Skip to content
Independent perspectives. Global stories.
BREAKING

ਉਰਦੂ ਅਤੇ ਪੰਜਾਬੀ ਪੱਤਰਕਾਰੀ ਦੇ ਭੀਸ਼ਮ ਪਿਤਾਮਾ ਸਨ ਡਾ. ਸਾਧੂ ਸਿੰਘ ਹਮਦਰਦ

Share this story

ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿਚ ਉਰਦੂ ਅਤੇ ਪੰਜਾਬੀ ਪੱਤਰਕਾਰੀ ਨੂੰ ਸ਼ੁਰੂ ਕਰਕੇ ਸਿਖ਼ਰਾਂ ਉਪਰ ਪਹੁੰਚਾਉਣ ਵਿਚ ਡਾ. ਸਾਧੂ ਸਿੰਘ ਹਮਦਰਦ ਦਾ ਨਾਮ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਲਿਖਿਆ ਜਾਵੇਗਾ। ਉਨ੍ਹਾਂ ਇਹ ਪੱਤਰਕਾਰੀ ਲਾਹੌਰ ਤੋਂ ਸ਼ੁਰੂ ਕੀਤੀ ਸੀ, ਜਿਹੜਾ ਉਰਦੂ ਭਾਸ਼ਾ ਦੇ ਵਿਕਸਤ ਕੇਂਦਰ ਵਜੋਂ ਗਿਣਿਆਂ ਜਾਂਦਾ ਸੀ ਅਤੇ ਸਾਂਝੇ ਪੰਜਾਬ ਦੀ ਰਾਜਧਾਨੀ ਸੀ। ਦੇਸ਼ ਦੀ ਆਜ਼ਾਦੀ ਦੀਆਂ ਸਰਗਰਮੀਆਂ ਦਾ ਵੀ ਮੁੱਖ ਕੇਂਦਰ ਸੀ। ਇਸ ਤੋਂ ਇਲਾਵਾ ਲਾਹੌਰ ਰਾਜਨੀਤੀ ਦਾ ਵੀ ਗੜ੍ਹ ਸੀ। ਦੇਸ਼ ਭਗਤੀ ਦੀ ਗੁੜ੍ਹਤੀ ਵੀ ਸਾਧੂ ਸਿੰਘ ਹਮਦਰਦ ਨੇ ਲਾਹੌਰ ਤੋਂ ਹੀ ਲਈ ਸੀ, ਜਿਹੜੀ ਪ੍ਰਫੁਲਤ ਹੁੰਦੀ ਹੋਈ ਆਜ਼ਾਦੀ ਦੀ ਜੰਗ ਦੀਆਂ ਲਹਿਰਾਂ ਦਾ ਹਿੱਸਾ ਬਣਦੀ ਰਹੀ। ਉਹ ਪੰਜਾਬ ਅਤੇ ਪੰਜਾਬੀਅਤ ਦੇ ਮੁੱਦਈ ਦੇ ਤੌਰ ਤੇ ਵੀ ਪ੍ਰਸਿੱਧ ਸਨ। ਲਗਨ, ਦ੍ਰਿੜ੍ਹਤਾ ਅਤੇ ਬਚਨਬੱਧਤਾ ਹਮੇਸ਼ਾ ਉਨ੍ਹਾਂ ਦੀ ਸਫਲਤਾ ਦਾ ਕਾਰਨ ਬਣਦੀ ਰਹੀ। ਉਹ ਆਪਣਾ ਭਵਿਖ ਆਪ ਬਣਾਉਣ ਵਾਲੇ ਮਹਾਨ ਪੱਤਰਕਾਰ ਸਨ, ਜਿਹਨਾਂ ਜ਼ਮੀਨੀ ਹਕੀਕਤਾਂ ਨੂੰ ਸਮਝਦਿਆਂ ਆਪਣਾ ਰਸਤਾ ਖੁਦ ਚੁਣਿਆਂ। ਸਫਲਤਾ ਉਨ੍ਹਾਂ ਦੇ ਪੈਰ ਚੁੰਮਦੀ ਰਹੀ ਭਾਵੇਂ ਉਨ੍ਹਾਂ ਨੂੰ ਬਹੁਤ ਸਾਰੀਆਂ ਕਠਨਾਈਆਂ ਦਾ ਵੀ ਸਾਹਮਣਾ ਕਰਨਾ ਪਿਆ। ਸ੍ਰ ਸਾਧੂ ਸਿੰਘ ਹਮਦਰਦ ਦਾ ਜਨਮ 1918 ਵਿੱਚ ਬੰਗਾ ਨੇੜੇ ਪਿੰਡ ਪੱਦੀ ਮਤਵਾਲਾ ਜਿਲ੍ਹਾ ਜ¦ਧਰ ਵਿਖੇ ਸੈਣੀ ਪਰਿਵਾਰ ਵਿੱਚ ਹੋਇਆ। ਅੱਜ ਕਲ ਇਹ ਪਿੰਡ ਨਵਾਂ ਸ਼ਹਿਰ ਜਿਲ੍ਹੇ ਵਿੱਚ ਪੈਂਦਾ ਹੈ। ਬਚਪਨ ਵਿਚ ਹੀ ਆਪਨੇ ਸਕੂਲ ਦੇ ਦਿਨਾ ਵਿਚ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਆਪ ਆਜ਼ਾਦੀ ਦੀ ਲੜਾਈ ਵਿਚ ਸਰਗਰਮ ਚੌਧਰੀ ਸ਼ੇਰਜੰਗ ਸਿੰਘ ਦੇ ਗਰੁਪ ਵਿਚ ਸ਼ਾਮਲ ਹੋ ਗਏ ਕਿਉਂਕਿ ਦੇਸ਼ ਭਗਤੀ ਦੀ ਜਾਗ ਆਪਨੂੰ ਸਕੂਲ ਸਮੇਂ ਤੋਂ ਹੀ ਲੱਗ ਚੁੱਕੀ ਸੀ। ਉਹਨਾ ਚੌਧਰੀ ਸ਼ੇਰਜੰਗ ਸਿੰਘ ਦੀ ਯੁਗਪਲਟਾਊ ਪਾਰਟੀ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇਹ ਪਾਰਟੀ ਦੇਸ਼ ਦੀ ਅਜ਼ਾਦੀ ਦੀ ਜਦੋਜਹਿਦ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਸੀ। ਇਸ ਦਲ ਅਰਥਾਤ ਪਾਰਟੀ ਦੀ ਸਥਾਪਨਾ ਗਿਆਨੀ ਹਰਬੰਸ ਸਿੰਘ ਸਰਹਾਲਾ ਖੁਰਦ ਜਿਲ੍ਹਾ ਹੁਸ਼ਿਆਰਪੁਰ ਨੇ 1939 ਵਿਚ ਕੀਤੀ ਸੀ। ਅੰਗਰੇਜ ਸਰਕਾਰ ਨੇ ਗਿਆਨੀ ਹਰਬੰਸ ਸਿੰਘ ਨੂੰ ਗ਼੍ਰਿਫਤਾਰ ਕਰ ਲਿਆ ਸੀ, ਇਸਦੇ ਨਾਲ ਹੀ ਇਹ ਦਲ ਦੀਆਂ ਸਰਗਰਮੀਆਂ ਬੰਦ ਹੋ ਗਈਆਂ, ਜਿਸ ਕਰਕੇ ਇਹ ਦਲ ਇਕ ਕਿਸਮ ਨਾਲ ਖ਼ਤਮ ਹੋ ਗਿਆ ਸੀ। ਅਜ਼ਾਦੀ ਦੀ ਜਦੋਜਹਿਦ ਵਿਚ ਹਿੱਸਾ ਲੈਣ ਕਰਕੇ ਆਪਦੇ ਮਨ ਵਿਚ ਦੇਸ਼ ਭਗਤੀ ਅਤੇ ਸਿਆਸੀ ਪ੍ਰਵਿਤਰੀ ਭਾਰੂ ਹੋ ਗਈ ਸੀ, ਜਿਸ ਕਰਕੇ ਇਸ ਤੋਂ ਬਾਅਦ ਡਾ. ਸਾਧੂ ਸਿੰਘ ਹਮਦਰਦ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰ ਵਿੰਗ ਦਾ ਕੰਮ ਸੰਭਾਲ ਲਿਆ। ਉਸ ਸਮੇਂ ਕਾਂਗਰਸ ਅਤੇ ਅਕਾਲੀ ਦਲ ਸਾਂਝੇ ਤੌਰ ਤੇ ਕੰਮ ਕਰ ਰਹੇ ਸਨ। ਅਕਾਲੀ ਦਲ ਰਾਜਸੀ ਪਾਰਟੀ ਬਣਿਆਂ ਨਹੀਂ ਸੀ। ਇਸ ਲਈ ਉਹ ਕਾਂਗਰਸ ਪਾਰਟੀ ਨਾਲ ਤਾਲਮੇਲ ਰਾਹੀਂ ਕੰਮ ਕਰਦਾ ਸੀ। ਇਸ ਦੇ ਨਾਲ ਹੀ ਡਾ. ਸਾਧੂ ਸਿੰਘ ਹਮਦਰਦ ਅਖ਼ਬਾਰਾਂ ਲਈ ਲੇਖ ਲਿਖਦੇ ਰਹੇ। ਆਪਦੀਆਂ ਲੇਖਣੀਆਂ ਸਿਆਸੀ ਖੇਤਰਾਂ ਵਿਚ ਚਰਚਾ ਦਾ ਵਿਸ਼ਾ ਬਣਦੀਆਂ ਰਹੀਆਂ, ਉਸ ਚਰਚਾ ਨੇ ਆਪਨੂੰ ਪੱਤਰਕਾਰੀ ਦੇ ਖੇਤਰ ਵਿਚ ਕੁੱਦਣ ਲਈ ਪ੍ਰੇਰਿਤ ਕੀਤਾ। ਆਪ ਨੇ 1944 ਵਿਚ ਸਮਰਪਤ ਭਾਵਨਾ ਨਾਲ ਪੱਤਰਕਾਰੀ ਦਾ ਕਿੱਤਾ ਅਪਣਾ ਲਿਆ। ਉਹਨਾਂ ਉਰਦੂ ਦਾ ਰੋਜਾਨਾ ਅਜੀਤ ਅਖ਼ਬਾਰ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਲਿਆ ਅਤੇ ਆਪ ਉਸ ਅਖਬਾਰ ਦੇ ਸੰਪਾਦਕ ਬਣ ਗਏ। ਅਜੀਤ ਉਰਦੂ 1957 ਤੱਕ ਪ੍ਰਕਾਸ਼ਤ ਹੁੰਦਾ ਰਿਹਾ। ਆਪਨੇ ਸਮੇਂ ਦੀ ਨਜਾਕਤ ਨੂੰ ਵੇਖਦਿਆਂ ਜਦੋਂ ਉਰਦੂ ਦੀ ਰੀਡਰਸ਼ਿਪ ਪੰਜਾਬ ਵਿਚ ਉਰਦੂ ਪੜ੍ਹਨ ਵਾਲੇ ਲੋਕਾਂ ਦੀ ਗਿਣਤੀ ਘੱਟਣ ਕਰਕੇ ਘਟ ਗਈ ਤਾਂ ਉਰਦੂ ਅਜੀਤ ਦੇ ਨਾਲ ਹੀ 1955 ਵਿਚ ਰੋਜਾਨਾ ਅਜੀਤ ਪੰਜਾਬੀ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿੱਤਾ। ਆਪ ਇਸ ਦੇ ਵੀ ਸੰਪਾਦਕ ਬਣ ਗਏ। ਪੰਜਾਬੀ ਪੱਤਰਕਾਰੀ ਨੂੰ ਆਪਨੇ ਆਪਣੀ ਲੇਖਣੀ ਅਤੇ ਸਾਹਿਤਕ ਰੂਪ ਦੇਣ ਕਰਕੇ ਨਵੀਂ ਦਿੱਖ ਪ੍ਰਦਾਨ ਕੀਤੀ। ਪੱਤਰਕਾਰੀ ਦੇ ਨਾਲ ਨਾਲ ਆਪਨੇ ੳਰੁਦੂ ਅਤੇ ਪੰਜਾਬੀ ਵਿਚ ਗ਼ਜ਼ਲਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ, ਜਿਹਨਾ ਨੇ ਸਾਹਿਤਕ ਖੇਤਰ ਵਿਚ ਆਪਦੀ ਪਛਾਣ ਬਣਾਈ ਅਤੇ ਨਵੀਂ ਚਰਚਾ ਛੇੜ ਦਿੱਤੀ। ਉਹਨਾਂ ਗ਼ਜ਼ਲ ਨਾਂ ਦੀ ਇੱੰਕ ਪੁਸਤਕ ਪ੍ਰਕਾਸ਼ਤ ਕਰਵਾਈ ਜਿਸਤੇ ਆਪ ਨੂੰ ਪੰਜਾਬ ਸਰਕਾਰ ਨੇ 1963 ਵਿੱਚ ਅਵਾਰਡ ਪ੍ਰਦਾਨ ਕੀਤਾ। ਆਪਨੇ ਨਾਵਲ ਅਤੇ ਕਹਾਣੀਆਂ ਤੇ ਵੀ ਹੱਥ ਅਜਮਾਇਆ। ਉਹਨਾਂ ਇੱਕ ਨਾਵਲ ਸਿੱਖ ਇਤਿਹਾਸ ਤੇ ਵੀ ਲਿਖਿਆ। ਉਹਨਾਂ ਆਪਣੀ ਰੂਸ ਯਾਤਰਾ ਬਾਰੇ ਇੱਕ ਪੁਸਤਕ ਅੱਖੀਂ ਡਿਠਾ ਰੂਸ ਸਫਰਨਾਮੇ ਦੇ ਰੂਪ ਵਿੱਚ ਲਿਖਿਆ। ਇਸ ਪੁਸਤਕ ਤੇ ਵੀ ਆਪ ਨੂੰ 1972 ਵਿੱਚ ਇਨਾਮ ਮਿਲਿਆ। ਆਪ 1972 ਤੋਂ 79 ਤੱਕ ਕੇਂਦਰੀ ਲੇਖਕ ਸਭਾ ਦੇ ਵੀ ਪ੍ਰਧਾਨ ਰਹੇ। ਆਪ ਉਰਦੂ ਦੀ ਬਜਮੇ ਅਦਬ ਸੰਸਥਾ ਦੇ ਫਾਊਂਡਰ ਪ੍ਰਧਾਨ ਸਨ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਆਪਜੀ ਨੂੰ 1963 ਵਿਚ ਸ਼ਰੋਮਣੀ ਪੱਤਰਕਾਰ ਅਵਾਰਡ ਦੇ ਕੇ ਸਨਮਾਨਿਆ ਸੀ। ਆਪ 1973 ਵਿਚ ਜ¦ਧਰ ਵਿਖੇ ਹੋਈ ਆਲ ਇੰਡੀਆ ਨਿਊਜਪੇਪਰਜ਼ ਐਡੀਟਰਜ਼ ਕਾਨਫਰੰਸ ਦੀ ਸਵਾਗਤੀ ਕਮੇਟੀ ਦੇ ਚੇਅਰਮੈਨ ਵੀ ਸਨ। ਡਾ. ਸਾਧੂ ਸਿੰਘ ਹਮਦਰਦ ਪੰਜਾਬੀ ਦੇ ਦੋ ਮਾਸਕ ਪੱਤਰਾਂ ਦ੍ਰਿਸ਼ਟੀ ਅਤੇ ਤਸਵੀਰ ਦੇ ਵੀ ਸੰਪਾਦਕ ਰਹੇ। ਇਸਤੋਂ ਬਾਅਦ ਆਪ ਦੇ ਪੱਤਰਕਾਰੀ ਤੇ ਸਾਹਿਤਕ ਖੇਤਰ ਵਿੱਚ ਪਾਏ ਯੋਗਦਾਨ ਕਰਕੇ ਭਾਰਤ ਸਰਕਾਰ ਨੇ ਆਪ ਨੂੰ 1984 ਵਿਚ ਪਦਮਸ੍ਰੀ ਦਾ ਅਵਾਰਡ ਦੇ ਕੇ ਸਨਮਾਨਿਆਂ ਸੀ। ਆਪ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਪੰਜਾਬੀ ਗ਼ਜ਼ਲ ਦੇ ਵਿਕਾਸ ਕਰਕੇ ਪੀ.ਐਚ.ਡੀ. ਦੀ ਡਿਗਰੀ ਪ੍ਰਦਾਨ ਕੀਤੀ ਸੀ। ਆਪ ਭਾਸ਼ਾ ਵਿਭਾਗ ਪੰਜਾਬ ਦੇ ਸਲਾਹਕਾਰ ਬੋਰਡ ਦੇ ਮੈਂਬਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਦੇ ਵੀ ਮੈਂਬਰ ਸਨ। ਆਪ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਹੋਏ ਬਲਿਊ ਸਟਾਰ ਅਪ੍ਰੇਸ਼ਨ ਕਰਕੇ ਪਦਮਸ੍ਰੀ ਦਾ ਖਿਤਾਬ ਇਸ ਅਪ੍ਰੇਸ਼ਨ ਦੇ ਵਿਰੋਧ ਵਿੱਚ ਵਾਪਸ ਕਰ ਦਿੱਤਾ ਸੀ। ਆਪ ਨੇ ਆਪਣੀ ਸਾਰੀ ਪ੍ਰਾਪਰਟੀ ਦੀ ਇੱਕ ਟਰੱਸਟ ਡਾ. ਸਾਧੂ ਸਿੰਘ ਹਮਦਰਦ ਟਰੱਸਟ ਬਣਾ ਦਿੱਤੀ ਸੀ, ਜਿਹੜੀ ਅਜੀਤ ਗਰੁਪ ਦੇ ਅਖ਼ਬਾਰ ਪ੍ਰਕਾਸ਼ਤ ਕਰ ਰਹੀ ਹੈ। ਆਪਦਾ ਸਪੁੱਤਰ ਡਾ. ਬਰਜਿੰਦਰ ਸਿੰਘ ਹਮਦਰਦ ਵੀ ਪੰਜਾਬ ਦਾ ਚੋਟੀ ਦਾ ਸੰਪਾਦਕ ਪੱਤਰਕਾਰ ਅਤੇ ਬਹੁਪੱਖੀ ਸ਼ਖ਼ਸ਼ੀਅਤ ਦਾ ਮਾਲਕ ਹੈ। ਸਾਹਿਤਕ ਗੁੜ੍ਹਤੀ ਪਰਿਵਾਰਿਕ ਵਿਰਸੇ ਵਿਚੋਂ ਮਿਲਣ ਕਰਕੇ ਡਾ. ਬਰਜਿੰਦਰ ਸਿੰਘ ਹਮਦਰਦ ਸੰਗੀਤ ਪ੍ਰੇਮੀ ਅਤੇ ਸੂਫ਼ੀਆਨਾ ਗਾਇਕ ਦੇ ਤੌਰ ਤੇ ਵੀ ਸਥਾਪਤ ਹੋ ਚੁੱਕਾ ਹਨ।
ਆਪ ਜੀ 29 ਜੁਲਾਈ 1984 ਨੂੰ ਅਕਾਲ ਚਲਾਣਾ ਕਰ ਗਏ ਸਨ।

WRITTEN BY