Skip to content
Independent perspectives. Global stories.
BREAKING

ਸੰਗੀਤ ਨੂੰ ਪਰਣਾਏ ਪੂਰਨ ਸਿੰਘ ਪਾਂਧੀ

Share this story

ਮਾਲਵਾ ਪੰਜਾਬ ਦੀ ਹਰ ਪੱਖੋਂ ਜਰਖੇਜ ਧਰਤੀ ਹੈ। ਮੋਗਾ ਜਿਲ੍ਹੇ ਦਾ ਯੋਗਦਾਨ ਵੀ ਭੁਲਾਇਆ ਨਹੀਂ ਜਾ ਸਕਦਾ। ਮੋਗਾ ਜਿਲ੍ਹੇ ਦੇ ਰਾਮੂਵਾਲਾ ਪਿੰਡ ਦੇ ਪੂਰਨ ਸਿੰਘ ਪਾਂਧੀ ਅਜਿਹੇ ਸੰਗੀਤ ਪਰੇਮੀ ਹਨ ਜਿਨ੍ਹਾਂ ਨੇ ਸੰਗੀਤ ਨੂੰ ਹੀ ਆਪਣਾ ਜੀਵਨ ਸਮਰਪਤ ਕੀਤਾ ਹੋਇਆ ਹੈ। ਸੰਗੀਤ ਨੂੰ ਪਿਆਰ ਕਰਨ ਵਾਲਾ ਵਿਅਕਤੀ ਸੂਖ਼ਮ ਸੂਝ ਦਾ ਮਾਲਕ ਹੁੰਦਾ ਹੈ। ਅਜਿਹਾ ਹੀ ਇਕ ਨੇਕ ਇਨਸਾਨ ਪੂਰਨ ੍ਯਸਿੰਘ ਪਾਂਧੀ ਹੈ ਜਿਹੜਾਂ ਸੰਗੀਤ ਨਾਲ ਰੂਹ ਤੋਂ ਜੁੜਿਆ ਹੋਇਆ ਹੈ। ਸੰਗੀਤ ਹੀ ਉਸਦਾ ਜੀਵਨ ਹੈ। ਉਹ ਬਹੁਪੱਖੀ ਸ਼ਖਸ਼ੀਅਤ ਵਾਲਾ ਬਹੁਰੰਗੀ ਵਿਅਕਤੀ ਹੈ। ਉਸਨੇ ਸੰਗੀਤ ਦੀ ਦੁਨੀਆਂ ਪੁਸਤਕ ਆਪਣੇ ਦੇ ਜੀਵਨ ਦੇ ਅਥਾਹ ਤਜ਼ਰਬੇ ਤੋਂ ਬਾਅਦ ਲਿਖੀ ਹੈ। ਉਹ ਆਪਣੀ ਉਮਰ ਦੇ 36 ਸਾਲ ਪੰਜਾਬੀ ਦਾ ਅਧਿਆਪਕ ਰਿਹਾ ਪ੍ਰੰਤੂ ਉਸ ਨੇ ਕਾਲਾਸੀਕਲ ਗਾਇਕੀ ਦਾ ਗਿਆਨ ਵੀ ਹਾਸਲ ਕੀਤਾ। ਉਹ ਆਪਣੇ ਕਿੱਤੇ ਦੇ ਨਾਲ ਵਾਇਲਨ, ਦਿਲਰੁਬਾ ਅਤੇ ਹੋਰ ਬਹੁਤ ਸਾਰੇ ਸਾਜ਼ਾਂ ਦਾ ਮਾਹਿਰ ਵੀ ਹੈ। ਉਹ ਆਪਣੀ ਸਰਕਾਰੀ ਨੌਕਰੀ ਨੂੰ ਸਮਾਜ ਦੀ ਉਤਮ ਸੇਵਾ ਸਮਝਕੇ ਨੌਜਵਾਨ ਲੜਕੇ ਲੜਕੀਆਂ ਨੂੰ ਸੰਗੀਤ ਨਾਲ ਜੋੜਨਾ ਆਪਣਾ ਫਰਜ ਸਮਝਕੇ ਕਰਦਾ ਰਿਹਾ। ਨੌਕਰੀ ਤੋਂ ਸੇਵਾ ਮੁਕਤੀ ਤੋਂ ਬਾਅਦ ਉਹ ਕੈਨੇਡਾ ਪ੍ਰਵਾਸ ਕਰ ਗਿਆ ਪ੍ਰੰਤੂ ਆਪਣੇ ਵਿਰਸੇ ਨਾਲ ਉਹ ਪੂਰੀ ਤਰ੍ਹਾਂ ਜੁੜਿਆ ਰਿਹਾ ਹੈ, ਇਸ ਕਰਕੇ ਹੁਣ ਤੱਕ ਉਸ ਨੇ 9 ਪੁਸਤਕਾਂ ਪ੍ਰਕਾਸ਼ਤ ਕੀਤੀਆਂ ਹਨ। ‘ਸੰਗੀਤ ਦੀ ਦੁਨੀਆਂ’ ਉਸਦੀ 10ਵੀਂ ਪੁਸਤਕ ਹੈ। ਇਸ ਵਿੱਚ ਭਾਰਤ ਦੀ ਸੰਸਕ੍ਰਿਤੀ ਵਿਚ ਜਦੋਂ ਤੋਂ ਸੰਗੀਤ ਸ਼ੁਰੂ ਹੋਇਆ ਹੈ ਉਦੋਂ ਦੇ ਵਿਕਾਸ ਨੂੰ ਦਰਸਾਇਆ ਗਿਆ ਹੈ। ਸੰਗੀਤ ਕੀ ਹੁੰਦਾ ਹੈ? ਇਹ ਕਿਵੇਂ ਪੈਦਾ ਹੁੰਦਾ ਹੈ, ਆਦਿ ਦਾ ਵਰਣਨ ਕੀਤਾ ਗਿਆ ਹੈ। ਪੂਰਨ ਸਿੰਘ ਪਾਂਧੀ ਨੇ ਸੰਗੀਤ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਕਿਹਾ ਹੈ। ਸੰਗੀਤ ਦੀਆਂ ਸੁਰੀਲੀਆਂ ਰੂਹਾਂ ਦੇ ਕਰਤਵ ਵੀ ਸੁਰੀਲੇ ਹੀ ਹੁੰਦੇ ਹਨ। ਸੰਗੀਤ ਦੀ ਧੁਨੀ ਆਨੰਦ ਦੀ ਪ੍ਰਾਪਤੀ ਦਾ ਸਾਧਨ ਹੈ। ਸੰਗੀਤਮਈ ਆਵਾਜ਼ ਨਾਦ ਹੁੰਦੀ ਹੈ। ਸੰਗੀਤ ਦੀ ਕਿਸਮ ਭਾਵੇਂ ਕੋਈ ਹੋਵੇ ਪ੍ਰੰਤੂ ਉਹ ਸਭ ਨੂੰ ਬਰਾਬਰ ਅਨੰਦ ਦਿੰਦਾ ਹੈ। ਸੰਗੀਤ ਕਿਸੇ ਵੀ ਹਰਕਤ, ਰਗੜ, ਚੋਟ ਜਾਂ ਫੂਕ ਤੋਂ ਪੈਦਾ ਹੁੰਦਾ ਹੈ। ਪ੍ਰਕਿਰਤੀ ਦੀ ਹਰ ਰਚਨਾ ਵਿਚ ਸੰਗੀਤ ਦੇ ਸੂਖ਼ਮ ਤੱਤ ਹੁੰਦੇ ਹਨ। ਟੱਲ, ਢੋਲ, ਚਿਮਟਾ, ਖੜਤਾਲ, ਬੰਸਰੀ, ਢੱਡ-ਸਾਰੰਗੀ, ਰਬਾਬ, ਵਾਜਾ, ਇਕਤਾਰਾ, ਡਮਰੂ, ਸੰਖ਼, ਝਾਂਜਰਾਂ ਅਤੇ ਚੂੜੀਆਂ ਇਹ ਸਾਰੀਆਂ ਵਸਤਾਂ ਸੰਗੀਤ ਦੀਆਂ ਰਸੀਲੀਆਂ ਧੁਨਾ ਪੈਦਾ ਕਰਦੀਆਂ ਹਨ। ਪਾਂਧੀ ਅਨੁਸਾਰ ਮਨੁੱਖੀ ਗਿਆਨ ਅਤੇ ਇੰਦਰੀਆਂ ਦਾ ਸੰਗੀਤ ਨਾਲ ਗੂੜ੍ਹਾ ਸੰਬੰਧ ਹੈ। ਹਰ ਆਵਾਜ਼, ਆਹਟ, ਰੰਗ ਅਤੇ ਸ਼ਬਦ ਸੰਗੀਤ ਪੈਦਾ ਕਰਦੇ ਹਨ। ਕਲਾ ਅਤੇ ਕੋਮਲ ਕਲਾਵਾਂ ਮਨੁੱਖੀ ਮਨਾਂ ਦੇ ਸਾਹਾਂ ਵਿਚ ਸਮੋਈਆਂ ਹੋਈਆਂ ਹੁੰਦੀਆਂ ਹਨ। ਕਲਾ ਦੇ ਕਈ ਰੂਪ ਹਨ, ਜਿਵੇਂ ਕਵਿਤਾ, ਬੁਤ ਤਰਾਸ਼ੀ, ਸ਼ਿਲਪ ਕਲਾ, ਨ੍ਰਿਤ ਅਤੇ ਸੰਗੀਤ। ਲਲਿਤ ਕਲਾ ਇਸ ਤੋਂ ਵੀ ਸੂਖ਼ਮ ਹੈ। ਇਨ੍ਹਾਂ ਸਾਰੀਆਂ ਕਲਾਵਾਂ ਦਾ ਸੰਬੰਧ ਸੰਗੀਤ ਨਾਲ ਹੈ। ਸੰਗੀਤ ਨੂੰ ਸੁਰੀਲਾ ਬਣਾਉਣ ਲਈ ਰਿਆਜ਼ ਜ਼ਰੂਰੀ ਹੈ। ਜਿਵੇਂ ਸਖਤ ਲੱਕੜ ਨੂੰ ਪਹਿਲਾਂ ਕੁਹਾੜੇ, ਫਿਰ ਖਰਾਦਣ ਅਤੇ ਅੰਤ ਵਿਚ ਰੰਦੇ ਨਾਲ ਤਰਾਸ਼ਣ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਸੰਗੀਤ ਨੂੰ ਸੁਰੀਲਾ ਬਣਾਉਣ ਲਈ ਰਿਆਜ਼ ਜ਼ਰੂਰੀ ਹੈ। ਪੂਰਨ ਸਿੰਘ ਪਾਂਧੀ ਅਨੁਸਾਰ ਕਈ ਲੋਕ ਕਿਸੇ ਕੰਮ ਨੂੰ ਕਰਨ ਨੂੰ ਵਾਰ ਵਾਰ ਹੀ ਰਿਆਜ਼ ਕਹਿੰਦੇ ਹਨ ਪਰ ਰਿਆਜ਼ ਤਾਂ ਇਕਾਗਰ ਚਿਤ ਹੋ ਕੇ ਰੂਹ ਨਾਲ ਕਿਸੇ ਸਥਾਪਤ ਨਿਯਮਾਂ ਨਾਲ ਕੀਤਾ ਜਾਂਦਾ ਹੈ, ਨਾ ਕਿ ਵਾਰ ਵਾਰ ਦੁਹਰਾਉਣ ਨਾਲ। ਕਈ ਰਾਗੀ, ਢਾਡੀ ਜਾਂ ਕੀਰਤਨੀਏ ਕਹਿੰਦੇ ਹਨ ਕਿ ਅਸੀਂ ਤਾਂ ਹਰ ਰੋਜ ਆਪਣੇ ਪ੍ਰੋਗਰਾਮ, ਕੀਰਤਨ ਕਰਦੇ ਰਹਿੰਦੇ ਹਾਂ, ਇਸ ਨਾਲ ਸਾਡਾ ਰਿਆਜ਼ ਹੋ ਜਾਂਦਾ ਹੈ। ਇਹ ਬਿਲਕੁਲ ਗ਼ਲਤ ਹੈ। ਰਿਆਜ਼ ਵਿਓਪਾਰ ਨਾਲ ਨਹੀਂ ਹੁੰਦਾ। ਜਿਵੇਂ ਸਿਹਤਮੰਦ ਸਰੀਰ ਬਣਾਉਣ ਲਈ ਸੱਚੇ ਦਿਲੋਂ ਕਿਸੇ ਪ੍ਰਣਾਲੀ ਅਧੀਨ ਵਰਜਿਸ ਕਰਨੀ ਜ਼ਰੂਰੀ ਹੁੰਦੀ ਹੈ, ਉਸੇ ਤਰ੍ਹਾਂ ਸੰਗੀਤ ਲਈ ਰਿਆਜ਼ ਬਹੁਤ ਹੀ ਜ਼ਰੂਰੀ ਹੈ। ਰਿਆਜ਼ ਸਾਧਨਾ ਨਾਲ ਕੀਤਾ ਜਾਂਦਾ ਹੈ। ਗੁਰਬਾਣੀ ਵਿਚ 31 ਰਾਗ ਅਤੇ 29 ਮਿਸ਼ਰਤ ਰਾਗ ਹਨ। ਇਸ ਪ੍ਰਕਾਰ ਕੁਲ 60 ਰਾਗਾਂ ਵਿਚ ਗੁਰਬਾਣੀ ਹੈ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਇਨ੍ਹਾਂ ਰਾਗਾਂ ਵਿਚ 9 ਰਸ ਹੁੰਦੇ ਹਨ, ਜਿਹੜੇ ਸੰਗੀਤ ਨੂੰ ਹੋਰ ਸੁਰੀਲਾ ਬਣਾਉਂਦੇ ਹਨ। ਅਸਲ ਵਿਚ ਅਨੰਦ ਅਤੇ ਵਿਸਮਾਦੀ ਅਵਸਥਾ ਹੀ ਸੰਗੀਤ ਹੈ। ਸੁਰ, ਲੈਅ ਅਤੇ ਤਾਲ ਦੀ ਮਨਮੋਹਕ ਧੁਨੀ ਹੀ ਸੰਗੀਤ ਪੈਦਾ ਕਰਦੀ ਹੈ। ਹਰ ਦੇਸ, ਕੌਮ ਅਤੇ ਉਨ੍ਹਾਂ ਦੇ ਧਰਮਾਂ ਦਾ ਆਪੋ ਆਪਣਾ ਸੰਗੀਤ ਹੁੰਦਾ ਹੈ ਪ੍ਰੰਤੂ ਇਹ ਸੰਗੀਤ ਅਧਿਆਤਮਕ ਅਤੇ ਰੋਮਾਂਟਿਕ ਦੋ ਤਰ੍ਹਾਂ ਦਾ ਹੁੰਦਾ ਹੈ। ਪੂਰਨ ਸਿੰਘ ਪਾਂਧੀ ਕੀਰਤਨੀਆਂ ਅਤੇ ਰਾਗੀਆਂ ਦਾ ਜ਼ਿਕਰ ਕਰਦਾ ਹੋਇਆ ਕਹਿੰਦਾ ਹੈ ਕਿ ਸਾਡੇ ਬਹੁਤੇ ਕੀਰਤਨੀਆਂ ਅਤੇ ਰਾਗੀਆਂ ਨੂੰ ਰਾਗਾਂ ਬਾਰੇ ਡੂੰਘੀ ਜਾਣਕਾਰੀ ਨਹੀਂ, ਜਦੋਂ ਕਿ ਰਾਗ ਸੰਗੀਤ ਦੀ ਬੁਨਿਆਦ ਹਨ ਕਿਉਂਕਿ ਹਰ ਚੀਜ਼ ਦਾ ਕੋਈ ਵਿਧੀ ਵਿਧਾਨ ਹੁੰਦਾ ਹੈ। ਕਿਸੇ ਦੇ ਮੁਖ਼ਾਰਬਿੰਦ ਚੋਂ ਨਿਕਲੀ ਮਨਾ ਨੂੰ ਮੋਹਿਤ ਕਰਨ ਵਾਲੀ ਸੁਰੀਲੀ ਆਵਾਜ਼ ਨੂੰ ਅਲਾਪ ਕਿਹਾ ਜਾਂਦਾ ਹੈ, ਪ੍ਰੰਤੂ ਦੁਖ ਦੀ ਗੱਲ ਹੈ ਕਿ ਅੱਜ ਕੱਲ੍ਹ ਅਲਾਪ ਅਰਥਾਤ ਆਵਾਜ਼ ਨਾਲੋਂ ਸਾਜ਼ ਅੱਗੇ ਹਨ। ਅਵਾਜ਼ ਨਹੀਂ ਸੁਣਦੀ ਸਾਜ਼ ਜ਼ਿਆਦਾ ਰੌਲਾ ਪਾਉਂਦੇ ਹਨ। ਕਲਾਸੀਕਲ ਗਾਇਕੀ ਦੀਆਂ ਆਪਣੀਆਂ ਸ਼ੈਲੀਆਂ ਹਨ। ਪਾਂਧੀ ਨੇ ਆਪਣੀ ਪੁਸਤਕ ਵਿਚ ਪੁਰਾਤਨ ਚੋਟੀ ਦੇ ਗਾਇਕਾਂ ਦੀ ਸੂਚੀ ਵੀ ਦਿੱਤੀ ਹੈ। ਉਨ੍ਹਾਂ ਗਾਇਕੀ ਦੇ ਪ੍ਰਾਚੀਨ ਕਾਲ, ਮੱਧ ਕਾਲ, ਆਧੁਨਿਕ ਕਾਲ, ਭਗਤੀ ਅੰਦੋਲਨ ਅਤੇ ਭਾਰਤੀ ਸੰਗੀਤ ਦੇ ਘਰਾਣਿਆਂ ਦਾ ਵੀ ਜ਼ਿਕਰ ਕੀਤਾ ਹੈ। ਇਹ ਪੁਸਤਕ ਸੰਗੀਤ ਦੇ ਸ਼ਰਧਾਲੂਆਂ ਅਤੇ ਸੰਗੀਤਕਾਰਾਂ ਲਈ ਵੀ ਲਾਭਦਾਇਕ ਹੋ ਸਕਦੀ ਹੈ। ਪੂਰਨ ਸਿੰਘ ਪਾਂਧੀ ਨੇ ਕਚਘਰੜ ਕੀਰਤਨੀਆਂ ਅਤੇ ਰਾਗੀਆਂ ਨੂੰ ਚੇਤਾਵਨੀ ਦਿੰਦਿਆਂ ਲਿਖਿਆ ਹੈ ਕਿ ਉਹ ਗੁਰਬਾਣੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਦੀ ਥਾਂ ਤੇ ਸਾਖੀਆਂ ਦਾ ਵਧੇਰੇ ਵਿਖਿਆਨ ਕਰਦੇ ਹਨ, ਪੁਸਤਕ ਵਿਚ ਚੋਟੀ ਦੇ ਰਾਗੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਹੜੇ ਕੀਰਤਨ ਕਰਨ ਲਈ ਮਿਹਨਤਾਨਾ ਨਹੀਂ ਲੈਂਦੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਭਾਈ ਮਨਸ਼ਾ ਸਿੰਘ ਦੇ ਕੀਰਤਨ ਤੋਂ ਖ਼ੁਸ਼ ਹੋ ਕੇ ਉਸ ਨੂੰ ਜਾਗੀਰ ਦੇਣ ਲਈ ਕਿਹਾ ਤਾਂ ਭਾਈ ਮਨਸ਼ਾ ਸਿੰਘ ਨੇ ਜਾਗੀਰ ਲੈਣ ਤੋਂ ਇਨਕਾਰ ਕਰ ਦਿੱਤਾ। 1947 ਤੋਂ ਬਾਅਦ ਕੀਰਤਨੀਆਂ ਵਿਚ ਗਿਰਾਵਟ ਆ ਗਈ। ਕਲਾ ਵਿਹੁਣੇ ਲੋਕ ਇਸ ਖੇਤਰ ਵਿਚ ਸ਼ਾਮਲ ਹੋ ਗਏ ਹਨ। ਇਸ ਦਾ ਜ਼ਿੰਮੇਵਾਰ ਉਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਮੰਨਦੇ ਹਨ। ਗਿਰਾਵਟ ਦਾ ਇੱਕ ਹੋਰ ਮੁਖ ਕਾਰਨ ਸੰਤ ਬਾਬਿਆਂ ਦਾ ਠਾਠ ਬਾਠ ਨਾਲ ਸ਼ਾਮਲ ਹੋ ਜਾਣਾ ਵੀ ਮੰਨਦੇ ਹਨ। ਪਾਂਧੀ ਦੀ ਇਹ ਪੁਸਤਕ ਸੰਗੀਤ ਵਿਚ ਆ ਰਹੀ ਗਿਰਾਵਟ ਨੂੰ ਰੋਕਣ ਲਈ ਦਿੱਤੀ ਗਈ ਚੇਤਾਵਨੀ ਹੈ। ਸਾਡੀ ਨੌਜਵਾਨ ਪੀੜ੍ਹੀ ਗੁਰਬਾਣੀ ਤੋਂ ਬੇਮੁੱਖ ਹੋ ਰਹੀ ਹੈ ਜਿਸ ਕਰਕੇ ਸਾਡੇ ਸਮਾਜ ਵਿਚ ਗਿਰਾਵਟ ਆ ਗਈ ਹੈ। ਇਸ ਲਈ ਧਾਰਮਿਕ ਸਮਾਜਿਕ ਸਭਿਆਚਾਰਕ ਅਤੇ ਸਵੈਇਛਤ ਸੰਸਥਾਵਾਂ ਨੂੰ ਨੌਜਵਾਨੀ ਨੂੰ ਸਿੱਧੇ ਰਸਤੇ ਤੇ ਪਾਉਣ ਲਈ ਗੁਰਬਾਣੀ ਨਾਲ ਜੋੜਕੇ ਸੰਗੀਤ ਦਾ ਪਰੇਮ ਪੈਦਾ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਨੌਜਵਾਨਾਂ ਨੂੰ ਆਪਣੀ ਅਸੀਮ ਸ਼ਕਤੀ ਦਾ ਸਦਉਪਯੋਗ ਕਰਨ ਦੇ ਯੋਗ ਬਣਾ ਸਕੀਏ।

WRITTEN BY