ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਦੂਜੀ ਪਾਰੀ ਦੌਰਾਨ ਨਵੇਂ ਰਾਜਸੀ ਸਲੀਕੇ ਨਾਲ ਵਿਚਰ ਰਹੇ ਹਨ। ਉਨ੍ਹਾਂ ਦਾ ਇਹ ਰਾਜਸੀ ਸਲੀਕਾ ਬੇਹਦ ਅਸਰਦਾਰ ਸਾਬਤ ਹੋ ਰਿਹਾ ਹੈ। ਮੁੱਖ ਮੰਤਰੀ ਦੀ ਸਰਕਾਰ ਉਪਰ ਬਹੁਤ ਮਜ਼ਬੂਤ ਪਕੜ ਹੈ। ਉਹ ਪੰਜਾਬ ਦੇ ਹਰ ਬਸ਼ਿੰਦੇ ਲਈ ਜਵਾਬਦੇਹੀ ਨਾਲ ਕੰਮ ਕਰਦੇ ਦਿਸ ਰਹੇ ਹਨ। ਛੋਟੇ-ਛੋਟੇ ਮਸਲਿਆਂ ਵਿੱਚ ਵੀ ਮੁੱਖ ਮੰਤਰੀ ਦਾ ਤੁਰੰਤ ਪ੍ਰਤੀਕਰਮ ਸਾਹਮਣੇ ਆਉਂਦਾ ਹੈ। ਉਹ ਨਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਾਂਗ ਮਸਲਿਆਂ ਪ੍ਰਤੀ ਚੁੱਪੀ ਵੱਟਦੇ ਹਨ, ਨਾ ਹੀ ਉਨ੍ਹਾਂ ਨੇ ਕਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਾਂਗ ਇਹ ਆਖਿਆ ਹੈ ਕਿ ਉਨ੍ਹਾਂ ਨੂੰ ਇਸ ਮਸਲੇ ਦਾ ਪਤਾ ਨਹੀਂ। ਕਹਿਣ ਦਾ ਭਾਵ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਹੁਤ ਹੀ ਜ਼ਿੰਮੇਵਾਰੀ ਅਤੇ ਦਿਆਨਤਦਾਰੀ ਨਾਲ ਆਪਣੇ ਫਰਜ਼ ਨਿਭਾਅ ਰਹੇ ਹਨ। ਉਨ੍ਹਾਂ ਦੇ ਇਸ ਨਵੇਂ ਰਾਜਸੀ ਸਲੀਕੇ ਨਾਲ ਪੰਜਾਬ ਹੌਲੀ-ਹੌਲੀ ਬਦਲ ਰਿਹਾ ਹੈ। ਹੁਣ ਪੰਜਾਬ ਦੇ ਪਿੰਡਾਂ ਅਤੇ ਅਰਧ ਸ਼ਹਿਰੀ ਖੇਤਰਾਂ ਵਿੱਚ ਚਿੱਟੇ ਅਤੇ ਹੋਰ ਮਾਰੂ ਨਸ਼ਿਆਂ ਦੀਆਂ ਦੁਕਾਨਾਂ ਨਹੀਂ ਸਜਦੀਆਂ। ਹੁਣ ਰੇਤੇ-ਬਜਰੀ ਦੀ ਖਰੀਦੋ-ਫਰੋਖ਼ਤ ਸੂਬਾ ਸਕੱਤਰੇਤ ਵਿੱਚੋਂ ਨਹੀਂ ਹੁੰਦੀ। ਹੁਣ ਹਰ ਮੰਤਰੀ ਅਤੇ ਅਫ਼ਸਰ ਮੁੱਖ ਮੰਤਰੀ ਦੇ ਅਨੁਸਾਸ਼ਨ ਵਿੱਚ ਬੱਝਾ ਹੋਇਆ ਹੈ। ਸਰਕਾਰ ਹਰ ਥਾਂ ਪ੍ਰਭਾਵੀ ਦਿਸ ਰਹੀ ਹੈ। ਕਿਧਰੇ ਵੀ ਲਾ-ਕਾਨੂੰਨੀ ਦਾ ਮਾਹੌਲ ਨਹੀਂ ਹੈ। ਹੁਣ ਪੰਜਾਬ ਦੀ ਪੁਲਿਸ ਹਲਕਾ ਇੰਚਾਰਜਾਂ ਦੇ ਪੈਰਾਂ ’ਚ ਬੈਠ ਕੇ ਲੋਕਾਂ ’ਤੇ ਕੇਸ ਨਹੀਂ ਬਣਾਉਂਦੀ। ਹੁਣ ਸਰਕਾਰੀ ਦੌਰਿਆਂ ਦੇ ਨਾਮ ’ਤੇ ਫਜ਼ੂਲ ਖਰਚੀ ਵੀ ਰੋਕ ਦਿੱਤੀ ਗਈ ਹੈ। ਹੁਣ ਮੁੱਖ ਮੰਤਰੀ ਜਾਂ ਉਨ੍ਹਾਂ ਨਜ਼ਦੀਕੀਆਂ ਦੀ ਮੁਨਾਫੇ ਵਾਲੇ ਕਾਰੋਬਾਰਾਂ ਵਿੱਚ ‘ਹਿੱਸੇ’ ਦੀ ਚਰਚਾ ਵੀ ਨਹੀਂ ਹੋ ਰਹੀ। ਇਹ ਵੀ ਤਸੱਲੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਅੱਧੇ ਤੋਂ ਵੱਧ ਵਿਭਾਗ ਆਪਣੇ ਕੋਲ ਨਹੀਂ ਰੱਖੇ ਹੋਏ। ਕੈਬਨਿਟ ਦੇ ਸਾਥੀ ਮੰਤਰੀ ਮੁੱਖ ਮੰਤਰੀ ਦੇ ਬਰਾਬਰ ਹੀ ਕੰਮ ਕਰਦੇ ਦਿਸ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਵਿੱਚ ਮੁੱਖ ਮੰਤਰੀ ਦੇ ਪਰਿਵਾਰ ਦਾ ਪੰਜਾਬ ’ਚ ਕੋਈ ‘ਬਰਾਬਰ ’ਤੇ ਕਾਰੋਬਾਰ’ ਨਹੀਂ ਚੱਲ ਰਿਹਾ। ਪੰਜਾਬ ਹੁਣ ਸੱਚਮੁੱਚ ਪਹਿਲਾਂ ਵਾਲਾ ਨਹੀਂ ਰਿਹਾ। ਫਰਵਰੀ 2017 ਤੋਂ ਬਾਅਦ ਪੰਜਾਬ ਬਦਲਦਾ ਜਾ ਰਿਹਾ ਹੈ। ਪੰਜਾਬ ਦੀ ਆਰਥਿਕ ਅਧੋਗਤੀ ਦਾ ਦੌਰ ਵੀ ਹੌਲੀ-ਹੌਲੀ ਸਮਾਪਤੀ ਵੱਲ ਵਧ ਰਿਹਾ ਪ੍ਰਤੀਤ ਹੁੰਦਾ ਹੈ। ਆਰਥਿਕ ਮੁਸ਼ਕਿਲਾਂ ਦੇ ਬਾਵਜੂਦ ਕਿਸਾਨਾਂ ਅਤੇ ਪੱਛੜੇ ਵਰਗਾਂ ਕਰਜ਼ਾ ਉਤਾਰਿਆ ਜਾ ਰਿਹਾ ਹੈ। ਭ੍ਰਿਸ਼ਟਾਚਾਰ ਖਿਲਾਫ਼ ਇਕ ਸਰਗਰਮ ਮੁਹਿੰਮ ਚੱਲ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਇਸ ਗੱਲ ਲਈ ਵੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਸੂਬੇ ਵਿੱਚ ਪਿਛਲੇ ਇਕ ਸਾਲ ਦੌਰਾਨ ‘ਗੜਬੜ’ ਕਰਵਾਉਣ ਦਾ ਕੋਈ ਵੀ ਯਤਨ ਸਫਲ ਨਹੀਂ ਹੋਇਆ। ਪਹਿਲਾਂ ਡੇਰਾ ਸਿਰਸਾ ਵਿਵਾਦ ਦੌਰਾਨ ਪੰਜਾਬ ਨੂੰ ਅੱਗ ਵਿੱਚ ਸੜਨ ਤੋਂ ਰੋਕਿਆ ਗਿਆ। ਫਿਰ ਦਹਿਸ਼ਤਗਰਦੀ ਦੀਆਂ ਘਟਨਾਵਾਂ ਦੇ ਬਾਵਜੂਦ ਫਿਰਕੂ ਹਿੰਸਾ ਨਹੀਂ ਹੋਣ ਦਿੱਤੀ ਗਈ। ਪੰਜਾਬ ਬੰਦ ਦੌਰਾਨ ਵੀ ਸ਼ਾਂਤੀ ਕਾਇਮ ਰੱਖਣਾ ਮੁੱਖ ਮੰਤਰੀ ਦੀ ਵੱਡੀ ਪ੍ਰਾਪਤੀ ਹੈ। ਫਗਵਾੜਾ ਵਿੱਚ ਹੋਏ ਹਿੰਸਕ ਟਕਰਾਅ ਤੋਂ ਬਾਅਦ ਵੀ ਸਥਿਤੀ ਨੂੰ ਮਜ਼ਬੂਤੀ ਨਾਲ ਕਾਬੂ ਵਿੱਚ ਰੱਖਣਾ ਕੋਈ ਘੱਟ ਅਹਿਮ ਨਹੀਂ ਹੈ। ਕਹਿਣ ਦਾ ਭਾਵ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਇਸ ਕਾਰਜਕਾਲ ਨੂੰ ਬਹੁਤ ਹੀ ਸਫਲਤਾ ਨਾਲ ਅੱਗੇ ਤੋਰ ਰਹੇ ਹਨ। ਉਨ੍ਹਾਂ ਦੀ ਨਵੀਂ ਕਾਰਜਸ਼ੈਲੀ ਕਾਫੀ ਪ੍ਰਭਾਵਸ਼ਾਲੀ ਅਤੇ ਅਸਰਦਾਰ ਹੈ। ਪਹਿਲੀ ਪਾਰੀ ਵਿੱਚੋਂ ਸਿੱਖੇ ਸਬਕਾਂ ਨੂੰ ਉਹ ਹਮੇਸ਼ਾ ਯਾਦ ਰੱਖਦੇ ਹਨ। ਇਹੋ ਕਾਰਨ ਹੈ ਕਿ ਪਿਛਲੇ ਇਕ ਸਾਲ ਵਿੱਚ ਉਨ੍ਹਾਂ ਨੇ ਵਿਰੋਧੀ ਧਿਰ ਨੂੰ ਸਿਆਸੀ ਸਰਗਰਮੀ ਲਈ ਕੋਈ ਮੁੱਦਾ ਤੱਕ ਨਹੀਂ ਦਿੱਤਾ। ਉਨ੍ਹਾਂ ਦੇ ਯਤਨਾਂ ਨਾਲ ਸੂਬੇ ਵਿੱਚ ਰੇਤੇ-ਬਜਰੀ ਦੇ ਕਾਲੇ ਕਾਰੋਬਾਰ ਨੂੰ ਵੀ ਕਿਸੇ ਹੱਦ ਤੱਕ ਨੱਥ ਪਈ ਹੈ। ਰੇਤੇ-ਬਜਰੀ ਤੋਂ ਸੂਬੇ ਦੀ ਆਮਦਨ ਵਧੀ ਹੈ। ਨਵੀਂ ਨੀਤੀ ਲਾਗੂ ਹੋਣ ਤੋਂ ਬਾਅਦ ਹੋਰ ਸੁਧਾਰ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਬੇਸ਼ਕ ਪੰਜਾਬ ਅੱਗੇ ਹਾਲੇ ਵੀ ਬਹੁਤ ਮੁਸ਼ਕਿਲਾਂ ਹਨ। ਪੰਜਾਬ ਦੇ ਲੋਕਾਂ ਦੀਆਂ ਸਰਕਾਰ ਅਤੇ ਮੁੱਖ ਮੰਤਰੀ ਤੋਂ ਹੋਰ ਵੱਡੀਆਂ ਉਮੀਦਾਂ ਲੱਗੀਆਂ ਹੋਈਆਂ ਹਨ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਬੇਹਤਰੀ ਲਈ ਹੋਰ ਵੱਡੇ ਯਤਨ ਕਰਨੇ ਹੋਣਗੇ।
17 ਅਪ੍ਰੈਲ 2018 – ਬਲਜੀਤ ਸਿੰਘ ਬਰਾੜ