ਇੱਕ ਮਈ ਤੋਂ ਬੱਸਾਂ ਬੰਦ ਕਰਨ ਦੀ ਚਿਤਾਵਨੀ

ਭਗਤਾ ਭਾਈ ਕਾ, 17 ਅਪ੍ਰੈਲ (ਸਵਰਨ ਸਿੰਘ ਭਗਤਾ)- ਸ਼ਹਿਰ ਦੇ ਐਨ ਵਿਚਕਾਰ ਲੰਘਦੀ ਬਾਜਾਖਾਨਾ ਬਰਨਾਲਾ ਮੁੱਖ ਸੜਕ ਦੀ ਮੰਦੀ ਹਾਲਤ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਖ਼ਬਰਾਂ ਵੱਖ-ਵੱਖ ਅਖ਼ਬਾਰਾਂ ਦਾ ਸ਼ਿੰਗਾਰ ਬਣਦੀਆਂ ਆ ਰਹੀਆਂ ਹਨ। ਪਰੰਤੂ ਦਹਾਕਿਆਂ ਤੋਂ ਬੁਰੀ ਤਰ੍ਹਾਂ ਟੁੱਟੀ ਹੋਈ ਇਸ ਸੜਕ ਦੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕਦੇ ਸਾਰ ਨਹੀਂ ਲਈ ਅਤੇ ਜਿਥੇ ਇਹ ਸੜਕ ਪਿਛਲੇ ਲੰਬੇ ਸਮੇਂ ਤੋਂ ਆਪਣੀ ਹਾਲਤ ਤੇ ਹੰਝੂ ਵਹਾ ਰਹੀ ਉਥੇ ਇਸ ਅਰਸੇ ਦੌਰਾਨ ਇਸ ਦੇ ਰਾਹਗੀਰ ਵੀ ਸੱਤਾਧਾਰੀ ਲੋਕਾਂ ਨੂੰ ਕੋਸਦੇ ਰਹੇ ਹਨ। ਸੜਕ ਦੀ ਕੋਈ ਸਾਰ ਨਾ ਲਏ ਜਾਣ ਕਾਰਨ ਇਕ ਨਵੀਂ ਪਹਿਲ ਕਰਦਿਆਂ ਬਰਨਾਲਾ ਟਰਾਂ ਸਪੋਰਟ ਬੱਸ ਓਪਰੇਟਰ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 1 ਮਈ ਤੋਂ ਇਸ ਸੜਕ ਨੂੰ ਬਣਾਏ ਜਾਣ ਦੀ ਕਾਰਵਾਈ ਆਰੰਭ ਨਾ ਕੀਤੀ ਗਈ ਤਾਂ ਬਾਜਾਖਾਨਾ, ਭਗਤਾ, ਜਲਾਲ, ਬਰਨਾਲਾ ਆਦਿ ਜਾਣ ਵਾਲੀਆਂ ਸਾਰੀਆਂ ਪ੍ਰਾਈਵੇਟ ਬੱਸਾਂ ਅਣਮਿਥੇ ਸਮੇਂ ਲਈ ਬੰਦ ਕਰ ਦਿੱਤੀਆਂ ਜਾਣਗੀਆਂ। ਗਲਬਾਤ ਕਰਦਿਆਂ ਯੂਨੀਅਨ ਦੇ ਆਗੂ ਧਰਮਵੀਰ ਸਿੰਘ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਆਰਥਿਕ ਤੰਗੀ ਦੀ ਮਾਰ ਝੱਲ ਰਿਹਾ ਇਹ ਕਾਰੋਬਾਰ ਸੜਕ ਦੀ ਮੰਦੀ ਹਾਲਤ ਨੇ ਓਪਰੇਟਰਾਂ ਨੂੰ ਤਬਾਹੀ ਦੇ ਕੰਡੇ ਤੇ ਲਿਆ ਖੜਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬੱਸ ਚਾਲਕਾਂ ਦੀ ਮਜ਼ਬੂਰੀ ਹੁੰਦੀ ਹੈ ਕਿ ਉਨ੍ਹਾਂ ਨੇ ਮਿਥੇ ਸਮੇਂ ਵਿਚ ਬੱਸ ਨੂੰ ਆਪਣੀ ਮੰਜਿਲ ’ਤੇ ਪਹੁੰਚਾਉਣਾ ਹੁੰਦਾ ਹੈ, ਭਾਵੇਂ ਸੜਕ ਦੀ ਹਾਲਤ ਕਿਹੋ ਜਿਹੀ ਵੀ ਹੋਵੇ ਅਤੇ ਮਾੜੀ ਸੜਕ ਉਪਰ ਡਰਾਈਵਿੰਗ ਜਿਥੇ ਹਾਦਸਿਆਂ ਨੂੰ ਸੱਦਾ ਦਿੰਦੀ ਹੈ, ਉੇਥੇ ਬੱਸਾਂ ਦੇ ਰੱਖ ਰਖਾਅ ਦੇ ਖਰਚੇ ਵਿਚ ਵੀ ਭਾਰੀ ਵਾਧਾ ਹੁੰਦਾ ਹੈ। ਉਨਾਂ ਕਿਹਾ ਕਿ ਸੜਕ ਦੀ ਮੰਦੀ ਹਾਲਤ ਕਾਰਨ ਨਵੀਆਂ ਬੱਸਾਂ ਦੀ ਹਾਲਤ ਕੁਝ ਹੀ ਸਮੇਂ ਵਿਚ ਬਹੁਤ ਖਸਤਾ ਹੋ ਚੁੱਕੀ ਹੈ ਅਤੇ ਉਨ੍ਹਾਂ ਦੇ ਸ਼ੀਸ਼ੇ ਆਦਿ ਤੱਕ ਵੀ ਟੱਟ ਚੱਕੇ ਹਨ। ਉਨ੍ਹਾਂ ਕਿਹਾ ਸੜਕ ਦੀ ਮੰਦੀ ਹਾਲਤ ਕਾਰਨ ਹੀ ਬਰਨਾਲਾ ਤੋਂ ਫਰੀਦਕੋਟ ਆਦਿ ਜਾਣ ਵਾਲੀ ਸਵਾਰੀ ਨੇ ਵਾਇਆ ਭਗਤਾ ਜਾਣ ਦੀ ਬਜਾਏ ਵਾਇਆ ਬਠਿੰਡਾ ਜਾਣ ਨੂੰ ਤਰਜੀਹ ਦੇਣਾ ਸ਼ੁਰੂ ਕਰ ਦਿੱਤਾ ਹੈ। ਉਨਾਂ ਕਿਹਾ ਕਿ ਇਸ ਨਾਲ ਬੱਸਾਂ ਦੀ ਬੁਕਿੰਗ ਵੀ ਭਾਰੀ ਗਿਰਾਵਟ ਆਈ ਹੈ।

Send this to a friend