May 16, 2026 12:19 am

ਪਾਕਿਸਤਾਨ ਨਾਲ ਗੱਲਬਾਤ ਬਾਰੇ ਦੋਹਰੀ ਪਹੁੰਚ

ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠ ਭਾਰਤ ਸਰਕਾਰ ਵੱਲੋਂ ਲਗਾਤਾਰ ਇਹ ਪ੍ਰਚਾਰਿਆ ਜਾਂਦਾ ਰਿਹਾ ਹੈ ਕਿ ਜਦੋਂ ਤੱਕ ਪਾਕਿਸਤਾਨ ਅੱਤਵਾਦ ਨੂੰ ਸਰਪ੍ਰਸਤੀ ਦੇਣ ਤੋਂ ਤੋਬਾ ਨਹੀਂ ਕਰਦਾ, ਤਦ ਤੱਕ ਉਸ ਨਾਲ ਕੋਈ ਦਵੱਲੀ ਗੱਲਬਾਤ ਨਹੀਂ ਕੀਤੀ ਜਾਵੇਗੀ। ਭਾਰਤ ਸਰਕਾਰ ਦੇ ਇਸ ਨਜ਼ਰੀਏ ਕਾਰਨ ਦੋਵਾਂ ਦੇਸ਼ਾਂ ਦਰਮਿਆਨ ਲੰਬੇ ਸਮੇਂ ਤੋਂ ਦਵੱਲੇ ਮਾਮਲਿਆਂ ’ਤੇ ਗੱਲਬਾਤ ਰੁਕੀ ਹੋਈ ਹੈ। ਇਸ ਦੌਰਾਨ ਦੋਵੇਂ ਦੇਸ਼ਾਂ ਦੇ ਸਬੰਧਾਂ ਵਿੱਚ ਭਾਰੀ ਕੁੜੱਤਣ ਅਤੇ ਤਣਾਅ ਭਰਿਆ ਹੋਇਆ ਹੈ। ਜੰਮੂ-ਕਸ਼ਮੀਰ ਵਿੱਚ ਹਾਲਾਤ ਲਗਾਤਾਰ ਨਾਜ਼ੁਕ ਹੁੰਦੇ ਜਾ ਰਹੇ ਹਨ। ਜੰਮੂ-ਕਸ਼ਮੀਰ ਨਾਲ ਲੱਗਦੀ ਕੌਮਾਂਤਰੀ ਸਰਹੱਦ ਅਤੇ ਲਾਇਨ ਆਫ ਕੰਟਰੋਲ ’ਤੇ ਗੋਲੀਬੰਦੀ ਦੀ ਉਲੰਘਣਾ ਹੋ ਰਹੀ ਹੈ। ਦੋਵੇਂ ਪਾਸੇ ਫੌਜੀਆਂ ਦੀਆਂ ਲਾਸ਼ਾਂ ਵਿਛ ਰਹੀਆਂ ਹਨ। ਇਸ ਦੇ ਬਾਵਜੂਦ ਦੋਵੇਂ ਦੇਸ਼ ਦਵੱਲੀ ਗੱਲਬਾਤ ਨਾ ਕਰਨ ’ਤੇ ਅੜੇ ਹੋਏ ਹਨ। ਦੂਜੇ ਪਾਸੇ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਭਾਰਤ ਅਤੇ ਪਾਕਿਸਤਾਨ ਆਪਣੇ ਕੌਮੀ ਸੁਰੱਖਿਆ ਸਲਾਹਕਾਰਾਂ ਦੇ ਜ਼ਰੀਏ ਗੱਲਬਾਤ ਚਲਾ ਰਹੇ ਹਨ। ਇਕ ਰਿਪੋਰਟ ਮੁਤਾਬਿਕ ਭਾਰਤ ਅਤੇ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰਾਂ (ਐਨ.ਐਸ.ਏ.) ਸ਼੍ਰੀ ਅਜੀਤ ਡੋਭਾਲ ਅਤੇ ਜਨਾਬ ਜਾਂਜੂਆ ਦਰਮਿਆਨ ਲੰਘੀ 27 ਦਸੰਬਰ 2017 ਨੂੰ ਬੈਂਕਾਕ (ਥਾਈਲੈਂਡ) ਵਿਖੇ ਗੁਪਤ ਮੀਟਿੰਗ ਹੋਈ ਸੀ। ਇਸ ਦੀ ਜਾਣਕਾਰੀ ਪਾਕਿਸਤਾਨ ਦੇ ਇੱਕ ਸੀਨੀਅਰ ਅਫਸਰ ਨੇ ਮੀਡੀਆ ਨੂੰ ਦਿੱਤੀ। ਪਾਕਿਸਤਾਨ ਦਾ ਦਾਅਵਾ ਹੈ ਕਿ ਇਹ ਮੀਟਿੰਗ ਕਾਫੀ ‘ਹਾਂ ਪੱਖੀ’ ਰਹੀ। ਮੀਟਿੰਗ ਦੌਰਾਨ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਸ਼੍ਰੀ ਅਜੀਤ ਡੋਭਾਲ ਦਾ ਅੰਦਾਜ਼ ਕਾਫੀ ‘ਦੋਸਤਾਨਾ’ ਸੀ। ਇਸ ਤੋਂ ਪਹਿਲਾਂ 6 ਦਸੰਬਰ 2015 ਨੂੰ ਦੋਵੇਂ ਅਧਿਕਾਰੀਆਂ ਦਰਮਿਆਨ ਬੈਂਕਾਕ ਵਿਖੇ ਇਕ ਹੋਰ ਗੁਪਤ ਮੁਲਾਕਾਤ ਵੀ ਹੋਈ ਦੱਸੀ ਜਾਂਦੀ ਹੈ। ਅਜਿਹੀਆਂ ਮੀਟਿੰਗਾਂ ਭਾਰਤ ਸਰਕਾਰ ਦੀ ਵਿਦੇਸ਼ ਨੀਤੀ ਉਪਰ ਸਵਾਲੀਆ ਨਿਸ਼ਾਨ ਲਗਾ ਰਹੀਆਂ ਹਨ। ਇਕ ਪਾਸੇ ਲੋਕਾਂ ਨੂੰ ਇਹ ਝੂਠ ਬੋਲਿਆ ਜਾ ਰਿਹਾ ਹੈ ਕਿ ਪਾਕਿਸਤਾਨ ਨਾਲ ਤੱਦ ਤੱਕ ਗੱਲਬਾਤ ਨਹੀਂ ਹੋਵੇਗੀ ਜਦ ਤੱਕ ਉਹ ਅੱਤਵਾਦ ਨੂੰ ਸਰਪ੍ਰਸਤੀ ਦੇਣ ਤੋਂ ਤੋਬਾ ਨਹੀਂ ਕਰਦਾ। ਦੂਜੇ ਪਾਸੇ ਗੁਪਤ ਤਰੀਕੇ ਨਾਲ ਗੱਲਬਾਤ ਤੋਰੀ ਜਾ ਰਹੀ ਹੈ। ਇਸ ਤਰ੍ਹਾਂ ਦੀ ਦੋਹਰੀ ਪਹੁੰਚ ਸਹੀ ਨਹੀਂ ਹੈ। ਸਰਕਾਰ ਨੂੰ ਇਕ ਸਪੱਸ਼ਟ ਨੀਤੀ ਲੈ ਕੇ ਚੱਲਣਾ ਚਾਹੀਦਾ ਹੈ। ਜੇਕਰ ਕੂਟਨੀਤਿਕ ਸਬੰਧਾਂ ਨੂੰ ਅੱਗੇ ਵਧਾਉਣ ਲਈ ਗੁਪਤ ਗੱਲਬਾਤ ਦੀ ਲੋੜ ਪਵੇ ਤਾਂ ਇਸ ਦੇ ਵੇਰਵੇ ਭਾਰਤ ਸਰਕਾਰ ਨੂੰ ਖੁਦ ਜਾਰੀ ਕਰਨੇ ਚਾਹੀਦੇ ਹਨ। ਗੁਪਤ ਮੀਟਿੰਗ ਦੀ ਜਾਣਕਾਰੀ ਪਾਕਿਸਤਾਨ ਵੱਲੋਂ ਜਾਰੀ ਕਰਨਾ ਹੋਰ ਵੀ ਨਮੋਸ਼ੀਜਨਕ ਹੈ। ਭਾਰਤ ਸਰਕਾਰ ਨੂੰ ਇਸ ਮੁੱਦੇ ’ਤੇ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਚੰਗਾ ਹੋਵੇਗਾ ਜੇਕਰ ਦੋਵੇਂ ਦੇਸ਼ ਦਵੱਲੇ ਮੁੱਦਿਆਂ ’ਤੇ ਬਕਾਇਦਾ ਗੱਲਬਾਤ ਸ਼ੁਰੂ ਕਰਨ ਤਾਂ ਜੋ ਇਸ ਖੇਤਰ ਵਿੱਚ ਸ਼ਾਂਤੀ ਅਤੇ ਦੋਸਤੀ ਦਾ ਮਾਹੌਲ ਬਣਾਇਆ ਜਾ ਸਕੇ।
– ਬਲਜੀਤ ਸਿੰਘ ਬਰਾੜ

Send this to a friend