ਪੰਜਾਬ ’ਚ ਖੂਨ-ਖਰਾਬੇ ਦੀ ਸਾਜਿਸ਼

ਪੰਜਾਬ ਦੇ ਫਗਵਾੜਾ ਸ਼ਹਿਰ ਵਿੱਚ ਜੋ ਕੁਝ ਵਾਪਰਿਆ ਉਹ ਮਹਿਜ਼ ਇਕ ਮੁਹੱਲੇ ਦਾ ਝਗੜਾ ਨਹੀਂ ਹੈ। ਇਸ ਘਟਨਾ ਪਿੱਛੇ ਇਕ ਵੱਡਾ ਡਿਜ਼ਾਇਨ ਕੰਮ ਕਰ ਰਿਹਾ ਹੈ। ਕੁਝ ਤਾਕਤਾਂ ਪੰਜਾਬ ਵਿੱਚ ਖੂਨ-ਖਰਾਬੇ ਦੀ ਸਾਜਿਸ਼ ਰਚ ਰਹੀਆਂ ਹਨ। ਇਸ ਲਈ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਆਨੇ-ਬਹਾਨੇ ਜਾਤ ਅਤੇ ਧਰਮ ਦੇ ਨਾਮ ਉਪਰ ਲੋਕਾਂ ਵਿੱਚ ਟਕਰਾਅ ਪੈਦਾ ਕਰਨ ਲਈ ਸਾਜਿਸ਼ੀ ਯਤਨ ਹੋ ਰਹੇ ਹਨ। ਦੇਸ਼ ਦੇ ਕੁੱਝ ਹੋਰਨਾਂ ਭਾਗਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨੂੰ ਸਿਰਫ ਲੋਕਾਂ ਦੀ ਨਾਸਮਝੀ ਨਾਲ ਜੋੜਨਾ ਸਹੀ ਨਹੀਂ ਹੋਵੇਗਾ। ਅਜਿਹੀਆਂ ਘਟਨਾਵਾਂ ਪਿੱਛੇ ਇਕ ਡੂੰਘੀ ਵਿਉਂਤਬੰਦੀ ਕੰਮ ਕਰ ਰਹੀ ਹੈ। ਮਕਸਦ ਇਹ ਹੈ ਕਿ ਲੋਕਾਂ ਨੂੰ ਜਾਤ ਅਤੇ ਧਰਮ ਦੇ ਆਧਾਰ ਉਪਰ ਵੰਡਿਆ ਜਾਵੇ। ਇਸ ਵੰਡ ਵਿੱਚੋਂ ਹੀ ਰਾਜਨੀਤੀ ਨਿਕਲਦੀ ਹੈ। ਲੋਕ ਸਭਾ ਦੀਆਂ ਆਮ ਚੋਣਾਂ ਹੋਣ ਵਾਲੀਆਂ ਹਨ। ਇਨ੍ਹਾਂ ਚੋਣਾਂ ਤੋਂ ਪਹਿਲਾਂ-ਪਹਿਲਾਂ ਲੋਕਾਂ ਨੂੰ ਲੜਾਉਣਾ ਅਤੇ ਵੰਡਣਾ ਬੇਹਦ ਜ਼ਰੂਰੀ ਹੈ। ਦਹਾਕਿਆਂ ਤੋਂ ਪੂਰੇ ਦੇਸ਼ ਵਿੱਚ ਇਹੋ ਤਾਂ ਚੱਲ ਰਿਹਾ ਹੈ। ਹਰ ਚੋਣ ਤੋਂ ਪਹਿਲਾਂ ਅਜਿਹੀਆਂ ਸ਼ਰਾਰਤਾਂ ਕੀਤੀਆਂ ਜਾਂਦੀਆਂ ਹਨ। ਇਸ ਨਾਲ ਸਿਆਸੀ ਲੜਾਈ ਸੌਖੀ ਹੋ ਜਾਂਦੀ ਹੈ। ਜੋ ਲੜਾਉਂਦੇ ਹਨ ਉਨ੍ਹਾਂ ਲਈ ਆਮ ਲੋਕਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ। ਨਫ਼ਰਤ ਦੇ ਬੀਜ ਬੀਜਣ ਵਾਲੇ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਹਨ ਅਤੇ ਫਿਰ ਲੋਕਾਂ ਦੇ ਟਕਰਾਅ ਦਾ ਤਮਾਸ਼ਾ ਦੇਖਦੇ ਹਨ। ਫਗਵਾੜਾ ਵਿੱਚ ਇਸ ਖੇਡ ਨੂੰ ਖੇਡਿਆ ਜਾ ਰਿਹਾ ਹੈ। ਤਾਂ ਜੋ ਇਹ ਤਜ਼ਰਬਾ ਪੂਰੇ ਪੰਜਾਬ ਵਿੱਚ ਦੁਹਰਾਇਆ ਜਾਵੇ। ਲੋਕ ਭੋਲੇ-ਭਾਲੇ ਹਨ। ਉਹ ਸ਼ਰਾਰਤੀ ਅਨਸਰਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ ਅਤੇ ਆਪਣੇ ਹੀ ਭਰਾਵਾਂ ਦਾ ਸਿਰ ਵੱਢਣ ਲਈ ਤਿਆਰ ਹੋ ਜਾਂਦੇ ਹਨ। ਇਸ ਸਾਜਿਸ਼ ਪ੍ਰਤੀ ਸਾਰੇ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਤਾਕਤਾਂ ਦੀ ਸ਼ਨਾਖਤ ਕੀਤੀ ਜਾਣੀ ਚਾਹੀਦੀ ਹੈ ਜਿਹੜੀਆਂ ਇਸ ਖੂਨ-ਖਰਾਬੇ ਦੀ ਸਾਜਿਸ਼ ਪਿੱਛੇ ਕੰਮ ਕਰ ਰਹੀਆਂ ਹਨ। ਇਹ ਚੰਗੀ ਗੱਲ ਹੈ ਕਿ ਪੰਜਾਬ ਸਰਕਾਰ ਇਸ ਮਸਲੇ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਭੂਮਿਕਾ ਨਿਭਾਅ ਰਹੀ ਹੈ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਹਾਲਾਤਾਂ ਨੂੰ ਕਾਬੂ ਕਰਨ ਲਈ ਤੇਜੀ ਨਾਲ ਕਾਰਵਾਈ ਕੀਤੀ ਗਈ। ਜੇਕਰ ਅਜਿਹਾ ਨਾ ਹੁੰਦਾ ਤਾਂ ਫਗਵਾੜਾ ਦੀ ਅੱਗ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਫੈਲ ਸਕਦੀ ਸੀ। ਪੁਲਿਸ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਸਾਰੇ ਸ਼ਰਾਰਤੀ ਅਨਸਰਾਂ ਖਿਲਾਫ ਸਖ਼ਤ ਕਾਰਵਾਈ ਕਰੇ ਜੋ ਪੰਜਾਬ ’ਚ ਖੂਨ-ਖਰਾਬਾ ਕਰਵਾਉਣ ਦੀ ਤਾਕ ਵਿੱਚ ਹਨ। ਸਮੂਹ ਪੰਜਾਬੀਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਇਸ ਤਰ੍ਹਾਂ ਦੇ ਫਿਰਕੂ ਅਤੇ ਜਾਤੀ ਵੰਡ ’ਤੇ ਅਧਾਰਤ ਟਕਰਾਅ ਤੋਂ ਗੁਰੇਜ਼ ਕਰਨ। ਉਨ੍ਹਾਂ ਨੂੰ ਆਪਣੀ ਇਕਮੁੱਠਤਾ ਕਾਇਮ ਕਰਕੇ ਪੰਜਾਬ ਦੇ ਬੁਨਿਆਦੀ ਮੁੱਦਿਆਂ ’ਤੇ ਆਵਾਜ਼ ਉਠਾਉਣੀ ਚਾਹੀਦੀ ਹੈ। 2019 ’ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਪੰਜਾਬ ਲਈ ਬਹੁਤ ਅਹਿਮ ਹਨ। ਇਸ ਲਈ ਉਹ ਕਿਸੇ ਵੀ ਝਾਂਸੇ ਵਿੱਚ ਨਾ ਆਉਣ।
16 ਅਪ੍ਰੈਲ 2018 – ਬਲਜੀਤ ਸਿੰਘ ਬਰਾੜ

Send this to a friend