ਪਾਵਰ ਖੇਤਰ ਨੂੰ ਭ੍ਰਿਸ਼ਟਾਚਾਰ ਮੁਕਤ, ਪਾਰਦਰਸ਼ੀ ਤੇ ਸਚਾਰੂ ਢੰਗ ਨਾਲ ਚਲਾਉਣਾ ਮੇਰਾ ਮੁੱਖ ਟੀਚਾ : ਗੁਰਪ੍ਰੀਤ ਸਿੰਘ ਕਾਂਗੜ

ਰਾਮਪੁਰਾ ਫੂਲ, 24 ਅਪ੍ਰੈਲ (ਮਨਦੀਪ ਸਿੰਘ ਢੀਂਗਰਾ)- ਸੂਬੇ ਦੇ ਪਾਵਰ ਖੇਤਰ ਨੂੰ ਭ੍ਰਿਸ਼ਟਾਚਾਰ ਮੁਕਤ, ਪਾਰਦਰਸ਼ੀ ਤੇ ਸਚਾਰੂ ਢੰਗ ਨਾਲ ਚਲਾਉਣਾ ਮੇਰਾ ਮੁਖ ਟੀਚਾ ਹੈ। ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ‘ਚ ਆਪਣੇ ਵਿਭਾਗ ਦਾ ਕਾਰਜਭਾਰ ਸੰਭਾਲਦਿਆਂ ਸ. ਕਾਂਗੜ ਨੇ ਇਹ ਪ੍ਰਗਟਾਵਾ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗੜ ਨੂੰ ਸਿਰੋਪਾ ਦੇ ਕੇ ਸਨਮਾਨਿਤ ਕਰਕੇ ਅਤੇ ਮੂੰਹ ਮਿਠਾ ਕਰਵਾ ਕੇ ਕੈਬਨਿਟ ਮੰਤਰੀ ਦੇ ਕਾਰਜਭਾਰ ਸੰਭਾਲਣ ਅਤੇ ਚੰਗੀ ਕਾਰਗੁਜ਼ਾਰੀ ਲਈ ਸ਼ੁਭਕਾਮਨਾਵਾਂ ਦਿਤੀਆਂ।ਇਸ ਮੌਕੇ ਕੈਬਨਿਟ ਮੰਤਰੀ, ਸ. ਸੁਖਜਿੰਦਰ ਸਿੰਘ ਰੰਧਾਵਾ, ਸ. ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਸ੍ਰੀ ਵਿਜੇ ਇੰਦਰ ਸਿੰਗਲਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ, ਵਿਧਾਇਕ ਸ. ਅਮਰੀਕ ਸਿੰਘ ਢਿਲੋਂ, ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ, ਵਿਧਾਇਕ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਇਕ ਸ. ਗੁਰਪ੍ਰੀਤ ਸਿੰਘ ਜੀ.ਪੀ., ਸਾਬਕਾ ਮੰਤਰੀ ਸ. ਲਾਲ ਸਿੰਘ ਤੋਂ ਇਲਾਵਾ ਰਾਜਸੀ ਆਗੂ ਤੇ ਵਡੀ ਗਿਣਤੀ ‘ਚ ਸਮਰਥਕ ਹਾਜ਼ਰ ਸਨ।
ਕੈਬਨਿਟ ਮੰਤਰੀ ਵਜੋਂ ਆਪਣਾ ਆਹੁਦਾ ਸੰਭਾਲਣ ਮਗਰੋਂ ਸ. ਕਾਂਗੜ ਨੇ ਕਿਸਾਨਾਂ ਅਤੇ ਉਦਯੋਗਾਂ ਲਈ ਨਵੀਂ ਨੀਤੀ ਬਣਾਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਮੁਫ਼ਤ ਬਿਜਲੀ-ਪਾਣੀ ਜਾਰੀ ਰਹੇਗਾ ਅਤੇ ਕਿਸਾਨਾਂ ਤੋਂ ਇਕ ਵੀ ਪੈਸਾ ਨਹੀਂ ਵਸੂਲਿਆ ਜਾਵੇਗਾ। ਉਨਾ ਕਿਹਾ ਬਿਜਲੀ ਦੀ ਉਪਲਧਤਾ ਤੇ ਉਤਪਾਦਨ ਦੀ ਸਮਰਥਾ ਪ੍ਰਣਾਲੀ ‘ਚ ਸੁਧਾਰ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੇ ਜਾਣ ‘ਤੇ ਵੀ ਜ਼ੋਰ ਦਿਤਾ ਜਾਵੇਗਾ।
ਉਨਾ ਦਸਿਆ ਕਿ ਥਰਮਲ ਪਲਾਂਟ ਦੇ ਮੁਲਾਜ਼ਮਾਂ ਲਈ ਵਡੀ ਰਾਹਤ ਐਲਾਨਦਿਆਂ ਕਿਹਾ ਕਿ ਆਉਂਦੇ 2-3 ਦਿਨਾਂ ਦੌਰਾਨ ਹੀ ਥਰਮਲ ਮੁਲਾਜ਼ਮਾਂ ਨੂੰ ਐਡਜਸਟ ਕਰਦਿਆਂ ਨਿਯੁਕਤੀ ਪਤਰ ਦੇ ਦਿਤੇ ਜਾਣਗੇ। ਉਨਾ ਕਿਹਾ ਕਿ ਆਉਂਦੇ ਇਕ ਮਹੀਨੇ ਦੇ ਸਮੇਂ ਦੌਰਾਨ ਵਿਭਾਗ ‘ਚ 3648 ਨਵੇਂ ਏ.ਐਲ.ਐਮ, ਐਲ.ਡੀ.ਸੀ., ਜੇ.ਈ. ਅਤੇ ਐਸ.ਐਸ.ਏ. ਆਦਿ ਨੂੰ ਨਿਯੁਕਤੀ ਪਤਰ ਦੇ ਦਿਤੇ ਜਾਣਗੇ। ਉਨਾ ਕਿਹਾ ਕਿ ਥਰਮਲ ਪਲਾਂਟਾਂ ‘ਚ ਕੰਟਰੈਕਟ ‘ਤੇ ਕੰਮ ਕਰਦੇ 635 ਮੁਲਾਜ਼ਮਾਂ ਨੂੰ ਵੀ ਐਡਸਜਟ ਕਰਨ ਦੀ ਪ੍ਰਕਿਰਿਆ ਵੀ ਜਾਰੀ ਹੈ ਅਤੇ ਛੇਤੀ ਹੀ ਉਨਾ ਨੂੰ ਪੈਸਕੋ ਅਤੇ ਅਜਿਹੀਆਂ ਹੋਰਨਾਂ ਸੰਸਥਾਵਾਂ ‘ਚ ਐਡਜਸਟ ਕਰ ਦਿਤਾ ਜਾਵੇਗਾ। ਉਨਾ ਕਿਹਾ ਵਿਭਾਗ ‘ਚ ਦੇ ਕੰਮ ਨੂੰ ਸਚਾਰੂ ਢੰਗ ਨਾਲ ਚਲਾਉਣ ਤੇ ਲੋਕਾਂ ਨੂੰ ਬਿਹਤਰ ਸੇਵਾਵਾਂ ਮੁਹਈਆ ਕਰਵਾਉਣ ਲਈ ਖ਼ਾਲੀ ਪਈਆਂ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਵੀ ਆਰੰਭੀ ਜਾਵੇਗੀ।
ਵਰਣਨਯੋਗ ਹੈ ਕਿ ਸ. ਕਾਂਗੜ 27 ਸਾਲ ਦੀ ਉਮਰ ‘ਚ ਆਪਣਾ ਰਾਜਸੀ ਕੈਰੀਅਰ ਸ਼ੁਰੂ ਕੀਤਾ ਸੀ, ਉਹ ਪਿੰਡ ਕਾਂਗੜ ਦੇ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਸਨ। ਸਾਲ 1994-1999 ਤਕ ਉਹ ਵਡੇ ਫਰਕ ਨਾਲ ਜਿਤ ਕੇ ਸਭ ਤੋਂ ਛੋਟੀ ਉਮਰ ਦੇ ਜ਼ਿਲਾ ਪ੍ਰੀਸ਼ਦ ਦੇ ਮੈਂਬਰ ਚੁਣੇ ਗਏ। ਉਸ ਸਾਲ 1999-2000 ਤਕ ਬਠਿੰਡਾ ਦੀ ਟੈਲੀਫੋਨ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਰਹੇ। ਸ. ਕਾਂਗੜ ਸਾਲ 2002 ‘ਚ ਰਾਮਪੁਰਾ ਫੂਲ ਤੋਂ ਆਜ਼ਾਦ ਤੌਰ ‘ਤੇ ਵਿਧਾਇਕ ਚੁਣੇ ਗਏ। ਉਹ ਸਾਲ 2007 ‘ਚ ਦੂਜੀ ਵਾਰ ਅਤੇ ਸਾਲ 2012 ‘ਚ ਤੀਜੀ ਵਾਰ ਅਤੇ ਸਾਲ 2017 ‘ਚ ਚੌਥੀ ਵਾਰ ਰਾਮਪੂਰਾ ਫੂਲ ਤੋਂ ਵਿਧਾਇਕ ਚੁਣੇ ਗਏ।
ਸ. ਕਾਂਗੜ ਦੇ ਆਹੁਦਾ ਸੰਭਾਲਣ ਮੌਕੇ ਉਨਾ ਦੀ ਪਤਨੀ ਸੁਖਪੀਤ ਕੌਰ, ਸਪੁਤਰ ਸ੍ਰੀ ਹਰਮਨਵੀਰ ਸਿੰਘ, ਨੂੰਹ ਅਨੁਰੀਤ ਕੌਰ, ਪੋਤਾ ਅਵੀਰ ਪ੍ਰਤਾਪ ਸਿੰਘ, ਪੁਤਰੀ ਸੰਗੀਤ ਕੌਰ, ਜਵਾਈ ਗੁਰਸ਼ੇਰ ਸਿੰਘ, ਭੈਣ ਸੁਰਿੰਦਰ ਕੌਰ, ਭਣੋਈਆ ਗੁਰਬਖ਼ਸ਼ੀਸ ਸਿੰਘ, ਭੈਣ (ਐਨ.ਆਰ.ਆਈ) ਜਸਨੀਤ ਕੌਰ, ਭਣੋਈਆ ਚਰਨਜੀਤ ਸਿੰਘ ਤੂਰ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।

Send this to a friend