ਅੱਜ ਭਾਰਤ ਹੀ ਨਹੀ ਪੂਰੇ ਸੰਸਾਰ ਦੇ ਕੋਨੇ-ਕੋਨੇ ਵਿੱਚ ਜਗਤ ਪਿਤਾਮਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 641ਵਾਂ ਜਨਮ ਦਿਵਸ ਬੜੇ ਉਤਸ਼ਾਹ ਅਤੇ ਖੁਸ਼ੀਆ ਨਾਲ ਮਨਾਇਆ ਜਾ ਰਿਹਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਸੰਮਤ 1433 ਬ੍ਰਿਕਮੀ ਮਾਘ ਦੀ ਪੁੰਨਿਆਂ ਨੂੰ ਸੀਰ ਗੋਵਰਧਨਪੁਰ, ਬਨਾਰਸ ਉਤਰ ਪ੍ਰਦੇਸ਼ ਵਿਖੇ ਸਤਿਕਾਰਯੋਗ ਮਾਤਾ ਕਲਸਾ ਦੇਵੀ ਜੀ ਦੀ ਕੁੱਖੋ,ਸਤਿਕਾਰਯੋਗ ਪਿਤਾ ਸੰਤੋਖ ਦਾਸ ਜੀ ਦੇ ਘਰ ਹੋਇਆ ।ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਰਿਵਾਰ ਵਿੱਚ ਸਤਿਕਾਰਯੋਗ ਦਾਦਾ ਕਾਲੂ ਦਾਸ ਜੀ,ਸਤਿਕਾਰਯੋਗ ਦਾਦੀ ਮਾਤਾ ਲੱਖਪਤੀ ਜੀ,ਸੁਪੱਤਨੀ ਸਤਿਕਾਰਯੋਗ ਬੀਬੀ ਲੋਨਾ ਜੀ,ਸਪੁੱਤਰ ਸਤਿਕਾਰਯੋਗ ਵਿਜੈ ਦਾਸ ਸਨ । ਸਤਿਗੁਰੂ ਰਵਿਦਾਸ ਜੀ ਉਨਾਂ ਗੁਰੂ,ਸੰਤਾਂ,ਕਵੀਆਂ,ਚਿੰਤਕਾਂ ਵਿਚਾਰਕਾਂ ਵਿੱਚੋ ਇੱਕ ਸਨ ਜਿਨਾਂ ਨੇ ਆਪਣਾ ਸਾਰਾ ਜੀਵਨ ਆਪਣੀ ਪ੍ਰਭਾਵਸ਼ਾਲੀ,ਕੋਮਲ ਅਤੇ ਨਿਰਮਲ ਬਾਣੀ ਰਾਹੀ ਉਸ ਸਮੇ ਸਮਾਜ ਵਿੱਚ ਪੈਦਾਂ ਹੋਈਆਂ ਕੁਰੀਤੀਆ,ਜਾਤ ਪਾਤ,ਛੂਤ ਛਾਤ,ਵੈਰ ਵਿਰੋਧ, ਸਮਾਜਿਕ ਅਸਮਾਨਤਾ ਅਤੇ ਮਾਨਵਤਾ ਵਿਰੋਧੀਆ ਦੇ ਖਿਲਾਫ ਆਪਣੀ ਅਵਾਜ਼ ਉਠਾਈ । ਜਦੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਸਮਾਜਿਕ ਜੀਵਨ ਦੀ ਹੋਦਂ ਸੰਭਾਲੀ ਤਾਂ ਉਨਾਂ ਅੱਗੇ ਧਾਰਮਿਕ,ਸਮਾਜਿਕ,ਆਰਥਿਕ ਔਕੜਾਂ ਦਾ ਪਹਾੜ ਖੜਾ ਸੀ ਚਾਰੇ ਪਾਸੇ ਜਾਤ ਪਾਤ,ਛੂਤ ਛਾਤ,ਵੈਰ ਵਿਰੋਧ ਨੇ ਪੈਰ ਪਸਾਰੇ ਸੀ ਲੋਕਾਂ ਨੂੰ ਮੰਦਿਰਾਂ ਵਿੱਚ ਜਾਣ,ਵਿਦਿਆ ਹਾਸਲ ਕਰਨ ਦੀ ਮਨਾਹੀ ਸੀ । ਵਿਦਿਆ ਹਾਸਲ ਕਰਨਾਂ,ਮੰਦਿਰਾਂ ਵਿੱਚ ਜਾਣ ਦਾ ਅਧਿਕਾਰ ਸਿਰਫ ਉਚ ਜਾਤੀ ਦੇ ਲੋਕਾਂ ਕੋਲ ਹੀ ਸੀ । ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣਾ ਸਮੁੱਚਾ ਜੀਵਨ ਉਨਾਂ ਦੀਨ ਦੁੱਖੀਆਂ,ਗਰੀਬ,ਨਿਰਾਸ਼,ਲਤਾੜਿਆ,ਮਾਯੂਸ ਲੋਕਾਂ ਦੀ ਸੇਵਾ ਵਿੱਚ ਲਗਾ ਦਿੱਤਾ ਜਿਨਾਂ ਨੂੰ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਪੱਖੋ ਲਤਾੜਿਆ ਗਿਆ ਸੀ । ਸਤਿਗੁਰੂ ਰਵਿਦਾਸ ਮਹਾਰਾਜ ਦੇ ਆਉਣ ਨਾਲ ਦੱਬੇ ਕੁਚਲੇ,ਪੀੜਤ ਤੇ ਪਿਛਾੜੇ ਹੋਏ ਲੋਕਾਂ ਨੂੰ ਵੀ ਰਹਿਨੁਮਾਈ ਕਰਨ ਲਈ ਯੁਗ ਪਲਟਾਊ ਸਤਿਗੁਰੂ ਮਿਲਿਆ । ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਉਪਰ ਪੀੜਾ ਸਹਿ ਕੇ ਉਸ ਸਮੇ ਲੋਕਾਂ ਨੂੰ ਧਾਰਮਿਕ ਅਤੇ ਸਮਾਜਿਕ ਬਰਾਬਰਤਾ ਲੈ ਕੇ ਦਿੱਤੀ ਅਤੇ ਆਪਣੀ ਜਵੀਨ ਨੂੰ ਸੁਧਾਰਨ ਅਤੇ ਕਰਮ-ਕਾਡਾਂ ਨੂੰ ਤਿਆਗ ਕੇ ਕੇਵਲ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਲਈ ਉਪਦੇਸ਼ ਦਿੱਤਾ।
ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਇੱਕ ਛੋਟੀ ਜਾਤੀ ਦੇ ਸਮਾਜ ਵਿੱਚ ਪੈਦਾ ਹੋ ਕੇ ਉਚ ਵਰਗ ਲਈ ਪ੍ਰੇਰਨਾਂ ਦੇ ਸਰੋਤ ਬਣੇ ਅਤੇ ਲੋਕਾਂ ਨੂੰ ਆਪਣੀ ਅਮ੍ਰਿੰਤਮਈ ਬਾਣੀ ਦੁਆਰਾ ਇਸ ਧਰਤੀ ਉਤੇ ਸਮਾਜਵਾਦੀ,ਲੋਕਤੰਤਰ ਦਾ ਸਕੰਲਪ ਪੇਸ਼ ਕੀਤਾ ਅਤੇ ਬੇਗਮਪੁਰਾ ਸ਼ਹਿਰ ਦਾ ਉਪਦੇਸ਼ ਦਿੱਤਾ । ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਭਗਤੀ ਮਾਰਗ ਬਹੁਤ ਹੀ ਸਰਲ,ਸਾਦਾ ਅਤੇ ਸਹਿਜ ਸੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਧਾਰਮਿਕ ਅਤੇ ਆਤਮਿਕ ਗਿਆਨ ਅਤੇ ਸਾਦੇ ਜੀਵਨ ਦੁਆਰਾ ਲੋਕਾਂ ਨੂੰ ਅੰਧ-ਵਿਸ਼ਵਾਸ਼, ਵਹਿਮਾਂ-ਭਰਮਾਂ, ਜੰਜੂ, ਦੀਪ, ਰੂੜੀ ਵਾਦੀ ਸੋਚ ਅਤੇ ਉਹ ਪਖੰਡੀ ਜੋ ਰੱਬ ਦੇ ਅਧਿਕਾਰਤ ਬਣੇ ਸਨ,ਅਰਚਨਾਂ ਅਤੇ ਉਚ ਨੀਚ ਤੇ ਜਾਤਾ ਪਾਤਾ ਦੀ ਦਲਦਲ ਵਿੱਚ ਫਸੇ ਭਾਰਤੀ ਲੋਕਾਂ ਨੂੰ ਜੀਵਨ ਜਿਊਣ ਦੀ ਇਨਕਲਾਬੀ ਸੇਧ ਪ੍ਰਦਾਨ ਕੀਤੀ । ਇਸ ਇਨਕਲਾਬੀ ਸੇਧ ਕਾਰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਲੱਖਾਂ ਲੋਕਾਂ ਅਤੇ 52 ਰਾਜਿਆਂ ਨੇ ਨਾਮਦਾਨ ਦੀ ਬਖਸ਼ਿਸ਼ ਲਈ ਜਿਨਾਂ ਵਿੱਚੋ ਪ੍ਰਮੁੱਖ ਸੇਵਕ ਰਾਜਾ ਨਾਗਰ ਮੱਲ,ਰਾਜਾ ਪੀਪਾ,ਰਾਜਾ ਬਹਾਦੁਰ ਸ਼ਾਹ,ਰਾਜਾ ਸਿੰਕਦਰ ਲੋਧੀ,ਰਾਜਾ ਚੰਦਰ ਹੰਸ,ਰਾਜਾ ਸਾਂਗਾ,ਪੰਡਿਤ ਸ਼ਰਧਾ ਰਾਮ,ਰਾਮ ਲਾਲ,ਰਾਜਾ ਬੈਨ,ਪੰਡਿਤ ਗੰਗਾਂ ਰਾਮ,ਰਾਜਾ ਰਾਮ ਚੰਦਰ ਪ੍ਰਤਾਪ ਸਨ ਅਤੇ ਨਾਰੀ ਜਾਤੀ ਨੂੰ ਬਰਾਬਰਤਾ ਦਿੰਦੇ ਹੋਏ ਮੀਰਾ ਮਾਈ,ਝਾਲਾ ਰਾਣੀ,ਬੀਬੀ ਭਾਨ ਮਤੀ ਨੂੰ ਨਾਮਦਾਨ ਦੀ ਬਖਸ਼ਸ ਕੀਤੀ । ਸਤਿਗੁਰੂ ਰਵਿਦਾਸ ਮਹਾਰਾਜ ਜੀ ਕਈ ਵਾਰ ਪੰਜਾਬ ਵਿੱਚ ਚੂਹੜਕਾਣਾ, ਸੁਲਤਾਨਪੁਰ ਲੋਧੀ, ਚੱਕ ਹਕੀਮ ਫਗਵਾੜਾ ਅਤੇ ਖੁਰਾਲਗੜ੍ਹ ਸਾਹਿਬ ਜਿਲ੍ਹਾ ਹੁਸ਼ਿਆਰਪੁਰ ਵਿਖੇ ਆਏ ਅਤੇ ਖੁਰਾਲਗੜ੍ਹ ਸਾਹਿਬ ਵਿਖੇ ਚਾਰ ਸਾਲ,ਦੋ ਮਹੀਨੇ,ਗਿਆਰਾ ਦਿੱਨ ਰਹੇ।
ਸਤਿਗੁਰੂ ਰਵਿਦਾਸ ਮਹਾਰਾਜ ਜਿਥੇ ਵੀ ਗਏ ਉਥੇ ਉਨਾਂ ਨੇ ਆਪਣੇ ਧਾਰਮਿਕ ਅਤੇ ਸਮਾਜਿਕ ਪਛਾਣ ਛੱਡੀ ਜੋ ਅੱਜ ਤੱਕ ਯਾਦ ਕੀਤੀ ਜਾਂਦੀ ਹੈ । ਸਤਿਗੁਰੂ ਰਵਿਦਾਸ ਮਹਾਰਾਜ ਜੀ,ਸਤਿਗੁਰੂ ਕਬੀਰ ਮਹਾਰਾਜ ਜੀ,ਸਤਿਗੁਰੂ ਨਾਨਕ ਦੇਵ ਮਹਾਰਾਜ ਜੀ,ਸਤਿਕਾਰਯੋਗ ਰਾਮਾ ਨੰਦ ਜੀ ਮਹਾਰਾਜ,ਸਤਿਗੁਰੂ ਸੈਣ ਜੀ ਮਹਾਰਾਜ,ਸਤਿਗੁਰੂ ਭੀਖਨ ਜੀ ਮਹਾਰਾਜ ਅਤੇ ਸਤਿਗੁਰੂ ਬੇਨੀ ਜੀ ਮਹਾਰਾਜ ਦੇ ਸਮਕਾਲੀ ਰਹੇ ਅਤੇ ਇਹਨਾਂ ਸੰਤਾਂ ਮਹਾਂਪੁਰਸ਼ਾ,ਗੁਰੂਆਂ ਨਾਲ ਆਪਣੀ ਧਾਰਮਿਕ ਸਾਂਝ ਬਣਾਈ ।
ਸਤਿਗੁਰੂ ਰਵਿਦਾਸ ਮਹਾਰਾਜ ਅਤੇ ਸਤਿਗੁਰੂ ਕਬੀਰ ਮਹਾਰਾਜ ਜੀ ਨੇ ਬਹੁਤ ਜਿਆਦਾ ਸਮਾਂ ਇੱਕਠੇ ਬਿਤਾਇਆ ਕਿਉਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੀ ਉਸ ਕੁਰੀਤੀਆ,ਜਾਤ-ਪਾਤ,ਛੂਤ-ਛਾਤ,ਵੈਰ-ਵਿਰੋਧ ਸਮਾਜਿਕ ਅਸਮਾਨਤਾ ਅਤੇ ਮਾਨਵ ਵਿਰੋਧੀਆ ਦੇ ਖਿਲਾਫ ਆਪਣੀ ਅਵਾਜ਼ ਬੁਲੰਦ ਕਰਦੇ ਸਨ । ਸਤਿਗੁਰੂ ਕਬੀਰ ਮਹਾਰਾਜ ਜੀ ਵੀ ਕੁਰੀਤੀਆ,ਜਾਤ ਪਾਤ,ਛੂਤ ਛਾਤ,ਵੈਰ ਵਿਰੋਧ ਸਮਾਜਿਕ ਅਸਮਾਨਤਾ ਅਤੇ ਮਾਨਵ ਵਿਰੋਧੀਆ ਦੇ ਖਿਲਾਫ ਸਨ ਦੋਨਾਂ ਦੀ ਵਿਚਧਾਰਾ ਇੱਕ ਹੋਣ ਕਰਕੇ ਕਾਫੀ ਸਮਾਂ ਇੱਕਠੇ ਬਤਾਇਆ ।
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਇੱਕ ਵਿਸ਼ਾਲ ਗਿਆਨ ਦਾ ਭੰਡਾਰ ਹੈ ਅਤੇ ਇਸ ਬਾਣੀ ਵਿੱਚੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚਾਲੀ ਸ਼ਬਦ ਅਤੇ ਇੱਕ ਸਲੋਕ ਦਰਜ਼ ਹੈ ਅਤੇ ਬਾਣੀ ਨੂੰ 16 ਰਾਗਾ ਵਿੱਚ ਦਰਜ਼ ਕੀਤਾ ਗਿਆ ਹੈ ਜੋ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਤਿਕਾਰ ਸਾਹਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ਼ ਕਰਵਾਏ । ਅੱਜ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਸੰਗਤਾ ਲਈ ਦਿਸ਼ਾ ਅਤੇ ਸੰਦੇਸ਼ ਦਾ ਕੰਮ ਕਰਦੀ ਹੈ ਅਤੇ ਅਨੇਕਾ ਲੋਕਾਂ ਲਈ ਮਾਰਗ ਦਰਸ਼ਕ ਬਣੀ ਹੈ ਉਥੇ ਇਹ ਪੂਰੇ ਸੰਸਾਰ ਦੇ ਭਾਈਚਾਰੇ ਨੂੰ ਸਾਂਝੀਵਾਲਤਾ ਦਾ ਸੁਨੇਹਾ ਦੇ ਕੇ ਅਨੰਦਮਈ ਜੀਵਨ ਜਿਊਣ ਦਾ ਮਾਰਗ ਦਰਸਾਉਦੀ ਹੈ । ਅੱਜ ਵੀ ਲੋਕ ਬੇਗਮਪੁਰ ਸ਼ਹਿਰ ਦੀ ਆਸ ਵਿੱਚ ਹਨ ਅਤੇ ਬੇਗਮਪੁਰਾ ਵਸਾਉਣ ਦੇ ਚਾਹਵਾਨ ਹਨ ਅਤੇ ਅੱਜ ਸਾਧ ਸੰਗਤ ਇੱਕ ਡੁਮਣੇ ਵਾਂਗੂ ਇੱਕਠਾ ਰਹਿਣਾ ਚਾਹੁੰਦੀ ਹੈ । ਹਿੰਦੂ ਅਤੇ ਮੁਸਲਮਾਨ ਨੂੰ ਆਪਸ ਵਿੱਚ ਦੋਸਤੀ ਅਤੇ ਪ੍ਰੇਮ ਨਾਲ ਰਹਿਣ ਦਾ ਉਪਦੇਸ਼ ਮਿਲਦਾ ਹੈ ।ਜਦੋ ਤੱਕ ਸੂਰਜ ਅਤੇ ਤਾਰੇ ਅਸਮਾਨ ਵਿੱਚ ਰਹਿਣਗੇ ਉਦੋ ਤੱਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅਮ੍ਰਿੰਤਬਾਣੀ ਅਮਰ ਰਹੇਗੀ ਅਤੇ ਮਜੂਦਾ ਸਮੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਪੂਰੇ ਭਾਰਤ ਵਿੱਚ ਅਨੇਕਾ ਧਾਰਮਿਕ ਸਥਾਨ ਹਨ ਜਿਹਨਾਂ ਵਿੱਚ ਸੀਰ ਗੋਵਰਧਨਪੁਰ,ਬਨਾਰਸ ਉਤਰ ਪ੍ਰਦੇਸ਼,ਅਲੋਰਾਂ ਹੈਦਰਾਬਾਦ ਅਤੇ ਜੂਨਾਗੜ੍ਹ ਗੁਜਰਾਤ ਹਨ ਅਤੇ ਪੰਜਾਬ ਵਿੱਚ ਸ੍ਰੀ ਖੁਰਾਲਗੜ ਸਾਹਿਬ ਜਿਲ੍ਹਾ ਹੁਸ਼ਿਆਰਪੁਰ,ਚੱਕ ਹਕੀਮ ਫਗਵਾੜਾ ਜਿਲ੍ਹਾ ਕਪੂਰਥਲਾਂ,ਡੇਰਾ ਸੰਤ ਸਵਰਨ ਦਾਸ ਜੀ ਸੱਚਖੰਡ ਬੱਲਾਂ ਜਿਲ੍ਹਾ ਜਲੰਧਰ,ਡੇਰਾ ਸੰਤ ਫੂਲ ਨਾਥ ਜੀ ਚਹੈੜੂ ਫਗਵਾੜਾ ਜਿਲ੍ਹਾ ਕਪੂਰਥਲਾਂ, ਡੇਰਾ ਸੰਤ ਹੰਸ ਰਾਜ ਜੀ ਸੱਚਖੰਡ ਪੰਡਵਾਂ ਜਿਲ੍ਹਾ ਕਪੂਰਥਲਾਂ,ਡੇਰਾ ਸੁਆਮੀ ਜਗਤ ਗਿਰੀ ਜੀ ਪਠਾਣਕੋਟ ਆਦਿ ਹਨ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਉਪਦੇਸ਼ ਘਰ ਘਰ ਤੱਕ ਪਹੁੰਚਾ ਰਹੇ ਹਨ ।
ਜਗਤ ਪਿਤਾਮਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸਮਾਜ ਨੂੰ ਦੇਣ



