ਲੱਚਰ ਗਾਇਕੀ ’ਤੇ ਪੰਜਾਬ ਪੁਲਿਸ ਦੀ ਕਾਰਵਾਈ ਕਾਫੀ ਪ੍ਰਭਾਵਸ਼ਾਲੀ

ਗੰਗੂਵਾਲ, 10 ਮਰਾਚ (ਅਮਰਾਨ ਖਾਨ)- ਪੰਜਾਬ ਦੇ ਡੀ.ਜੀ.ਪੀ ਸੁਰੇਸ਼ ਅਰੌੜਾ ਦੇ ਦਿਸ਼ਾ-ਨਿਰਦੇਸ਼ ਹੇਠ ਸਮੂਹ ਰਾਜ਼ ਦੇ ਐਸ.ਐਸ.ਪੀ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਆਪਣੇ-ਆਪਣੇ ਜ਼ਿਲਿਆਂ ’ਚ ਪੈਂਦੇ ਗਾਇਕਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਲਚਰ ਗਾਣੇ ਨਾ ਗਾਉਣ, ਗਾਣਿਆਂ ’ਚ ਹਥਿਆਰ, ਨਸ਼ਾ ’ਤੇ ਕੁਟਮਾਰ ਨੂੰ ਉਕਸਾਉਣ ਵਾਲੇ ਬੋਲ ਨਾ ਵਰਤਣ ਦੀ ਅਪੀਲ਼ ਕਰਨ ਤੇ ਜੇਕਰ ਕੋਈ ਗਾਈਕ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤੇ ਲਚਰਤਾ,ਗੁੰਡਾਗਰਦੀ ਨੂੰ ਉਕਸਾਉਂਦਾ ਹੈ ਤਾਂ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਪੰਜਾਬ ਪੁਲਿਸ ਦੇ ਡੀ.ਜੀ.ਪੀ. ਦਾ ਇਹ ਕਦਮ ਬਹੁਤ ਹੀ ਸ਼ਲਾਗਾਯੋਗ ਹੈ।ਹੁਣ ਸਮੂਹ ਪੰਜਾਬੀਆਂ ਦਾ ਵੀ ਫਰਜ਼ ਬਣਦਾ ਹੈ ਕਿ ਜੇਕਰ ਅਸੀਂ ਆਪਣੇ ਸਭਿਆਚਾਰ ਨੂੰ ਬਚਾਉਣਾ ਹੈ ਤਾਂ ਆਪਣੀ ਮੌਜੂਦਾ ਤੇ ਆਉਣ ਵਾਲੀ ਪੀੜ੍ਹੀ ਨੂੰ ਨਸ਼ਾ ਮੁਕਤ ‘ਤੇ ਗੈਂਗਸਟਰ ਮੁਕਤ ਬਣਾਉਣਾ ਹੈ ਤਾਂ ਪੰਜਾਬ ਪੁਲਿਸ ਦੇ ਇਸ ਸ਼ਲਾਗਾਯੋਗ ਕਦਮ ‘ਚ ਆਪਣਾ ਯੋਗਦਾਨ ਪਾਉਣ। ਇਹ ਸਭ ਕੁਜ ਇਸ ਤਰ੍ਹਾਂ ਸੰਭਵ ਹੋ ਸਕਦਾ ਕਿ ਸਾਨੂੰ ਪਹਿਲਾਂ ਖ਼ੁਦ ਨੂੰ ਇਨ੍ਹਾਂ ਲਚਰ ਗੀਤਾਂ ਦਾ ਬਹਿਸ਼ਕਾਰ ਕਰਨਾ ਪਵੇਗਾ,ਕਿਉਂਕਿ ਜਦੋਂ ਅਸੀਂ ਇਨ੍ਹਾਂ ਲਚਰ ਗੀਤਾਂ ਨੂੰ ਸੁਣਨਾ ਤੇ ਵੇਖਣਾ ਬੰਦ ਕਰ ਦਵਾਂਗੇ ਤਾਂ ਅਜਿਹੇ ਗੀਤ ਬਣਾਉਣ ਵਾਲੇ ਆਪਣੇ ਆਪ ਬੰਦ ਹੋ ਜਾਣਗੇ। ਅਸੀਂ ਆਪਣੇ ਖੁਸ਼ੀ ਦੇ ਸਮਾਗਮਾਂ ‘ਚ ਅਕਸਰ ਇਨ੍ਹਾਂ ਲਚਰ ਗਾਣਿਆਂ ਨੂੰ ਗਾਉਣ-ਵਜਾਉਣ ਦੀ ਤਰਜ਼ੀਹ ਦਿੰਦੇ ਹਾਂ, ਜਿਸ ਨਾਲ ਅਕਸਰ ਖੁਸ਼ੀ ਦੇ ਸਮਾਗਮਾਂ ‘ਚ ਇਨ੍ਹਾਂ ਲਚਰ ਗਾਣਿਆਂ ਕਰਕੇ ਲੜਾਈ- ਝਗੜੇ ਹੁੰਦੇ ਵੇਖਦੇ ਹਾਂ। ਕਈ ਵਾਰ ਲੋਕ ਇਨ੍ਹਾਂ ਗਾਣਿਆਂ ਨੂੰ ਸੁਣਦਿਆਂ ਐਨੇ ਮਦਹੋਸ਼ ਹੋ ਜਾਂਦੇ ਹਨ ਕਿ ਨਸ਼ਾ ਕਰਕੇ ਨਚਦੇ-ਨਚਦੇ ਗੋਲੀਆਂ ਚਲਾਉਣ ਲਗ ਜਾਂਦੇ ਹਨ, ਜਿਸ ਨਾਲ ਬਹੁਤ ਵਾਰ ਲੋਕ ਆਪਣੀਆਂ ਜਾਨਾਂ ਵੀ ਗਵਾ ਚੁਕੇ ਹਨ, ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਸਾਡੀ ਮੌਜੂਦਾ ਪੀੜ੍ਹੀ ਆਪਣੇ ਗੁਰੂ-ਪੀਰਾਂ ਜਾ ਸ਼ਹੀਦਾਂ ਨੂੰ ਆਪਣਾ ਆਦਰਸ਼ ਨਾ ਮੰਨਦੇ ਹੋਏ ਇਨ੍ਹਾਂ ਲਚਰ ਗਾਣੇ ਗਾਉਣ ਵਾਲੇ ਗਾਇਕਾਂ ਨੂੰ ਆਦਰਸ਼ ਮੰਨਦੇ ਹਨ, ਤਾਂ ਅਸੀਂ ਭਵਿਖ ਚ ਉਨ੍ਹਾਂ ਕੋਲੋਂ ਕਿ ਆਸ ਰਖ ਸਕਦੇ ਹਾਂ, ਸੋ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਪੰਜਾਬ ਪੁਲਿਸ ਦੀ ਇਸ ਪਹਿਲਕਦਮੀ ਦਾ ਸਵਾਗਤ ਕਰੀਏ ਤੇ ਆਪਣੇ ਘਰਾਂ ਖੁਸ਼ੀ ਦੇ ਜਾਂ ਕੋਈ ਵੀ ਸਮਾਗਮਾਂ ਵਿਚ ਇਹੋ ਜਿਹੇ ਲਚਰ ਗਾਣੇ ਸੁਨਣ,ਵੇਖਣ ਤੋਂ ਪ੍ਰਹੇਜ ਕਰੀਏ, ਤਾਂ ਹੀ ਅਸੀਂ ਆਪਣੀ ਵਿਰਾਸਤ ਨੂੰ ਸਾਂਭ ਸਕਾਂਗੇ ਤੇ ਇਕ ਖੁਸ਼ਹਾਲ ਪੰਜਾਬ ਵੇਖ ਸਕਾਂਗੇ।

Send this to a friend