ਬੀਬਾ ਬਾਦਲ ਵੱਲੋਂ ਬਠਿੰਡਾ ਵਿਖੇ ਆਈ.ਆਈ. ਐਫ.ਪੀ.ਟੀ. ਸੈਂਟਰ ਸਥਾਪਤ ਕਰਨ ਦਾ ਐਲਾਨ

ਸਕੀਮਾਂ ਅਤੇ ਸਬਸਿਡੀ ਦਾ ਲਾਹਾ ਲੈਣ ਲਈ 27 ਨੂੰ ਨਿਊ ਸੈਂਟਰ ਵਿਖੇ ਪਹਿਲੀ ਵਰਕਸ਼ਾਪ ਵਿਚ ਭਾਗ ਲੈਣ ਲਈ ਕਿਸਾਨਾਂ ਨੂੰ ਕੀਤੀ ਅਪੀਲ

ਚੰਡੀਗੜ੍ਹ, 24 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਜ ਬਠਿੰਡਾ ਵਿਖੇ ਇੰਡੀਅਨ ਇੰਸਟੀਚਿਊਟ ਆਫ ਫੂਡ ਪ੍ਰੋਸੈਸਿੰਗ ਟੈਕਨਾਲੌਜੀ (ਆਈਆਈਐਫਪੀਟੀ) ਦਾ ਇਕ ਬਿਜ਼ਨਸ ਸਿਖਲਾਈ ਕੇਂਦਰ ਸਥਾਪਤ ਕਰਨ ਦਾ ਐਲਾਨ ਕਰਦਿਆਂ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਇੰਡਸਟਰੀ ਦੀਆਂ ਸਕੀਮਾਂ ਦਾ ਲਾਹਾ ਲੈਣ ਲਈ 27 ਫਰਵਰੀ ਨੂੰ ਸੈਂਟਰ ਵਿਖੇ ਇਕ ਸਿਖਲਾਈ ਕੈਂਪ ਵਿਚ ਸ਼ਾਮਿਲ ਹੋਣ ਦਾ ਸਦਾ ਦਿਤਾ ਹੈ।ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ 27 ਫਰਵਰੀ ਨੂੰ ਲਗਾਈ ਜਾਣ ਵਾਲੀ ਇਕ ਰੋਜ਼ਾ ਵਰਕਸ਼ਾਪ ਉਹਨਾਂ ਅਗਾਂਹਵਧੂ ਕਿਸਾਨਾਂ ਨੂੰ ਇਕ ਨਿਵੇਕਲਾ ਮੌਕਾ ਪ੍ਰਦਾਨ ਕਰੇਗੀ, ਜਿਹੜੇ ਆਪਣਾ ਖੁਦ ਦਾ ਕਾਰੋਬਾਰ ਮਛੀ ਪਾਲਣ, ਸ਼ਹਿਦ ਦੀ ਖੇਤੀ ਜਾਂ ਡੇਅਰੀ ਫਾਰਮ ਵਾਸਤੇ ਕਰਜ਼ਾ ਲੈਣਾ ਚਾਹੁੰਦੇ ਹਨ। ਮੰਤਰੀ ਨੇ ਕਿਹਾ ਕਿ ਇਹ ਵਰਕਸ਼ਾਪ ਵਿਚ ਨਾ ਸਿਰਫ ਕਿਸਾਨਾਂ ਨੂੰ ਸਬਸਿਡੀ ਵਾਲਾ ਕਰਜ਼ਾ ਮੁਹਈਆ ਕਰਵਾਉਣ ਉਤੇ ਕੇਂਦਰਿਤ ਹੋਵੇਗੀ, ਸਗੋਂ ਉਹਨਾਂ ਨੂੰ ਇਹਨਾਂ ਕਾਰੋਬਾਰਾਂ ਵਿਚ ਕਾਮਯਾਬੀ ਹਾਸਿਲ ਕਰਨ ਲਈ ਲੋੜੀਂਦੀ ਸਿਖਲਾਈ ਵੀ ਦਿਤੀ ਜਾਵੇਗੀ।
ਬੀਬੀ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਫਸਲ ਦੀ ਗੁਣਵਤਾ ਵਧਾ ਕੇ ਇਸ ਨੂੰ ਬਾਜ਼ਾਰ ਵਿਚ ਵੇਚਣ ਦੀ ਹੀ ਜਾਣਕਾਰੀ ਨਹੀਂ ਦਿਤੀ ਜਾਵੇਗੀ, ਸਗੋਂ ਕਿਸਾਨਾਂ ਨੂੰ ਉਹਨਾਂ ਕੰਪਨੀਆਂ ਨਾਲ ਵੀ ਮਿਲਾਇਆ ਜਾਵੇਗਾ, ਜਿਹੜੀਆਂ ਕਿਸਾਨਾਂ ਦੀ ਫਸਲਾਂ ਵਿਕਵਾਉਣ ਵਿਚ ਮਦਦ ਕਰਨਗੀਆਂ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਇਕ ਮੁਕੰਮਲ ਪੈਕੇਜ ਦੇਣਾ ਚਾਹੁੰਦੇ ਹਾਂ ਅਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀਆਂ ਉਹਨਾਂ ਕੰਪਨੀਆਂ ਨਾਲ ਵਪਾਰਕ ਸਾਂਝਾਂ ਪੈ ਜਾਣ, ਜਿਹੜੀਆਂ ਉਹਨਾਂ ਦੀ ਫਸਲ ਨੂੰ ਆਖਰੀ ਖਪਤਕਾਰ ਤਕ ਲੈ ਕੇ ਜਾਣਗੀਆਂ। ਜਿਹੜੇ ਕਿਸਾਨ ਆਪਣੀਆਂ ਫਸਲਾਂ ਖੁਦ ਰਿਟੇਲ ਵਿਚ ਵੇਚਣ ਦੇ ਚਾਹਵਾਨ ਹਨ, ਉਹਨਾਂ ਨੂੰ ਵੀ ਸਿਖਲਾਈ ਦਿਤੀ ਜਾਵੇਗੀ।ਕਿਸਾਨਾਂ ਨੂੰ ਇਸ ਸਕੀਮ ਦਾ ਲਾਹਾ ਲੈਣ ਦੀ ਤਾਕੀਦ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਉਹਨਾਂ ਦੇ ਮੰਤਰਾਲੇ ਦੁਆਰਾ ਅਗਲੇ ਦੋ ਸਾਲਾਂ ਵਿਚ ਕਿਸਾਨਾਂ ਅਤੇ ਖੇਤੀ ਕਾਰੋਬਾਰੀਆਂ ਲਈ 6000 ਕਰੋੜ ਰੁਪਏ ਦਿਤੇ ਜਾਣਗੇ। ਉਹਨਾਂ ਕਿਹਾ ਕਿ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਪੰਜਾਬ ਦੇ ਕਿਸਾਨ ਇਸ ਸਕੀਮ ਦਾ ਵਧ ਤੋਂ ਵਧ ਲਾਹਾ ਲੈ ਸਕਣ।

Send this to a friend