ਅਪਾਹਜ ਦਰਜ਼ੀ ਦੀ ਦੁਕਾਨ ਤੋਂ ਚੋਰਾਂ ਨੇ ਕੀਮਤੀ ਸਮਾਨ ਕੀਤਾ ਚੋਰੀ

ਕਾਹਨੂੰਵਾਨ, 7 ਅਪ੍ਰੈਲ (ਡਾ. ਜਸਪਾਲ ਸਿੰਘ ਭਿੱਟੇਵੱਡ)- ਪੁਲਿਸ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਨਾਨੋਵਾਲ ਖ਼ੁਰਦ ਚ ਦਰਜ਼ੀ ਦਾ ਕੰਮ ਕਰਦੇ ਅਪਾਹਜ ਨੌਜਵਾਨ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਪੀੜਤ ਨੌਜਵਾਨ ਕਰਨ ਕੁਮਾਰ ਪੁਤਰ ਰਮੇਸ਼ ਚੰਦ ਵਾਸੀ ਗੋਰਸੀਆਂ ਨੇ ਦਸਿਆ ਕਿ ਉਹ ਨੇੜਲੇ ਪਿੰਡ ਨਾਨੋਵਾਲ ਖ਼ੁਰਦ ਵਿਖੇ ਪਿਛਲੇ ਕਈ ਸਾਲਾਂ ਤੋਂ ਦਰਜ਼ੀ ਦੀ ਦੁਕਾਨ ਚਲਾ ਰਿਹਾ ਹੈ। ਬੀਤੀ ਰਾਤ ਕਿਸੇ ਚੋਰ ਗਿਰੋਹ ਵਲੋਂ ਉਸ ਦੀ ਦੁਕਾਨ ਤੋੜ ਕੇ ਉਸ ਦੀ ਦੁਕਾਨ ਉਤੇ ਸਿਊਣ ਲਈ ਆਏ ਕੀਮਤੀ ਕਪੜੇ ਅਤੇ ਸਿਲਾਈ ਮਸ਼ੀਨ ਚੋਰੀ ਕਰ ਲਈ ਹੈ। ਇਸ ਤੋਂ ਇਲਾਵਾ ਉਸ ਦਾ ਹੋਰ ਵੀ ਕੀਮਤੀ ਸਮਾਨ ਚੋਰੀ ਹੋ ਚੁਕਾ ਹੈ।
ਅਪਾਹਜ ਨੌਜਵਾਨ ਨੇ ਦੁਖੀ ਹਿਰਦੇ ਨਾਲ ਦਸਿਆ ਕਿ ਉਸ ਦੀ ਰੋਜ਼ੀ ਰੋਟੀ ਦਾ ਸਹਾਰਾ ਉਸ ਦੀ ਦੁਕਾਨ ਅਤੇ ਸਲਾਈ ਮਸ਼ੀਨ ਹੀ ਸੀ। ਉਹ ਪਹਿਲਾਂ ਹੀ ਗ਼ਰੀਬੀ ਦੀ ਹਾਲਤ ਵਿਚ ਦਿਨ ਕਟੀ ਕਰ ਰਿਹਾ ਸੀ, ਪਰ ਹੁਣ ਉਸ ਲਈ ਵਡੀ ਪਰੇਸ਼ਾਨੀ ਖੜੀ ਹੋ ਗਈ ਹੈ। ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਮੰਗ ਕੀਤੀ ਹੈ ਕਿ ਉਸ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਸਹੀ ਡੰਗ ਨਾਲ ਕਰ ਸਕੇ। ਕਰਨ ਕੁਮਾਰ ਵਲੋਂ ਚੋਰੀ ਸਬੰਧੀ ਥਾਣਾ ਭੈਣੀ ਮੀਆਂ ਖਾਂ ਵਿਚ ਲਿਖਤੀ ਤੌਰ ਤੇ ਰਪਟ ਦੇ ਦਿਤੀ ਹੈ।

Send this to a friend