ਜਾਖੜ ਵੱਲੋਂ ਅਕਾਲੀ ਦਲ ਦੇਸ਼ ਦੀ ਸਭ ਤੋਂ ਭ੍ਰਿਸ਼ਟ ਪਾਰਟੀ ਕਰਾਰ
ਚੰਡੀਗੜ੍ਹ, 24 ਫਰਵਰੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਨੇ ਬਾਦਲਾਂ ਨੂੰ ਦੇਸ਼ ਦਾ ਸਭ ਤੋਂ ਵਧ ਭ੍ਰਿਸ਼ਟ ਪਰਿਵਾਰ ਦਸਦੇ ਹੋਏ ਉਨ੍ਹਾਂ ਨੂੰ ਖਤਰਨਾਕ ਤੇ ਬੇਰਹਿਮ ਲੁਟੇਰੇ ਦਸਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਆਪਣੀਆਂ ਮਾਰੂ ਨੀਤੀਆਂ ਨਾਲ ਪੰਜਾਬ ਦੇ ਲੋਕਾਂ ਦੇ ਸ਼ਾਨਦਾਰ ਢੰਗ ਨਾਲ ਜੀਵਨ ਜਿਊਣ ਦੇ ਅਧਿਕਾਰ ਨੂੰ ਠਗ ਲਿਆ ਹੈ ਅਤੇ ਉਨ੍ਹਾਂ ਨੂੰ ਅੰਨ੍ਹੇ ਖੂਹ ਵਲ ਧਕ ਦਿਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲਾਂ ਦੇ ਨਿਯੰਤਰਣ ਹੇਠ ਦੇਸ਼ ਦੀ ਸਭ ਤੋਂ ਵਧ ਭ੍ਰਿਸ਼ਟ ਪਾਰਟੀ ਬਣ ਗਈ ਹੈ ਅਤੇ ਇਸ ਨੂੰ ਸਿਰਫ਼ ਆਪਣੇ ਬੋਝੇ ਹੀ ਭਰਨ ਵਿਚ ਦਿਲਚਸਪੀ ਹੈ ਜਦਕਿ ਇਸ ਨੂੰ ਲੋਕਾਂ ਨੂੰ ਦਰਪੇਸ਼ ਸਮਸਿਆਵਾਂ ਦੀ ਕੋਈ ਵੀ ਚਿੰਤਾ ਨਹੀਂ ਹੈ।ਸਿਧੂ ਨੇ ਕਿਹਾ ਕਿ ਬਾਦਲ ਆਪਣੀਆਂ ਲੋਕ ਵਿਰੋਧੀ ਨੀਤੀਆਂ ਨਾਲ ਬੁਰੀ ਤਰ੍ਹਾਂ ਬਦਨਾਮ ਹੋ ਚੁਕੇ ਹਨ ਅਤੇ ਉਨ੍ਹਾਂ ਨੇ ਘੁਣ ਵਾਂਗ ਸੂਬੇ ਦੇ ਸਭ ਤੋਂ ਕੀਮਤੀ ਸਰੋਤ ਖਾ ਲਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਵੀ ਭ੍ਰਿਸ਼ਟ ਬਣਾ ਦਿਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੀ ਝੋਲੀ ਵਿਚ 25 ਮੰਤਰਾਲੇ ਰਖ ਕੇ ਸਰਕਾਰ ਨੂੰ ਆਪਣੇ ਨਿਜੀ ਲਾਭ ਵਿਚ ਬਦਲ ਦਿਤਾ ਸੀ ਅਤੇ ਉਨ੍ਹਾਂ ਨੇ ਸਵਿਧਾਨ ਦੀਆਂ ਕਦਰਾਂ-ਕੀਮਤਾਂ ਨੂੰ ਪੂਰੀ ਤਰ੍ਹਾਂ ਢਾਹ ਲਾ ਕੇ ਸਾਰੀਆਂ ਜਮਹੂਰੀ ਸੰਸਥਾਵਾਂ ਨੂੰ ਤਬਾਹ ਕਰ ਦਿਤਾ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਸ਼ਾਸਨ ਦੌਰਾਨ ਜਮਹੂਰੀਅਤ ਅਤੇ ਆਜ਼ਾਦੀ ਕੇਵਲ ਬਾਦਲ ਐਂਡ ਕੰਪਨੀ ਤਕ ਹੀ ਸੀਮਤ ਰਹੀ। ਮੰਤਰੀ ਨੇ ਅਗੇ ਕਿਹਾ ਕਿ ਰੇਤ ਦੀਆਂ ਖਡਾਂ ਤੋਂ ਲੈ ਕੇ ਟਰਾਂਸਪੋਰਟ ਅਤੇ ਕੇਬਲ ਤੋਂ ਲੈ ਕੇ ਪ੍ਰਹੁਣਚਾਰੀ ਤਕ ਦਾ ਸੂਬੇ ਦਾ ਸਾਰਾ ਕਾਰੋਬਾਰ ਬਾਦਲਾਂ ਦੀ ਖੁਦਗਰਜੀ ਅਤੇ ਲੋਭ ਦੇ ਢਠੇ ਚੜ੍ਹ ਗਿਆ ਅਤੇ ਇਹ ਲਾਲਚ ਇਨ੍ਹਾਂ ਦੇ ਧੁਰ ਅੰਦਰ ਤਕ ਧਸ ਗਿਆ ਜਿਸ ਦੀ ਬਦੌਲਤ ਇਹ ਸਮਾਂ ਗੁਜਰਨ ਦੇ ਨਾਲ ਨਾਲ ਅਮੀਰ ਬਣਦੇ ਗਏ ਜਦਕਿ ਇਸ ਦੇ ਉਲਟ ਪੰਜਾਬ ਦੇ ਲੋਕ ਗਰੀਬੀ ਅਤੇ ਤੰਗੀਆਂ-ਤੁਰਸ਼ੀਆਂ ਨਾਲ ਘੁਲਦੇ ਰਹੇ ਅਤੇ ਬੁਨਿਆਦੀ ਸਰੋਤਾਂ ਤਕ ਦੀ ਕਮੀ ਨਾਲ ਜੂਝਦੇ ਰਹੇ। ਉਨ੍ਹਾਂ ਨੇ ਝੂਠ, ਫਰੇਬ ਅਤੇ ਉਲ-ਜਲੂਲ ਗਲਾਂ ਨਾਲ ਲੋਕਾਂ ਨੂੰ ਲਗਾਤਾਰ ਗੁੰਮਰਾਹ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਈ ਸੁਖਬੀਰ ਦੀ ਆਲੋਚਨਾ ਕੀਤੀ। ਜਾਖੜ ਨੇ ਕਿਹਾ ਕਿ ਅਕਾਲੀਆਂ ਨੇ ਸੂਬੇ ਦੀ ਸਤਾਂ ‘ਤੇ ਸਵਾਰ ਹੁੰਦੇ ਸਾਰ ਹੀ ਸੂਬੇ ਦੇ ਸਾਰੇ ਪ੍ਰਮੁਖ ਕਾਰੋਬਾਰ ‘ਤੇ ਨਿਯੰਤਰਣ ਕਰ ਲਿਆ ਅਤੇ ਅਗਲੇ ਦਸ ਸਾਲ ਇਸ ਨੇ ਸੂਬੇ ਨੂੰ ਬੁਰੀ ਤਰ੍ਹਾਂ ਲੁਟਿਆ। ਇਸੇ ਕਰਕੇ ਹੀ ਅਕਾਲੀ ਪਾਰਟੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚੋਂ ਹਾਰਨ ਤੋਂ ਬਾਅਦ ਅਜੇ ਵੀ ਭਾਰੀ ਸਦਮੇ ਵਿਚ ਦੀ ਗੁਜਰ ਰਹੀ ਹੈ ਅਤੇ ਉਨ੍ਹਾਂ ਚੋਣਾਂ ਤੋਂ ਬਾਅਦ ਗੁਰਦਾਸਪੁਰ ਉਪ ਚੋਣ ਅਤੇ ਨਗਰ ਨਿਗਮ ਚੋਣਾਂ ਸਣੇ ਵਖ ਵਖ ਚੋਣਾਂ ਵਿਚ ਹਾਰਨ ਤੋਂ ਬਾਅਦ ਇਨ੍ਹਾਂ ਦਾ ਇਹ ਸਦਮਾ ਲਗਾਤਾਰ ਵਧਦਾ ਗਿਆ ਹੈ। ਦੋਵਾਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਅਕਾਲੀਆਂ ਅਤੇ ਭਾਜਪਾ ਤੋਂ ਵਿਰਾਸਤ ਵਿਚ ਮਿਲੇ ਵਿਤੀ ਸੰਕਟਾਂ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਆਪਣੇ ਵਾਅਦਿਆਂ ਨੂੰ ਸਫਲਤਾ ਪੂਰਨ ਲਾਗੂ ਕਰਨ ਕਰਕੇ ਅਕਾਲੀ ਪਹਿਲਾਂ ਨਾਲੋਂ ਵੀ ਵਧ ਹਿਲ ਗਏ ਹਨ।