ਕਾਂਗਰਸ ਥੋੜ੍ਹਾ ਹੋਰ ਅੱਗੇ ਵਧੇ

ਕਾਂਗਰਸ ਵੱਲੋਂ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਖਿਲਾਫ਼ ਸੋਮਵਾਰ ਨੂੰ ਰਾਜਘਾਟ ਵਿਖੇ ਰੱਖੇ ਗਏ ਸਦਭਾਵਨਾ ਵਰਤ ਦੌਰਾਨ ਨਵੰਬਰ 1984 ਦੇ ਸਿੱਖ ਕਤਲੇਆਮ ਸਬੰਧੀ ਮੁੱਕਦਮਿਆਂ ਵਿਚ ਨਾਮਜ਼ਦ ਪਾਰਟੀ ਆਗੂਆਂ ਸਜਣ ਕੁਮਾਰ ਤੇ ਜਗਦੀਸ਼ ਟਾਇਟਲਰ ਦੇ ਸ਼ਾਮਲ ਹੋਣ ਮਗਰੋਂ ਬਣ ਰਹੇ ਮੁੱਦੇ ਨੂੰ ਰੋਕਣ ਲਈ ਇਨ੍ਹਾਂ ਦੋਵਾਂ ਆਗੂਆਂ ਨੂੰ ਪਾਰਟੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਦੇ ਪੁੱਜਣ ਤੋਂ ਪਹਿਲਾਂ ਹੀ ਮੰਚ ਤੋਂ ਉਤਰਨ ਲਈ ਆਖ ਦਿੱਤਾ ਗਿਆ। ਇਸ ਮਗਰੋਂ ਸੱਜਣ ਕੁਮਾਰ ਉਥੋਂ ਚੱਲੇ ਗਏ ਜਦੋਂ ਕਿ ਜਗਦੀਸ਼ ਟਾਈਟਲਰ ਆਪਣੇ ਸਾਥੀਆਂ ਨਾਲ ਮੰਚ ਤੋਂ ਹੇਠਾਂ ਪਾਰਟੀ ਵਰਕਰਾਂ ਵਿੱਚ ਬੈਠ ਗਏ। ਬੇਸ਼ਕ ਕਾਂਗਰਸ ਵੱਲੋਂ ਇਹ ਕਾਰਵਾਈ ਮੀਡੀਆ ਵਿੱਚ ਹੋ ਰਹੀ ਚਰਚਾ ਤੋਂ ਬਚਣ ਲਈ ਕੀਤੀ ਗਈ ਫਿਰ ਵੀ ਇਸ ਦੇ ਵੱਡੇ ਅਰਥ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਕਿਤੇ ਨਾ ਕਿਤੇ ਨਵੰਬਰ 1984 ਦੇ ਦਾਗ਼ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਕਾਰਨ ਹੀ ਪਾਰਟੀ ਦੇ ਦੋ ਦਾਗ਼ੀ ਨੇਤਾਵਾਂ ਸੱਜਣ ਕੁਮਾਰ ਅਤੇ ਜਗਦੀਸ਼ ਟਾਇਟਲਰ ਨੂੰ ਪ੍ਰੋਗਰਾਮ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਂਝ ਇਸ ਗੱਲ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਕਿ ਕਾਂਗਰਸ ਨੇ ਆਪਣੀ ਇਤਿਹਾਸਕ ਗਲਤੀ ਦਾ ਅਹਿਸਾਸ ਕਰਨਾ ਸ਼ੁਰੂ ਕਰ ਦਿੱਤਾ ਹੈ। ਉਸ ਨੂੰ ਪਤਾ ਹੈ ਕਿ ਨਵੇਂ ਹਾਲਾਤਾਂ ਵਿੱਚ ਨਵੰਬਰ 84 ਦਾ ਮੁੱਦਾ ਖੁੱਦ ਕਾਂਗਰਸ ਪਾਰਟੀ ਲਈ ਘਾਤਕ ਸਾਬਿਤ ਹੋ ਸਕਦਾ ਹੈ। ਇਸ ਕਾਰਨ ਹੀ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਇਸ ਵਿਵਾਦ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਦੇ ਨਵੇਂ ਕੌਮੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਲਈ ਸਿਆਸੀ ਰਸਤਾ ਸਾਫ ਕਰਨ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਕਾਂਗਰਸ ਦੇ ਉਨ੍ਹਾਂ ਨੇਤਾਵਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ, ਜਿਹੜੇ ਨਵੰਬਰ 84 ਦੇ ਸਿੱਖ ਵਿਰੋਧੀ ਕਤਲੇਆਮ ਨਾਲ ਸਬੰਧਤ ਸਨ। ਅਜਿਹੇ ਦਾਗ਼ੀ ਨੇਤਾਵਾਂ ਨੂੰ ਸਿਰਫ ਸਟੇਜ ਤੋਂ ਲਾਂਭੇ ਰੱਖਣ ਨਾਲ ਗੱਲ ਨਹੀਂ ਬਣ ਸਕਦੀ। ਜੇਕਰ ਕਾਂਗਰਸ ਨਵੰਬਰ 1984 ਦੇ ਕਤਲੇਆਮ ਤੋਂ ਖ਼ੁਦ ਨੂੰ ਅਲੱਗ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਉਨ੍ਹਾਂ ਨੇਤਾਵਾਂ ਖਿਲਾਫ ਕਾਰਵਾਈ ਕਰਨੀ ਹੋਵੇਗੀ, ਜਿਹੜੇ ਕਿਸੇ ਨਾ ਕਿਸੇ ਤਰੀਕੇ ਇਸ ਕਤਲੇਆਮ ਵਿੱਚ ਸ਼ਾਮਿਲ ਸਨ। ਸੱਜਣ ਕੁਮਾਰ ਅਤੇ ਜਗਦੀਸ਼ ਟਾਇਟਲਰ ਖਿਲਾਫ਼ ਅਦਾਲਤ ਵਿੱਚ ਇਸ ਸਬੰਧੀ ਬਕਾਇਦਾ ਕੇਸ ਚੱਲ ਰਹੇ ਹਨ। ਟਾਇਟਲਰ ਖਿਲਾਫ਼ ਤਾਂ ਨਵੇਂ ਵੀਡੀਓ ਸਬੂਤ ਵੀ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਹਾਲਾਤਾਂ ਵਿੱਚ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਕਾਂਗਰਸ ਨਾਲ ਜੋੜੀ ਰੱਖਣ ਦਾ ਕੋਈ ਅਰਥ ਨਹੀਂ ਹੈ। ਕਾਂਗਰਸ ਨੂੰ ਇਸ ਸਬੰਧ ਵਿੱਚ ਥੋੜ੍ਹਾ ਅੱਗੇ ਵਧਣਾ ਚਾਹੀਦਾ ਹੈ। ਇਨ੍ਹਾਂ ਨੇਤਾਵਾਂ ਨੂੰ ਸਿਰਫ਼ ਇਕ ਪ੍ਰੋਗਰਾਮ ਦੀ ਸਟੇਜ ਤੋਂ ਲਾਂਭੇ ਕਰਨ ਨਾਲ ਕਾਂਗਰਸ ਦਾ ਦਾਮਨ ਸਾਫ਼ ਨਹੀਂ ਹੋ ਜਾਂਦਾ। ਲਾਜ਼ਮੀ ਤੌਰ ’ਤੇ ਅਜਿਹੇ ਸਾਰੇ ਨੇਤਾਵਾਂ ਨੂੰ ਕਾਂਗਰਸ ਵਿੱਚੋਂ ਕੱਢਣਾ ਜ਼ਰੂਰੀ ਹੈ ਜਿਨ੍ਹਾਂ ’ਤੇ ਨਿਰਦੋਸ਼ ਸਿੱਖਾਂ ਦੇ ਖੂਨ ਦੇ ਛਿੱਟੇ ਪਏ ਹੋਏ ਹਨ। ਕਾਂਗਰਸ ਦੇ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਇਸ ਸਬੰਧ ਵਿੱਚ ਕਾਰਵਾਈ ਲਈ ਪੂਰੀ ਤਰ੍ਹਾਂ ਸਮਰੱਥ ਹਨ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਇਸ ਨਾਲ ਉਨ੍ਹਾਂ ਨੂੰ ਦੇਸ਼ ਭਰ ਵਿੱਚੋਂ ਸਿੱਖਾਂ ਅਤੇ ਸਾਰੀਆਂ ਘੱਟ ਗਿਣਤੀਆਂ ਦਾ ਵੱਡਾ ਸਮਰਥਨ ਮਿਲੇਗਾ।
11 ਅਪ੍ਰੈਲ 2018 – ਬਲਜੀਤ ਸਿੰਘ ਬਰਾੜ

Send this to a friend