ਚੰਡੀਗੜ੍ਹ, 5 ਅਪ੍ਰੈਲ (ਹ.ਸ. ਨਾਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਜ ਵਿਚ ਸਥਾਨਕ ਸਰਕਾਰਾਂ ਵਿਚ ਵਿਕਾਸ ਕੰਮਾਂ ਦੇ ਅਨੁਮਾਨਾਂ ਨੂੰ ਪ੍ਰਸ਼ਾਸਨਿਕ ਪ੍ਰਵਾਨਗੀ ਦੇਣ ਦੀ ਮਾਲੀ ਸੀਮਾ ਨੂੰ ਵੱਧਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਨਗਰ ਨਿਗਮਾਂ ਵਿਚ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਦੀ ਮਹੀਨਾਵਾਰ ਘੱਟੋਂ ਘੱਟ ਮਜਦੂਰੀ ਨੂੰ 8100 ਰੁਪਏ ਤੋਂ ਵੱਧਾ ਕੇ 11500 ਰੁਪਏ ਜਾਂ ਡੀ.ਸੀ.ਰੇਟ, ਜੋ ਵੀ ਵੱਧ ਹੋਵੇ, ਕਰਨ ਦਾ ਐਲਾਨ ਕੀਤਾ। ਸ੍ਰੀ ਮਨੋਹਰ ਲਾਲ ਅੱਜ ਇੱਥੇ ਸਥਾਨਕ ਸਰਕਾਰ ਵਿਭਾਗ ਦੀ ਕਾਰਜਪ੍ਰਣਾਲੀ ਦੀ ਸਮੀਖਿਆ ਕਰਨ ਲਈ ਆਯੋਜਿਤ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਖਜਾਨਾ ਮੰਤਰੀ ਕੈਪਟਨ ਅਭਿਮਨਿਊ ਅਤੇ ਸਥਾਨਕ ਸਰਕਾਰ ਮੰਤਰੀ ਸ੍ਰੀਮਤੀ ਕਵਿਤਾ ਜੈਨ ਵੀ ਮੀਟਿੰਗ ਵਿਚ ਹਾਜ਼ਿਰ ਸੀ। ਹੁਣ, ਨਗਰ ਨਿਗਮ ਦੇ ਮਾਮਲੇ ਵਿਚ ਕਮਿਸ਼ਨਰ, ਨਗਰ ਨਿਗਮ ਨੂੰ 50 ਲੱਖ ਰੁਪਏ ਦੀ ਥਾਂ ਇਕ ਕਰੋੜ ਰੁਪਏ ਤਕ ਦੇ ਅਨੁਮਾਨਾਂ ਲਈ ਪ੍ਰਸ਼ਾਸਨਿਕ ਪ੍ਰਵਾਨਗੀ ਪ੍ਰਦਾਨ ਕਰਨ ਦਾ ਅਧਿਕਾਰ ਹੋਵੇਗਾ।