ਜਲਾਲਾਬਾਦ, 24 ਅਪ੍ਰੈਲ (ਸੰਦੀਪ ਮਹੰਤ, ਲਵਿਸ਼ ਕਾਲੜਾ)- ਪੰਜਾਬ ਸਰਕਾਰ ਵਲੋਂ ਮੰਤਰੀ ਮੰਡਲ ਵਿੱਚ ਕੀਤੇ ਗਏ ਵਿਸਥਾਰ ਤੋਂ ਬਾਅਦ ਗੁਰੂਹਰਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਖੇਡ ਮੰਤਰੀ ਦੇ ਅਹੁੱਦੇ ਤੇ ਨਵਾਜ਼ਿਆ ਗਿਆ ਹੈ। ਉਨ੍ਹਾਂ ਦੇ ਖੇਡ ਮੰਤਰੀ ਬਣਨ ਤੋਂ ਬਾਅਦ ਜਿੱਥੇ ਉਨ੍ਹਾਂ ਨੇ ਸੌਂਪੀ ਗਈ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਦਾ ਭਰੋਸਾ ਦਿੱਤਾ ਹੈ ਅਤੇ ਉਥੇ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਵਰਤਮਾਨ ਸਮੇਂ ਅੰਦਰ ਸਭ ਤੋਂ ਜਰੂਰੀ ਹੈ ਕਿ ਸੂਬੇ ਅੰਦਰ ਨੌਜਵਾਨ ਪੀੜ੍ਹੀ ਨੂੰ ਖੇਡ ਮੁਕਾਬਲਿਆਂ ਵੱਲ ਵੱਧ ਤੋਂ ਵੱਧ ਉਤਸਾਹਿਤ ਕਰਨਾ ਹੈ ਅਤੇ ਇਸ ਦੇ ਲਈ ਭਵਿੱਖ ਵਿੱਚ ਨੀਤੀ ਬਣਾਈ ਜਾਵੇਗੀ ਤਾਂਕਿ ਸੂਬੇ ਦੇ ਜਿਲਿਆਂ ਅਤੇ ਬਲਾਕ ਪੱਧਰ ਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਅੱਜ ਵੀ ਸੂਬੇ ਅੰਦਰ ਨੌਜਵਾਨ ਬੱਚੇ ਪ੍ਰਤਿਭਾ ਦੇ ਧਣੀ ਬੈਠੇ ਹਨ ਪਰ ਉਨ੍ਹਾਂ ਨੂੰ ਅੱਗੇ ਲੈ ਕੇ ਆਉਣਾ ਸਰਕਾਰ ਅਤੇ ਸਕੂਲ, ਕਾਲਜ਼ ਪ੍ਰਬੰਧਕਾਂ ਦੀ ਜਿੰਮੇਵਾਰੀ ਹੈ। ਰਾਣਾ ਸੋਢੀ ਨੇ ਕਿਹਾ ਕਿ ਜੇਕਰ ਸੂਬੇ ’ਚ ਵੱਧ ਤੋਂ ਵੱਧ ਖੇਡਾਂ ਦਾ ਪ੍ਰਸਾਰ ਹੋਵੇਗਾ ਤਾਂ ਨੌਜਵਾਨ ਬੁਰੇ ਰਸਤਿਆਂ ਨੂੰ ਛੱਡ ਕੇ ਦੇਸ਼ ਅਤੇ ਵਿਦੇਸ਼ ਵਿੱਚ ਆਪਣਾ ਨਾਮ ਕਮਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੁਰਾਤਣ ਖੇਡਾਂ ਲਈ ਮਸ਼ਹੂਰ ਮੰਨੇ ਜਾਂਦੇ ਸਨ ਅਤੇ ਅੱਜ ਵੀ ਉਹ ਖੇਡਾਂ ਸੂਬੇ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਪਹਿਚਾਣ ਰੱਖਦੀਆਂ ਹਨ ਅਤੇ ਸੂਬੇ ਦੀ ਪਹਿਚਾਨ ਨੂੰ ਹਰ ਪੱਖੋਂ ਅੱਗੇ ਲੈ ਕੇ ਜਾਣਾ ਉਨ੍ਹਾਂ ਦੀ ਅਤੇ ਸਰਕਾਰ ਦੀ ਪਹਿਲੀ ਜਿੰਮੇਵਾਰੀ ਹੋਵੇਗੀ।