੀਆਂ ਵਿਚ ਸੁਰਜਨ ਸਿੰਘ ਚਠਾ, ਸੁਖਚੈਨ ਸਿੰਘ ਚੈਨਾ ਦੀ ਹਾਜ਼ਰੀ ਜਿਕਰਯੋਗ ਹੈ । ਕਬਡੀ ਦੇ ਪ੍ਰਮੁਖ ਆਸਟਰੇਲੀਅਨ ਪ੍ਰੋਮੋਟਰਾਂ ਵਿਚ ਕੁਲਦੀਪ ਸਿੰਘ ਬਾਸੀ, ਸੁਲਖਣ ਸਿੰਘ ਸ਼ੇਤਰਾ, ਸਾਬੀ ਘੁੰਮਣ, ਰਾਏ ਬ੍ਰਦਰਜ਼, ਰਾਜੀਵ ਪੰਡਿਤ, ਸੁਖਵੰਤ ਸਿੰਘ ਕੰਗ, ਸੁਖਾ ਗਰੇਵਾਲ, ਹਰਿੰਦਰ ਸੋਹੀ, ਗਗਨਪ੍ਰੀਤ ਸਿੰਘ ਕਪੂਰ, ਗੋਗੀ ਮੰਡ, ਇਕਬਾਲ ਸਿੰਘ ਕਾਲਕਟ, ਸਾਬ, ਸੋਢੀ, ਰਵਿੰਦਰ ਸਿੰਘ ਜਸੜ ਹਨੀ, ਕੋਚ ਗੁਰਪ੍ਰੀਤ ਸਿੰਘ ਭਰੋਵਾਲ ਆਦਿ ਨੇ ਟੂਰਨਾਮੈਂਟ ਵਿਚ ਸ਼ਿਰਕਤ ਕੀਤੀ । ਅਮਰਜੀਤ ਸਿੰਘ ਮਾਹਲ ਅਤੇ ਸੈਕਟਰੀ ਹਰਜਿੰਦਰ ਰੰਧਾਵਾ ਵਲੋਂ ਰੰਨਕੌਰਨ ਕੌਂਸਲਰ ਕਿਮ ਮਾਰਕਸ ਅਤੇ ਮਿਸਟਰ ਡੰਕਨ ਸਮੇਤ ਸਾਰੇ ਆਏ ਹੋਰ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਇਸ ਸਪੋਰਟਸ ਟੂਰਨਾਮੈਂਟ ਦਾ ਅਗਲੇ ਸਾਲ ਤੋਂ ਹੋਰ ਵਿਸਥਾਰ ਕਰਨ ਦਾ ਵਚਨ ਦਿਤਾ । ਇਸ ਸਪੋਰਟਸ ਟੂਰਨਾਮੈਂਟ ਵਿਚ ਪਾਲ ਸਿੰਘ ਕੂੰਨਰ ਅਤੇ ਸਤਪਾਲ ਸਿੰਘ ਕੂੰਨਰ ਭਰਾਵਾਂ ਵਲੋਂ ਸੇਬ ਅਤੇ ਕੇਲਿਆਂ ਦੀ ਅਤੁਟ ਸੇਵਾ ਕੀਤੀ ਗਈ । ਬ੍ਰਿਸਬੇਨ ਦੇ ਉਘੇ ਉਦਮੀ ਰਣਵੀਰ ਮਿਨਹਾਸ ਅਤੇ ਸੰਨੀ ਮਿਨਹਾਸ ਰੀਅਲ ਇਸਟੇਟ ਵਲੋਂ ਸਾਰਾ ਦਿਨ ਮੁਫਤ ਪਾਣੀ ਦੀ ਸੇਵਾ ਕੀਤੀ ਗਈ । ਇੰਡੀਅਨ ਬ੍ਰਦਰਜ਼ ਵਲੋਂ ਉਪਲਬਧ ਲਜ਼ੀਜ਼ ਭਾਰਤੀ ਖਾਣੇ ਨੇ ਪੰਜਾਬੀਆਂ ਦੇ ਨਾਲ ਨਾਲ ਹੋਰ ਭਾਈਚਾਰੇ ਦੇ ਦਰਸ਼ਕਾਂ ਤੋਂ ਦਾਦ ਪ੍ਰਾਪਤ ਕੀਤੀ । ਪ੍ਰਬੰਧਕਾਂ ਵਿਚ ਪ੍ਰੀਤਮ ਸਿੰਘ ਚੀਮਾ, ਪ੍ਰੀਤਮ ਸਿੰਘ ਝਜ, ਸਰਬਜੀਤ ਸੋਹੀ, ਨਗਿੰਦਰ ਧਾਲੀਵਾਲ, ਸੁਰਜੀਤ ਸੰਧੂ, ਵਰਿੰਦਰ ਅਲੀਸ਼ੇਰ, ਰੇਸ਼ਮ ਸਿੰਘ ਖਖ ਆਦਿ ਨੇ ਸਮੁਚੇ ਪ੍ਰੋਗਰਾਮ ਦੌਰਾਨ ਪੂਰੀ ਤਨਦੇਹੀ ਨਾਲ ਕਾਰਜਾਂ ਨੂੰ ਨੇਪਰੇ ਚਾੜ੍ਹਿਆ । ਪੰਜਾਬ ਲਾਈਵ ਟੀ ਵੀ ਚੈਨਲ ਵਲੋਂ ਸਾਰੇ ਟੂਰਨਾਮੈਂਟ ਦੀ ਮਿਆਰੀ ਕਵਰੇਜ ਕੀਤੀ ਗਈ ਅਤੇ ਬ੍ਰਿਸਬੇਨ ਭੰਗੜਾ ਬੈਂਡ ਵਲੋਂ ਸਾਊਂਡ ਸਿਸਟਮ ਅਤੇ ਸਾਜ਼ੀਆਂ ਦੀ ਸੇਵਾ ਨਿਭਾਈ ਗਈ । ਸਟੇਜ ਸੰਚਾਲਨ ਦੀ ਜਿੰਮੇਵਾਰੀ ਰਛਪਾਲ ਸਿੰਘ ਹੇਅਰ ਵਲੋਂ ਬਾਖੂਬੀ ਨਿਭਾਈ ਗਈ । ਸਾਰੇ ਮੇਲੇ ਵਿਚ ਪ੍ਰਬੰਧਾਂ ਦੀ ਉਤਮਤਾ, ਆਪਸੀ ਤਾਲਮੇਲ ਅਤੇ ਅਮਰਜੀਤ ਸਿੰਘ ਮਾਹਲ ਦੀ ਯੋਗ ਅਗਵਾਈ ਕਾਰਨ ਕੋਈ ਵੀ ਵਾਦ-ਵਿਵਾਦ ਅਤੇ ਝਗੜੇ ਤੋਂ ਬਿਨਾ ਇਸ ਟੂਰਨਾਮੈਂਟ ਬਾਰੇ ਵੇਖਣ ਵਾਲੇ ਦਰਸ਼ਕਾਂ ਦੀ ਪ੍ਰਤਿਕਿਰਿਆ ਬਹੁਤ ਵਧੀਆ ਰਹੀ । ਪਾਰਕਿੰਗ ਦੇ ਬਹੁ-ਵਿਕਲਪਾਂ ਅਤੇ ਰੇਲ ਦੀ ਸਹੂਲਤ ਕਾਰਨ ਵੇਖਣ ਆਏ ਸਰੋਤਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ।