June 28, 2026 9:34 am

ਪੰਜਾਬ ਨੂੰ ਅੱਗ ਨਾ ਲਾਓ

ਪੰਜਾਬ ਦਾ ਫਗਵਾੜਾ ਸ਼ਹਿਰ ਫਿਰਕੂ ਤਣਾਅ ਦਾ ਕੇਂਦਰ ਬਣ ਗਿਆ ਹੈ। ਬੀਤੀ 13 ਅਪ੍ਰੈਲ ਨੂੰ 2 ਫਿਰਕਿਆਂ ਦਰਮਿਆਨ ਹੋਏ ਹਿੰਸਕ ਟਕਰਾਅ ਤੋਂ ਬਾਅਦ ਹਾਲਾਤ ਲਗਾਤਾਰ ਤਣਾਅਪੂਰਨ ਬਣੇ ਹੋਏ ਹਨ। ਇਸ ਵਿਵਾਦ ਅਤੇ ਟਕਰਾਅ ਦਾ ਅਸਰ ਪੂਰੇ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ। ਫਗਵਾੜਾ ਵਿੱਚ ਹੋਏ ਟਕਰਾਅ ਦੌਰਾਨ ਜ਼ਖਮੀ ਹੋਏ ਇਕ ਨੌਜਵਾਨ ਦੀ ਅਫਸੋਸਨਾਕ ਮੌਤ ਤੋਂ ਬਾਅਦ ਹਾਲਾਤ ਹੋਰ ਵਿਸਫੋਟਕ ਹੋ ਗਏ ਹਨ। ਕੁਝ ਧਿਰਾਂ ਇਸ ਮਾਮਲੇ ਨੂੰ ਲਗਾਤਾਰ ਭੜਕਾਊ ਅਤੇ ਹਿੰਸਕ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਸ਼ੁਕਰ ਹੈ ਕਿ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਕਾਰਨ ਕੋਈ ਵੱਡੀ ਸਾੜ ਫੂਕ ਨਹੀਂ ਹੋਈ। ਹਾਲੇ ਤੱਕ ਹੋਰ ਜਾਨੀ ਨੁਕਸਾਨ ਤੋਂ ਵੀ ਬਚਾਅ ਹੈ। ਪਿਛਲੇ ਕੁਝ ਦਿਨਾਂ ਤੋਂ ਸਥਿਤੀ ਨੂੰ ਫਿਰ ਤੋਂ ਭੜਕਾਇਆ ਜਾ ਰਿਹਾ ਹੈ। ਇਸ ਕਾਰਨ ਹੀ ਸਰਕਾਰ ਨੂੰ ਇੰਟਰਨੈਟ ਸੇਵਾਵਾਂ ਬੰਦ ਕਰਨੀਆਂ ਪਈਆਂ ਹਨ। ਮੀਡੀਆ ਦੇ ਇਕ ਹਿੱਸੇ ਵਿੱਚ ਵੀ ਫਗਵਾੜਾ ਦੀਆਂ ਘਟਨਾਵਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਹ ਟਕਰਾਅ ਅਤੇ ਤਣਾਅ ਪੰਜਾਬ ਲਈ ਬਹੁਤ ਹੀ ਖਤਰਨਾਕ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਵੱਡੀਆਂ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਹਨ। ਆਰਥਿਕ ਮੁਸ਼ਕਿਲਾਂ ਵਿੱਚ ਫਸੇ ਪੰਜਾਬ ਲਈ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨ ਦੀ ਤਾਕਤ ਨਹੀਂ ਹੈ। ਫਗਵਾੜਾ ਵਿੱਚ ਵੀ ਲਗਾਤਾਰ ਦੁਕਾਨਾਂ ਅਤੇ ਕਾਰੋਬਾਰ ਬੰਦ ਰਹਿਣ ਕਾਰਨ ਲੋਕਾਂ ਨੂੰ ਰੋਜ਼ੀ-ਰੋਟੀ ਦਾ ਫਿਕਰ ਸਤਾ ਰਿਹਾ ਹੈ। ਜੇਕਰ ਇਹ ਅੱਗ ਦੂਸਰੇ ਸ਼ਹਿਰਾਂ ਵਿੱਚ ਫੈਲਦੀ ਹੈ ਤਦ ਪੰਜਾਬ ਦੀ ਅੱਧੀ ਆਬਾਦੀ ਨੂੰ ਫਾਕੇ ਕੱਟਣੇ ਪੈਣਗੇ। ਪੰਜਾਬ ਦੇ ਸਾਰੇ ਵਾਸੀਆਂ ਨੂੰ ਅਜਿਹੇ ਬੇਲੋੜੇ ਫਿਰਕੂ ਟਕਰਾਅ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੁਝ ਅਨਸਰ ਆਪਣੇ ਨਿੱਜੀ ਅਤੇ ਰਾਜਸੀ ਹਿੱਤਾਂ ਲਈ ਲੋਕਾਂ ਨੂੰ ਲੜਾਅ ਰਹੇ ਹਨ। ਇਸ ਲੜਾਈ ਵਿੱਚ ਸਿਰਫ ਅਜਿਹੀਆਂ ਤਾਕਤਾਂ ਨੂੰ ਹੀ ਲਾਭ ਮਿਲਦਾ ਹੈ ਜਿਨ੍ਹਾਂ ਦੀ ਰਾਜਨੀਤੀ ਅਜਿਹੇ ਟਕਰਾਅ ਵਿੱਚੋਂ ਹੀ ਜਨਮ ਲੈਂਦੀ ਹੈ। ਆਮ ਲੋਕਾਂ ਲਈ ਤਾਂ ਇਹ ਹਾਲਾਤ ਬਹੁਤ ਮਾਰੂ ਅਤੇ ਖਤਰਨਾਕ ਹਨ। ਫਗਵਾੜਾ ਦੀ ਅੱਗ ਨੂੰ ਦੂਸਰੇ ਸ਼ਹਿਰਾਂ ਵਿੱਚ ਫੈਲਣ ਤੋਂ ਰੋਕਣ ਲਈ ਵੱਡੀ ਚੌਕਸੀ ਦੀ ਜ਼ਰੂਰਤ ਹੈ। ਪ੍ਰਸ਼ਾਸਨਿਕ ਕਦਮਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਜਾਗ੍ਰਿਤ ਕਰਨਾ ਬੇਹੱਦ ਜ਼ਰੂਰੀ ਹੋ ਗਿਆ ਹੈ। ਪੰਜਾਬ ਨੂੰ ਇਸ ਸਮੇਂ ਅਮਨ ਅਤੇ ਸ਼ਾਂਤੀ ਦੀ ਬਹੁਤ ਵੱਡੀ ਲੋੜ ਹੈ। ਪੰਜਾਬ ਨੂੰ ਜੇਕਰ ਵਿਕਾਸ ਦੀਆਂ ਨਵੀਆਂ ਲੀਹਾਂ ’ਤੇ ਤੋਰਨਾ ਹੈ ਅਤੇ ਸੂਬੇ ਦੀ ਆਰਥਿਕਤਾ ਨੂੰ ਅਧੋਗਤੀ ਤੋਂ ਬਾਹਰ ਕੱਢਣਾ ਹੈ ਤਾਂ ਸੂਬੇ ਵਿੱਚ ਫਿਰਕੂ ਸਦਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ। ਫਿਰਕੂ ਸਦਭਾਵਨਾ ਨੂੰ ਸੱਟ ਮਾਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਸ਼ਨਾਖਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
30 ਅਪ੍ਰੈਲ 2018 – ਬਲਜੀਤ ਸਿੰਘ ਬਰਾੜ

Send this to a friend