ਸ੍ਰੀ ਅਨੰਦਪੁਰ ਸਾਹਿਬ, 17 ਅਪ੍ਰੈਲ (ਦਵਿੰਦਰਪਾਲ ਸਿੰਘ, ਅੰਕੁਸ਼)- ਉਪ-ਮੰਡਲ ਮੈਜਿਸਟਰੇਟ ਸ੍ਰੀ ਅਨੰਦਪੁਰ ਸਾਹਿਬ ਰਾਕੇਸ਼ ਕੁਮਾਰ ਗਰਗ ਪੀ.ਸੀ.ਐਸ. ਨੇ ਦੱਸਿਆ ਕਿ ਉਪ-ਮੰਡਲ ਵਿਚ ਚੱਲ ਰਹੇ ਫ਼ਰਦ ਕੇਂਦਰਾਂ ਰਾਹੀਂ ਵਿੱਤੀ ਸਾਲ 2017-18 ਦੌਰਾਨ 1 ਅਪ੍ਰੈਲ 2017 ਤੋਂ 31 ਮਾਰਚ 2018 ਤੱਕ 14,044 ਜ਼ਮੀਨ ਮਾਲਕਾਂ ਨੂੰ ਜ਼ਮੀਨੀ ਰਿਕਾਰਡ ਦੇ 46,183 ਪੰਨੇ ਮੁਹੱਈਆ ਕਰਵਾਏ ਜਾ ਚੁੱਕੇ ਹਨ ਅਤੇ ਇੰਨ੍ਹਾਂ ਫ਼ਰਦਾਂ ਤੋਂ 9,23,660/- ਰੁਪਏ ਦੀ ਸਰਕਾਰੀ ਫ਼ੀਸ ਦੀ ਵਸੂਲੀ ਹੋਈ ਹੈ। ਐਸ.ਡੀ.ਐਮ. ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਹੋਰ ਜ਼ਮੀਨ ਮਾਲਕਾਂ ਨੂੰ ਆਪਣੇ ਜ਼ਮੀਨੀ ਰਿਕਾਰਡ ਦੀਆਂ ਫ਼ਰਦਾਂ ਆਦਿ ਲੈਣ ਲਈ ਸਬ ਡਵੀਜ਼ਨ ਅਤੇ ਸਬ ਤਹਿਸੀਲ ਪੱਧਰ ’ਤੇ ਖੋਲ੍ਹੇ ਗਏ ਫ਼ਰਦ ਕੇਂਦਰ ਜ਼ਮੀਨ ਮਾਲਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਉਪ-ਮੰਡਲ ਦੇ ਵੱਖ-ਵੱਖ ਫ਼ਰਦ ਕੇਂਦਰਾਂ ਰਾਹੀਂ ਜ਼ਮੀਨ ਮਾਲਕਾਂ ਨੂੰ 20 ਰੁਪਏ ਪ੍ਰਤੀ ਪੰਨਾ ਵਸੂਲ ਕੇ 15 ਮਿੰਟਾਂ ’ਚ ਫ਼ਰਦ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ। ਸ੍ਰੀ ਰਾਕੇਸ਼ ਕੁਮਾਰ ਗਰਗ ਨੇ ਅੱਗੇ ਦੱਸਿਆ ਕਿ ਉਪ-ਮੰਡਲ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਫ਼ਰਦ ਕੇਂਦਰ ਤੋਂ 14,044 ਜ਼ਮੀਨ ਮਾਲਕਾਂ ਨੂੰ 46,183 ਪੰਨੇ ਜ਼ਮੀਨੀ ਰਿਕਾਰਡ ਦੀਆਂ ਨਕਲਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਫ਼ਰਦ ਕੇਂਦਰ ਕਿਸਾਨਾਂ ਲਈ ਵਰਦਾਨ ਸਿੱਧ ਹੋ ਰਹੇ ਹਨ, ਕਿਉਂਕਿ ਫ਼ਰਦ ਕੇਂਦਰਾਂ ਵਿੱਚ ਜ਼ਮੀਨ ਮਾਲਕ ਜ਼ਮੀਨੀ ਰਿਕਾਰਡ ਜਾਂ ਫ਼ਰਦ ਦੀ ਕਾਪੀ ਆਦਿ ਮਿੰਟਾਂ ਵਿੱਚ ਹੀ ਹਾਸਲ ਕਰ ਲੈਂਦੇ ਹਨ, ਜਿਸ ਨਾਲ ਹੁਣ ਲੋਕਾਂ ਨੂੰ ਖ਼ੱਜਲ਼-ਖ਼ੁਆਰ ਨਹੀਂ ਹੋਣਾ ਪੈਂਦਾ ਅਤੇ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਬੱਚਤ ਵੀ ਹੁੰਦੀ ਹੈ। ਇਨ੍ਹਾਂ ਫ਼ਰਦ ਕੇਂਦਰ ਵਿੱਚ ਆਏ ਕਿਸਾਨਾਂ ਤੇ ਆਮ ਲੋਕਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਜਮਾਂਬੰਦੀ ਲੈਣ ਲਈ ਕਿਸੇ ਸਿਫ਼ਾਰਸ਼ ਦੀ ਲੋੜ ਨਹੀਂ ਤੇ ਨਾ ਹੀ ਪਟਵਾਰ ਭਵਨਾਂ ਦੇ ਚੱਕਰ ਕੱਟਣੇ ਪੈਂਦੇ ਹਨ, ਸਗੋਂ 20 ਰੁਪਏ ਪ੍ਰਤੀ ਪੰਨਾ ਖਰਚ ਕੇ ਫ਼ਰਦ ਕੇਂਦਰਾਂ ਤੋਂ 5 ਤੋਂ 15 ਮਿੰਟਾਂ ’ਚ ਆਸਾਨੀ ਨਾਲ ਜਮਾਂਬੰਦੀ ਦੀ ਫ਼ਰਦ ਪ੍ਰਾਪਤ ਹੋ ਜਾਂਦੀ ਹੈ। ਸ੍ਰੀ ਰਾਕੇਸ਼ ਕੁਮਾਰ ਗਰਗ ਨੇ ਦੱਸਿਆ ਕਿ ਵੈਬਸਾਈਟ ਾ.ਪਲਰਸ.ੋਰਗ.ਨਿ ’ਤੇ ਕੋਈ ਵੀ ਜ਼ਮੀਨ ਮਾਲਕ ਆਪਣੇ ਜ਼ਮੀਨੀ ਰਿਕਾਰਡ ਨੂੰ ਵੇਖ ਸਕਦਾ ਹੈ ਅਤੇ ਇਸ ਦੀ ਕਾਪੀ ਦਾ ਪ੍ਰਿੰਟ ਆਊਟ ਵੀ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪ੍ਰਸ਼ਾਸਕੀ ਸੁਧਾਰਾਂ ਤਹਿਤ ਸਮੂਹ ਨਾਗਰਿਕ ਸੇਵਾਵਾਂ ਇੱਕ ਛੱਤ ਹੇਠ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਏ.ਐਸ.ਐਮ. ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਸਾਡੀ ਇਹ ਵੀ ਭਰਪੂਰ ਕੋਸ਼ਿਸ਼ ਹੈ ਕਿ ਫ਼ਰਦ ਕੇਂਦਰਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਢੁੱਕਵਾਂ ਮਾਹੌਲ ਮਿਲ ਸਕੇ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।