ਗੁਰੂ ਨਾਨਕ ਕਲਾਜ ਬੁਢਲਾਡਾ ਦੇ ਮੋਮਿਨ ਖਾਂ ਨੇ ਜਿੱਤਿਆ ਕੌਮੀ ਸੋਨ ਤਮਗਾ

ਬੁਢਲਾਡਾ, 27 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਗੁਰੂ ਨਾਨਕ ਕਾਲਜ ਬੁਢਲਾਡਾ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਓਦੋਂ ਇਕ ਸੁਨਿਹਰਾ ਪੰਨਾ ਜੁੜ ਗਿਆ ਜਦੋਂ ਕਾਲਜ ਦੇ ਵਿਦਿਆਰਥੀ ਮੋਮਿਨ ਖਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਤੀਨਿਧਤਾ ਕਰਦਿਆਂ ਰਾਂਚੀ ਯੂਨੀਵਰਸਿਟੀ (ਝਾਰਖੰਡ) ਵਿਖੇ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਵੱਲੋਂ 16 ਤੋਂ 20 ਫਰਵਰੀ 2018 ਤੱਕ ਆਯੋਜਿਤ ਕੀਤੇ ਗਏ 33ਵੇਂ ਅੰਤਰ-ਯੂਨੀਵਰਸਿਟੀ ਰਾਸ਼ਟਰੀ ਯੁਵਕ ਮੇਲੇ ਵਿੱਚ ਸੋਨ ਤਮਗਾ ਹਾਸਿਲ ਕਰਕੇ ਕਾਲਜ ਦੀ ਝੋਲੀ ਪਾਇਆ। ਮੋਮਿਨ ਖਾਨ ਨੇ ਭਾਰਤੀ ਸ਼ਾਸ਼ਤਰੀ ਸੰਗੀਤ ਸਾਜਵਾਦਨ (ਸਾਰੰਗੀ ਵਾਦਨ) ਮੁਕਾਬਲੇ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਦੇ ਹੋਏ ਇਹ ਤਮਗਾ ਜਿੱਤਿਆ। ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਇਸ ਮਾਣਮਤੀ ਪ੍ਰਾਪਤੀ ਲਈ ਵਿਦਿਆਰਥੀ ਦਾ ਕਾਲਜ ਪਹੁੰਚਣ ‘ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਕਾਲਜ ਦੇ ਯੁਵਕ ਭਲਾਈ ਵਿਭਾਗ ਦੀ ਕਾਰਜਸ਼ੈਲੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਦਾ ਨਤੀਜਾ ਹੈ। ਯੁਵਕ ਭਲਾਈ ਵਿਭਾਗ ਦੇ ਕੋ-ਆਰਡੀਨੇਟਰ ਡਾ. ਸਤਗੁਰ ਸਿੰਘ ਨੇ ਮੋਮਿਨ ਖਾਨ ਦੀ ਪ੍ਰਾਪਤੀ ਨੂੰ ਸਮੁੱਚੇ ਇਲਾਕੇ ਲਈ ਮਾਣ ਵਾਲੀ ਗੱਲ ਦੱਸਿਆ ਅਤੇ ਵਿਦਿਆਰਥੀਆਂ ਦੀ ਕਲਾ ਦੀ ਸਰਾਹੁਣਾ ਕਰਦਿਆਂ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਦੀ ਕਲਾ ਸਦਕਾ ਕਾਲਜ ਪਿੱਛਲੇ ਪੰਜ ਸਾਲਾਂ ਤੋਂ ਖੇਤਰੀ ਯੁਵਕ ਮੇਲੇ ਦਾ ਚੈਂਪੀਅਨ ਕਾਲਜ ਹੈ ਅਤੇ ਅੰਤਰ-ਖੇਤਰੀ, ਨੌਰਥ ਜੋਨ ਅਤੇ ਨੈਸ਼ਨਲ ਪੱਧਰ ‘ਤੇ ਵਿਦਿਆਰਥੀਆਂ ਨੇ ਨਾਮਣਾ ਖੱਟਿਆ ਹੈ। ਸੰਗੀਤ ਵਿਭਾਗ ਦੇ ਮੁਖੀ ਡਾ. ਰਿਸ਼ਪਾਲ ਸਿੰਘ ਨੇ ਦਸਿਆ ਕਿ ਮੋਮਿਨ ਖਾਂ ਆਲ ਇੰਡੀਆਂ ਰੇਡੀੳ ਦਾ ਪ੍ਰਵਾਣਿਤ ਕਲਾਕਾਰ ਹੈ ਅਤੇ ਆਲ ਇੰਡੀਆਂ ਰੇਡੀੳ ਵੱਲੋਂ ਉਸਤਾਦ ਬਿਸਮਿੱਲਾ ਖਾਂ ਅਵਾਰਡ ਨਾਲ ਸਨਮਨਿਆ ਜਾ ਚੁੱਕਿਆ ਹੈ।ਇਸ ਮੌਕੇ ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਗੁਰਦੀਪ ਸਿੰਘ ਅਤੇ ਪ੍ਰੋ. ਬੇਨਤੀ ਕੌਰ ਆਦਿ ਹਾਜ਼ਰ ਸਨ।