ਕੌਮੀ ਸਹਿਕਾਰਤਾ ਵਿਕਾਸ ਨਿਗਮ ਵੱਲੋਂ ਪੰਜਾਬ ਦੇ ਸਹਿਕਾਰੀ ਅਦਾਰਿਆਂ ਦੇ ਵਿਸਥਾਰ ਲਈ ਵਿੱਤੀ ਸਹਾਇਤਾ ਦਾ ਭਰੋਸਾ : ਰੈਡੀ

ਚੰਡੀਗੜ੍ਹ 21 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਨੈਸ਼ਨਲ ਕੋਆਪਰੇਟਿਵ ਡਿਵੈਲਪਮੈਂਟ ਕਾਰਪੋਰੇਸ਼ਨ (ਐਨ.ਸੀ.ਡੀ.ਸੀ.) ਨਵੀਂ ਦਿੱਲੀ ਵੱਲੋਂ ਵੱਖ-ਵੱਖ ਯੋਜਨਾਵਾਂ ਤਹਿਤ ਸ਼ੂਗਰਫੈਡ, ਮਾਰਕਫੈਡ ਅਤੇ ਮਿਲਕਫੈਡ ਵਰਗੇ ਪੰਜਾਬ ਦੇ ਸਹਿਕਾਰੀ ਅਦਾਰਿਆਂ ਵਿੱਚ ਆਧੁਨੀਕੀਕਰਨ ਅਤੇ ਵਿਸਥਾਰ ਪ੍ਰੋਜੈਕਟਾਂ ਲਈ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਜਿਸ ਲਈ ਸਬੰਧਤ ਵਿਭਾਗਾਂ ਨੂੰ ਤੁਰੰਤ ਕਾਰਵਾਈ ਅਰੰਭਣ ਲਈ ਕਿਹਾ ਗਿਆ ਹੈ। ਇਹ ਪ੍ਰਗਟਾਵਾ ਵਧੀਕ ਮੁੱਖ ਸਕੱਤਰ ਸਹਿਕਾਰਤਾ ਪੰਜਾਬ ਡੀ.ਪੀ. ਰੈਡੀ ਨੇ ਅੱਜ ਇੱਥੇ ਐਨ.ਸੀ.ਡੀ.ਸੀ. ਦੇ ਪ੍ਰਬੰਧ ਨਿਰਦੇਸ਼ਕ ਸੰਦੀਪ ਕੁਮਾਰ ਨਾਇਕ ਨਾਲ ਹੋਈ ਮੀਟਿੰਗ ਉਪਰੰਤ ਕੀਤਾ। ਇਸ ਮੀਟਿੰਗ ਵਿੱਚ ਪੰਜਾਬ ਦੇ ਵੱਖ-ਵੱਖ ਸਹਿਕਾਰੀ ਅਦਾਰਿਆਂ ਦੇ ਪ੍ਰਬੰਧ ਨਿਰਦੇਸ਼ਕਾਂ ਤੋਂ ਇਲਾਵਾ ਵਿਸੇਸ਼ ਸਕੱਤਰ ਸਹਿਕਾਰਤਾ ਗਗਨਦੀਪ ਸਿੰਘ ਬਰਾੜ, ਅਰਵਿੰਦਰ ਸਿੰਘ ਬੈਂਸ ਰਜਿਸਟਰਾਰ ਸਹਿਕਾਰੀ ਸਭਾਵਾਂ, ਪ੍ਰਬੰਧ ਨਿਰਦੇਸ਼ਕ ਸ਼ੂਗਰਫੈਡ ਅਰੁਣ ਸੇਖੜੀ ਵੀ ਹਾਜਰ ਸਨ। ਉਨਾਂ ਦੱਸਿਆ ਕਿ ਰਾਜ ਦੇ ਪ੍ਰਮੁੱਖ ਸਹਿਕਾਰੀ ਅਦਾਰਿਆਂ ਦੇ ਪ੍ਰਸਤਾਵਿਤ ਆਧੁਨੀਕੀਕਰਨ ਅਤੇ ਵਿਸਥਾਰ ਪ੍ਰੋਜੈਕਟਾਂ ਲਈ ਕੌਮੀ ਸਹਿਕਾਰੀ ਨਿਗਮ ਵੱਲੋਂ ਵਿੱਤੀ ਪ੍ਰਬੰਧ ਕਰਨ ਲਈ ਭਰੋਸਾ ਦਿੱਤਾ ਗਿਆ ਹੈ।

Send this to a friend