ਭਾਈ ਗੁਰਬਖ਼ਸ ਸਿੰਘ ਖ਼ਾਲਸਾ ਦੀ ਮੌਤ ਦੀ ਜਾਂਚ ਲਈ ਤੁਰੰਤ ਕਮਿਸ਼ਨ ਬਣੇ : ਮਾਨ

ਚੰਡੀਗੜ੍ਹ, 21 ਮਾਰਚ (ਪੰਜਾਬ ਟਾਇਮਜ਼ ਬਿਊਰੋ)-“ਜੋ ਬੀਤੇ ਦਿਨੀਂ ਭਾਈ ਗੁਰਬਖ਼ਸ ਸਿੰਘ ਖ਼ਾਲਸਾ ਨੇ ਠਸਕਾ (ਕੁਰੂਕਸੇਤਰ) ਵਿਖੇ ਇੰਡੀਆਂ ਦੀਆਂ ਵਖ-ਵਖ ਜੇਲ੍ਹਾਂ ਵਿਚ ਬੰਦੀ ਬਣਾਏ ਗਏ ਸਿਖਾਂ ਦੀ ਰਿਹਾਈ ਦੇ ਮਿਸ਼ਨ ਨੂੰ ਲੈਕੇ ਪਾਣੀ ਵਾਲੀ ਟੈਕੀ ਉਤੇ ਚੜ੍ਹਕੇ ਸ਼ਹਾਦਤ ਦਿਤੀ ਹੈ, ਉਨ੍ਹਾਂ ਵਲੋਂ ਕਿਹੜੇ ਹਾਲਾਤਾਂ ਵਿਚ ਇਹ ਕਦਮ ਉਠਾਇਆ ਗਿਆ ਅਤੇ ਉਸ ਪਿਛੇ ਕਿਹੜੇ ਅਫ਼ਸਰਾਨ ਜਾਂ ਪ੍ਰਸ਼ਾਸ਼ਨ ਜਿੰਮੇਵਾਰ ਹੈ, ਉਸਦੀ ਨਿਰਪਖਤਾ ਨਾਲ ਜਾਂਚ ਹੋਣ ਲਈ ਇਹ ਜ਼ਰੂਰੀ ਹੈ ਕਿ ਪੰਜਾਬ-ਹਰਿਆਣਾ ਹਾਈਕੋਰਟ ਦੇ ਸਤਿਕਾਰਯੋਗ ਚੀਫ਼ ਜਸਟਿਸ ਆਪਣੀ ਅਗਵਾਈ ਵਿਚ ਇਕ ਜਾਂਚ ਕਮਿਸ਼ਨ ਕਾਇਮ ਕਰਨ ਦਾ ਐਲਾਨ ਕਰਨ ਤਾਂ ਜੋ ਉਹ ਸੀਮਤ ਸਮੇਂ ਵਿਚ ਭਾਈ ਗੁਰਬਖ਼ਸ ਸਿੰਘ ਦੀ ਹੋਈ ਮੌਤ ਦੇ ਮੂਲ ਕਾਰਨਾਂ ਨੂੰ ਸਾਹਮਣੇ ਲਿਆਂਕੇ ਅਤੇ ਜਿੰਮੇਵਾਰ ਧਿਰਾਂ ਨੂੰ ਨੰਗਾਂ ਕਰਕੇ ਸਿਖ ਕੌਮ ਨੂੰ ਇਨਸਾਫ਼ ਦਿਵਾ ਸਕਣ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਗੁਰਬਖ਼ਸ ਸਿੰਘ ਖ਼ਾਲਸਾ ਦੀ ਬੀਤੇ ਦਿਨੀਂ ਹੋਈ ਸ਼ਹਾਦਤ ਦੇ ਕਾਰਨਾਂ ਦੀ ਅਤੇ ਜਿੰਮੇਵਾਰ ਧਿਰਾਂ ਦੀ ਜਾਂਚ ਕਰਨ ਹਿਤ ਪੰਜਾਬ-ਹਰਿਆਣਾ ਹਾਈਕੋਰਟ ਦੇ ਮੌਜੂਦਾ ਚੀਫ਼ ਜਸਟਿਸ ਨੂੰ ਗੰਭੀਰਤਾ ਭਰੀ ਅਪੀਲ ਕਰਦੇ ਹੋਏ ਅਤੇ ਸਚ ਨੂੰ ਸਾਹਮਣੇ ਲਿਆਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਆਂ ਦਾ ਸਮੁਚਾ ਸਿਸਟਮ ਅਤਿ ਗੰਧਲਾ ਅਤੇ ਸਿਆਸੀ ਸਵਾਰਥਾਂ ਤੋਂ ਪ੍ਰਭਾਵਿਤ ਹੋ ਕੇ ਮੁਲੀਨ ਹੋ ਚੁਕਾ ਹੈ । ਇਸ ਲਈ ਇਥੋਂ ਦੇ ਹੁਕਮਰਾਨਾਂ ਵਲੋਂ ਇਸ ਦਿਸ਼ਾ ਵਲ ਬਣਾਇਆ ਜਾਣ ਵਾਲਾ ਕੋਈ ਵੀ ਜਾਂਚ ਕਮਿਸ਼ਨ, ਸਿਖ ਕਤਲੇਆਮ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 95 ਵਾਰ ਹੋਏ ਅਪਮਾਨ ਅਤੇ ਬੀਤੇ ਸਮੇਂ ਵਿਚ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰੇ ਗਏ ਸਿਖ ਨੌਜ਼ਵਾਨਾਂ ਦੀ ਜਾਂਚ ਲਈ ਬਣਾਏ ਗਏ ਕਮਿਸ਼ਨਾਂ ਦੀ ਤਰ੍ਹਾਂ ਸਰਕਾਰ ਵਲੋਂ ਬਣਾਇਆ ਜਾਣ ਵਾਲਾ ਕੋਈ ਵੀ ਕਮਿਸ਼ਨ ਨਾ ਤਾਂ ਸਚਾਈ ਨੂੰ ਸਾਹਮਣੇ ਲਿਆ ਸਕੇਗਾ ਅਤੇ ਨਾ ਹੀ ਸਿਖ ਕੌਮ ਨੂੰ ਇਨਸਾਫ਼ ਮਿਲ ਸਕੇਗਾ।

Send this to a friend