ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਇਕ ਪਿੰਡ-ਇਕ ਗੁਰਦੁਆਰਾ’ ਦੀ ਬਹੁਤ ਹੀ ਮਹੱਤਵਪੂਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਵੱਲੋਂ ਕਈ ਖੇਤਰਾਂ ਵਿੱਚ ਨਵੀਆਂ ਪਹਿਲਕਦਮੀਆਂ ਲਈਆਂ ਗਈਆਂ ਹਨ। ਉਹ ਸ਼੍ਰੋਮਣੀ ਕਮੇਟੀ ਦੀਆਂ ਸਰਗਰਮੀਆਂ ਨੂੰ ਨਵੇਂ ਸਿਰੇ ਤੋਂ ਵਿਉਂਤ ਰਹੇ ਹਨ। ਧਰਮ ਪ੍ਰਚਾਰ ਲਈ ਉਨ੍ਹਾਂ ਨੇ ਇਕ ਵਿਸ਼ਾਲ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਨੂੰ ਸੰਗਤ ਨੇ ਬੇਮਿਸਾਲ ਹੁੰਗਾਰਾ ਭਰਿਆ ਹੈ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਨੂੰ ਲੀਹ ਉਤੇ ਲਿਆਉਣ ਲਈ ਉਹ ਕਾਫੀ ਸਰਗਰਮੀ ਨਾਲ ਕੰਮ ਕਰ ਰਹੇ ਹਨ। ਪਿਛਲੇ ਸਮੇਂ ਵਿੱਚ ਸਿੱਖ ਸਮਾਜ ਨੂੰ ਕਈ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਅਜਿਹੇ ਹਾਲਾਤਾਂ ਵਿੱਚ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਕਾਫੀ ਵਧੀ ਹੋਈ ਹੈ। ਭਾਈ ਲੌਂਗੋਵਾਲ ਬਹੁਤ ਹੀ ਵਿਉਂਤਬੰਦੀ ਅਤੇ ਕਾਰਜਸ਼ੀਲਤਾ ਨਾਲ ਆਪਣੇ ਫਰਜ਼ ਨਿਭਾਅ ਰਹੇ ਹਨ। ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਦੇ ਮੁਕਾਬਲੇ ਲਈ ਉਨ੍ਹਾਂ ਵੱਲੋਂ ਕਾਰਗਰ ਨੀਤੀ ਅਪਨਾਈ ਜਾ ਰਹੀ ਹੈ। ਇਸ ਤਹਿਤ ਹੀ ਉਨ੍ਹਾਂ ਵੱਲੋਂ ਪਿੰਡਾਂ ਵਿੱਚ ਗੁਰਦੁਆਰਿਆਂ ਦੇ ਏਕੀਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਲਈ ਸ਼੍ਰੋਮਣੀ ਕਮੇਟੀ ਵੱਲੋਂ ‘ਇਕ ਪਿੰਡ-ਇਕ ਗੁਰਦੁਆਰਾ’ ਦਾ ਨਾਅਰਾ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪਿੰਡਾਂ ਵਿੱਚੋਂ ਹਰ ਤਰ੍ਹਾਂ ਦੀ ਧੜੇਬੰਦੀ ਖਤਮ ਕਰਕੇ ਗੁਰਦੁਆਰਿਆਂ ਦੇ ਏਕੀਕਰਨ ਵੱਲ ਤਵਜੋਂ ਦਿੱਤੀ ਜਾ ਰਹੀ ਹੈ। ਧੜੇਬੰਦੀਆਂ ਅਤੇ ਜਾਤ-ਬਿਰਾਦਰੀ ਕਾਰਨ ਇਕ ਪਿੰਡ ਵਿੱਚ ਕਈ-ਕਈ ਗੁਰਦੁਆਰੇ ਬਣੇ ਹੋਏ ਹਨ। ਸੰਗਤਾਂ ਦੇ ਵੰਡੇ ਜਾਣ ਕਾਰਨ ਇਨ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਵੀ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ। ਇਕ ਪਿੰਡਾਂ ਵਿੱਚ ਇਕ ਤੋਂ ਵਧੇਰੇ ਗੁਰਦੁਆਰੇ ਝਗੜੇ ਅਤੇ ਧੜੇਬੰਦੀ ਦਾ ਕਾਰਨ ਵੀ ਬਣ ਰਹੇ ਹਨ। ਇਸ ਨਾਲ ਧਰਮ ਦੀ ਵੀ ਹਾਨੀ ਹੋ ਰਹੀ ਹੈ। ਧਰਮ ਪ੍ਰਚਾਰ ਦੇ ਕਾਰਜ ਵੀ ਪ੍ਰਭਾਵਿਤ ਹੋ ਰਹੇ ਹਨ। ਭਾਈਚਾਰਕ ਸਾਂਝ ਅਤੇ ਸਿੱਖ ਪੰਥ ਦੀ ਏਕਤਾ ਨੂੰ ਬਣਾਈ ਰੱਖਣ ਲਈ, ਇਹ ਮੁਹਿੰਮ ਵੱਡਾ ਮਹੱਤਵ ਰੱਖਦੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇਸ ਫੈਸਲੇ ਲਈ ਵਧਾਈ ਦੇ ਪਾਤਰ ਹਨ। ਉਨ੍ਹਾਂ ਦੀ ਇਸ ਮੁਹਿੰਮ ਦੇ ਸ਼ੁਰੂਆਤੀ ਤੌਰ ’ਤੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਬੀਤੇ ਕੱਲ੍ਹ ਫਰੀਦਕੋਟ ਨੇੜੇ ਪੈਂਦੇ ਪਿੰਡ ਧੂੜਕੋਟ ਵਿਖੇ ਦੋ ਗੁਰਦੁਆਰਿਆਂ ਨੂੰ ਇਕ ਕਰ ਦਿੱਤਾ ਗਿਆ। ਇਸੇ ਤਰ੍ਹਾਂ ਕੁੱਝ ਹੋਰ ਪਿੰਡਾਂ ਵਿੱਚ ਵੀ ਅਜਿਹੇ ਫੈਸਲੇ ਲਏ ਗਏ ਹਨ। ਇਸ ਨਾਲ ਗੁਰਦੁਆਰਾ ਪ੍ਰਬੰਧ ਹੋਰ ਮਜ਼ਬੂਤ ਹੋਣ ਦੇ ਆਸਾਰ ਬਣ ਗਏ ਹਨ। ਪਿੰਡਾਂ ਵਿੱਚ ਇਕ ਤੋਂ ਵੱਧ ਗੁਰਦੁਆਰਿਆਂ ਕਾਰਨ ਗੁਰੂ ਕੀ ਗੋਲਕ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਹੋ ਰਿਹਾ ਸੀ। ਇਕ ਪਿੰਡ ਵਿੱਚ ਇਕ ਗੁਰਦੁਆਰੇ ਨਾਲ ਇਸ ਪ੍ਰਬੰਧ ਨੂੰ ਹੋਰ ਬੇਹਤਰ ਬਣਾਇਆ ਜਾ ਸਕੇਗਾ। ਇਸ ਨਾਲ ਗੁਰੂ ਘਰ ਹੋਰ ਵਧੇਰੇ ਮਜ਼ਬੂਤ ਅਤੇ ਆਰਥਿਕ ਤੌਰ ’ਤੇ ਸਾਧਨ ਸੰਪਨ ਹੋਣਗੇ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਸ਼੍ਰੋਮਣੀ ਕਮੇਟੀ ਇਸ ਦਿਸ਼ਾ ਵਿੱਚ ਹੋਰ ਵੱਡੇ ਕਦਮ ਚੁੱਕੇਗੀ ਅਤੇ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖੇਗੀ। ਇਸ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਆਪਣੇ ਸਾਲਾਨਾ ਬਜਟ ਵਿੱਚ ਵੀ ਵਧੇਰੇ ਫੰਡ ਰੱਖਣੇ ਚਾਹੀਦੇ ਹਨ।
– ਬਲਜੀਤ ਸਿੰਘ ਬਰਾੜ